ਗਉੜੀ ਮਹਲਾ ੫ ॥
ਆਪਨ ਤਨੁ ਨਹੀ ਜਾ ਕੋ ਗਰਬਾ ॥
ਰਾਜ ਮਿਲਖ ਨਹੀ ਆਪਨ ਦਰਬਾ ॥੧॥

ਆਪਨ ਨਹੀ ਕਾ ਕਉ ਲਪਟਾਇਓ ॥
ਆਪਨ ਨਾਮੁ ਸਤਿਗੁਰ ਤੇ ਪਾਇਓ ॥੧॥ ਰਹਾਉ ॥

ਸੁਤ ਬਨਿਤਾ ਆਪਨ ਨਹੀ ਭਾਈ ॥
ਇਸਟ ਮੀਤ ਆਪ ਬਾਪੁ ਨ ਮਾਈ ॥੨॥

ਸੁਇਨਾ ਰੂਪਾ ਫੁਨਿ ਨਹੀ ਦਾਮ ॥
ਹੈਵਰ ਗੈਵਰ ਆਪਨ ਨਹੀ ਕਾਮ ॥੩॥

ਕਹੁ ਨਾਨਕ ਜੋ ਗੁਰਿ ਬਖਸਿ ਮਿਲਾਇਆ ॥
ਤਿਸ ਕਾ ਸਭੁ ਕਿਛੁ ਜਿਸ ਕਾ ਹਰਿ ਰਾਇਆ ॥੪॥੩੭॥੧੦੬॥

Sahib Singh
ਤਨੁ = ਸਰੀਰ ।
ਜਾ ਕੋ = ਜਿਸ ਦਾ ।
ਗਰਬਾ = ਅਹੰਕਾਰ ।
ਮਿਲਖ = ਜ਼ਮੀਨ ।
ਦਰਬਾ = {ਦàÒਯ} ਧਨ ।੧ ।
ਕਾ ਕਉ = ਕਿਸ ਨੂੰ ?
ਲਪਟਾਇਓ = ਚੰਬੜਿਆ ਹੋਇਆ, ਮੋਹ ਕਰ ਰਿਹਾ ।
ਤੇ = ਤੋਂ ।੧।ਰਹਾਉ ।
ਸੁਤ = ਪੁੱਤਰ ।
ਬਨਿਤਾ = ਇਸਤ੍ਰੀ ।
ਇਸਟ = ਪਿਆਰੇ ।
ਆਪ = ਆਪਣਾ ।
ਮਾਈ = ਮਾਂ ।੨ ।
ਰੂਪਾ = ਚਾਂਦੀ ।
ਫੁਨਿ = ਭੀ ।
ਦਾਮ = ਦੌਲਤ ।
ਹੈਵਰ = {ਹਯ = ਵਰ, ਹਯ ਵਰ} ਵਧੀਆ ਘੋੜੇ ।
ਗੈਵਰ = {ਗਜ = ਵਰ} ਵਧੀਆ ਹਾਥੀ ।੩ ।
ਜੋ = ਜਿਸ ਨੂੰ ।
ਗੁਰਿ = ਗੁਰੂ ਨੇ ।
ਬਖਸਿ = ਬਖ਼ਸ਼ਸ਼ ਕਰ ਕੇ ।
ਤਿਸ ਕਾ, ਜਿਸ ਕਾ = {ਲਫ਼ਜ਼ ‘ਤਿਸੁ’ ‘ਜਿਸੁ’ ਦਾ ੁ ਸੰਬੰਧਕ ‘ਕਾ’ ਦੇ ਕਾਰਨ ਉੱਡ ਗਿਆ ਹੈ} ।੪ ।
    
Sahib Singh
(ਹੇ ਭਾਈ! ਤੂੰ) ਕਿਸ ਕਿਸ ਨਾਲ ਮੋਹ ਕਰ ਰਿਹਾ ਹੈਂ ?
(ਇਹਨਾਂ ਵਿਚੋਂ ਕੋਈ ਭੀ ਸਦਾ ਲਈ) ਤੇਰਾ ਆਪਣਾ ਨਹੀਂ ਹੈ ।
(ਸਦਾ ਲਈ) ਆਪਣਾ (ਬਣੇ ਰਹਿਣ ਵਾਲਾ ਪਰਮਾਤਮਾ ਦਾ) ਨਾਮ (ਹੀ) ਹੈ (ਜੋ) ਗੁਰੂ ਪਾਸੋਂ ਮਿਲਦਾ ਹੈ! ।੧।ਰਹਾਉ ।
(ਹੇ ਭਾਈ!) ਇਹ ਸਰੀਰ ਜਿਸ ਦਾ (ਤੂੰ) ਮਾਣ ਕਰਦਾ ਹੈਂ (ਸਦਾ ਲਈ) ਆਪਣਾ ਨਹੀਂ ਹੈ ।
ਰਾਜ, ਭੁਇਂ, ਧਨ (ਇਹ ਭੀ ਸਦਾ ਲਈ) ਆਪਣੇ ਨਹੀਂ ਹਨ ।੧ ।
ਪੁੱਤਰ, ਇਸਤ੍ਰੀ, ਭਰਾ, ਪਿਆਰੇ ਮਿੱਤਰ, ਪਿਉ, ਮਾਂ (ਇਹਨਾਂ ਵਿਚੋਂ ਕੋਈ ਭੀ ਕਿਸੇ ਦਾ ਸਦਾ ਲਈ) ਆਪਣਾ ਨਹੀਂ ਹੈ ।੨ ।
(ਹੇ ਭਾਈ!) ਸੋਨਾ ਚਾਂਦੀ ਤੇ ਦੌਲਤ ਭੀ (ਸਦਾ ਲਈ ਆਪਣੇ) ਨਹੀਂ ਹਨ ।
ਵਧੀਆ ਘੋੜੇ, ਵਧੀਆ ਹਾਥੀ (ਇਹ ਭੀ ਸਦਾ ਲਈ) ਆਪਣੇ ਕੰਮ ਨਹੀਂ ਆ ਸਕਦੇ ।੩ ।
ਹੇ ਨਾਨਕ! ਆਖ—ਜਿਸ ਮਨੁੱਖ ਨੂੰ ਬਖ਼ਸ਼ਸ਼ ਕਰ ਕੇ ਗੁਰੂ ਨੇ (ਪ੍ਰਭੂ ਨਾਲ) ਮਿਲਾ ਦਿੱਤਾ ਹੈ, ਜਿਸ ਮਨੁੱਖ ਦਾ (ਸਦਾ ਦਾ ਸਾਥੀ) ਪਰਮਾਤਮਾ ਬਣ ਗਿਆ ਹੈ, ਸਭ ਕੁਝ ਉਸ ਦਾ ਆਪਣਾ ਹੈ (ਭਾਵ, ਉਸ ਨੂੰ ਸਾਰਾ ਜਗਤ ਆਪਣਾ ਦਿੱਸਦਾ ਹੈ, ਉਸ ਨੂੰ ਦੁਨੀਆ ਦੇ ਸਾਕ ਸੈਣ ਦਾ ਦੁਨੀਆ ਦੇ ਧਨ ਪਦਾਰਥ ਦਾ ਵਿਛੋੜਾ ਦੁਖੀ ਨਹੀਂ ਕਰ ਸਕਦਾ) ।੪।੩੭।੧੦੬ ।
Follow us on Twitter Facebook Tumblr Reddit Instagram Youtube