ਗਉੜੀ ਮਃ ੫ ॥
ਕਵਨ ਰੂਪੁ ਤੇਰਾ ਆਰਾਧਉ ॥
ਕਵਨ ਜੋਗ ਕਾਇਆ ਲੇ ਸਾਧਉ ॥੧॥

ਕਵਨ ਗੁਨੁ ਜੋ ਤੁਝੁ ਲੈ ਗਾਵਉ ॥
ਕਵਨ ਬੋਲ ਪਾਰਬ੍ਰਹਮ ਰੀਝਾਵਉ ॥੧॥ ਰਹਾਉ ॥

ਕਵਨ ਸੁ ਪੂਜਾ ਤੇਰੀ ਕਰਉ ॥
ਕਵਨ ਸੁ ਬਿਧਿ ਜਿਤੁ ਭਵਜਲ ਤਰਉ ॥੨॥

ਕਵਨ ਤਪੁ ਜਿਤੁ ਤਪੀਆ ਹੋਇ ॥
ਕਵਨੁ ਸੁ ਨਾਮੁ ਹਉਮੈ ਮਲੁ ਖੋਇ ॥੩॥

ਗੁਣ ਪੂਜਾ ਗਿਆਨ ਧਿਆਨ ਨਾਨਕ ਸਗਲ ਘਾਲ ॥
ਜਿਸੁ ਕਰਿ ਕਿਰਪਾ ਸਤਿਗੁਰੁ ਮਿਲੈ ਦਇਆਲ ॥੪॥

ਤਿਸ ਹੀ ਗੁਨੁ ਤਿਨ ਹੀ ਪ੍ਰਭੁ ਜਾਤਾ ॥
ਜਿਸ ਕੀ ਮਾਨਿ ਲੇਇ ਸੁਖਦਾਤਾ ॥੧॥ ਰਹਾਉ ਦੂਜਾ ॥੩੬॥੧੦੫॥

Sahib Singh
ਕਵਨ ਰੂਪੁ = ਕੇਹੜੀ ਸ਼ਕਲ ?
ਜੋਗ = ਯੋਗ ਦਾ ਸਾਧਨ ।
ਕਾਇਆ = ਸਰੀਰ ।
ਸਾਧਉ = ਸਾਧਉਂ, ਮੈਂ ਵੱਸ ਵਿਚ ਕਰਾਂ ।੧ ।
ਤੁਝੁ = ਤੈਨੂੰ ।
ਤੁਝੁ ਗਾਵਉ = ਮੈਂ ਤੇਰੀ ਸਿਫ਼ਤਿ-ਸਾਲਾਹ ਕਰਾਂ ।
ਪਾਰਬ੍ਰਹਮ = ਹੇ ਪਾਰਬ੍ਰਹਮ !
ਰੀਝਾਵਉ = ਮੈਂ (ਤੈਨੂੰ) ਪ੍ਰਸੰਨ ਕਰਾਂ ।੧।ਰਹਾਉ ।
ਬਿਧਿ = ਤਰੀਕਾ ।
ਜਿਤੁ = ਜਿਸ ਦੀ ਰਾਹੀਂ ।
ਤਰਉ = ਤਰਉਂ, ਮੈਂ ਪਾਰ ਲੰਘਾਂ ।੨ ।
ਮਲੁ = ਮੈਲ ।
ਖੋਇ = ਦੂਰ ਕਰੇ ।੩ ।
ਘਾਲ = ਮਿਹਨਤ ।
ਜਿਸੁ = ਜਿਸ (ਮਨੁੱਖ) ਨੂੰ ।
ਕਰਿ = ਕਰ ਕੇ ।੪ ।
ਤਿਸ ਹੀ = {ਲਫ਼ਜ਼ ‘ਤਿਸੁ’ ਦਾ ੁ ਕਿ੍ਰਆ ਵਿਸ਼ੇਸ਼ਣ ‘ਹੀ’ ਦੇ ਕਾਰਨ ਉੱਡ ਗਿਆ ਹੈ} ।
ਤਿਨ ਹੀ = ਤਿਨਿ ਹੀ {ਲਫ਼ਜ਼ ‘ਤਿਨਿ’ ਦੀ ਿਕਿ੍ਰਆ ਵਿਸ਼ੇਸ਼ਣ ‘ਹੀ’ ਦੇ ਕਾਰਨ ਉੱਡ ਗਈ ਹੈ} ਉਸ ਨੇ ਹੀ ।੧।ਰਹਾਉ ਦੂਜਾ ।
    
Sahib Singh
ਹੇ ਪਾਰਬ੍ਰਹਮ ਪ੍ਰਭੂ! (ਤੇਰੇ ਬੇਅੰਤ ਗੁਣ ਹਨ, ਮੈਨੂੰ ਸਮਝ ਨਹੀਂ ਆਉਂਦੀ ਕਿ) ਮੈਂ ਤੇਰਾ ਕੇਹੜਾ ਗੁਣ ਲੈ ਕੇ ਤੇਰੀ ਸਿਫ਼ਤਿ-ਸਾਲਾਹ ਕਰਾਂ, ਤੇ ਕੇਹੜੇ ਬੋਲ ਬੋਲ ਕੇ ਮੈਂ ਤੈਨੂੰ ਪ੍ਰਸੰਨ ਕਰਾਂ ।੧।ਰਹਾਉ ।
(ਹੇ ਪ੍ਰਭੂ! ਜਗਤ ਦੇ ਸਾਰੇ ਜੀਵ ਤੇਰਾ ਹੀ ਰੂਪ ਹਨ ਤੇ ਤੇਰਾ ਕੋਈ ਭੀ ਖ਼ਾਸ ਰੂਪ ਨਹੀਂ ।
ਮੈਂ ਨਹੀਂ ਜਾਣਦਾ ਕਿ) ਤੇਰਾ ਉਹ ਕੇਹੜਾ ਰੂਪ ਹੈ ਜਿਸ ਦਾ ਮੈਂ ਧਿਆਨ ਧਰਾਂ ।
(ਹੇ ਪ੍ਰਭੂ! ਮੈਨੂੰ ਸਮਝ ਨਹੀਂ ਕਿ) ਜੋਗ ਦਾ ਉਹ ਕੇਹੜਾ ਸਾਧਨ ਹੈ ਜਿਸ ਨਾਲ ਮੈਂ ਆਪਣੇ ਸਰੀਰ ਨੂੰ ਵੱਸ ਵਿਚ ਲਿਆਵਾਂ (ਤੇ ਤੈਨੂੰ ਪ੍ਰਸੰਨ ਕਰਾਂ ।
ਜੋਗ-ਸਾਧਨਾਂ ਨਾਲ ਤੈਨੂੰ ਪ੍ਰਸੰਨ ਨਹੀਂ ਕੀਤਾ ਜਾ ਸਕਦਾ) ।੧ ।
ਹੇ ਪਾਰਬ੍ਰਹਮ! ਮੈਂ ਤੇਰੀ ਕੇਹੜੀ ਪੂਜਾ ਕਰਾਂ (ਜਿਸ ਨਾਲ ਤੂੰ ਪ੍ਰਸੰਨ ਹੋ ਸਕੇਂ) ?
ਹੇ ਪ੍ਰਭੂ! ਉਹ ਕੇਹੜਾ ਤਰੀਕਾ ਹੈ ਜਿਸ ਦੀ ਰਾਹੀਂ ਮੈਂ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਵਾਂ ?
।੨ ।
ਉਹ ਕੇਹੜਾ ਤਪ-ਸਾਧਨ ਹੈ ਜਿਸ ਨਾਲ ਮਨੁੱਖ (ਕਾਮਯਾਬ) ਤਪਸ੍ਵੀ ਅਖਵਾ ਸਕਦਾ ਹੈ (ਤੇ ਮੈਨੂੰ ਖ਼ੁਸ਼ ਕਰ ਸਕਦਾ ਹੈ) ?
ਉਹ ਕੇਹੜਾ ਨਾਮ ਹੈ (ਜਿਸ ਦਾ ਜਾਪ ਕਰ ਕੇ) (ਮਨੁੱਖ ਆਪਣੇ ਅੰਦਰੋਂ) ਹਉਮੈ ਦੀ ਮੈਲ ਦੂਰ ਕਰ ਸਕਦਾ ਹੈ ?
।੩ ।
ਹੇ ਨਾਨਕ! (ਮਨੁੱਖ ਨਿਰੇ ਆਪਣੇ ਉੱਦਮ ਦੇ ਆਸਰੇ ਪ੍ਰਭੂ ਨੂੰ ਪ੍ਰਸੰਨ ਨਹੀਂ ਕਰ ਸਕਦਾ ।
ਉਸੇ ਮਨੁੱਖ ਦੇ ਗਾਏ ਹੋਏ) ਗੁਣ (ਕੀਤੀ ਹੋਈ) ਪੂਜਾ, ਗਿਆਨ ਤੇ (ਜੋੜੀ ਹੋਈ) ਸੁਰਤਿ ਆਦਿਕ ਦੀ ਸਾਰੀ ਮਿਹਨਤ (ਸਫਲ ਹੁੰਦੀ ਹੈ) ਜਿਸ ਉਤੇ ਦਿਆਲ ਹੋ ਕੇ ਕਿਰਪਾ ਕਰ ਕੇ ਗੁਰੂ ਮਿਲਦਾ ਹੈ ।੪ ।
ਉਸੇ ਦੀ ਹੀ ਕੀਤੀ ਹੋਈ ਸਿਫ਼ਤਿ-ਸਾਲਾਹ (ਪਰਵਾਨ ਹੈ) ਉਸੇ ਨੇ ਹੀ ਪ੍ਰਭੂ ਨਾਲ ਜਾਣ-ਪਛਾਣ ਪਾਈ ਹੈ (ਜਿਸ ਨੂੰ ਗੁਰੂ ਮਿਲਿਆ ਹੈ ਤੇ) ਜਿਸ ਦੀ ਅਰਦਾਸ ਸਾਰੇ ਸੁਖ ਦੇਣ ਵਾਲਾ ਪਰਮਾਤਮਾ ਮੰਨ ਲੈਂਦਾ ਹੈ ।੧।ਰਹਾਉ ਦੂਜਾ।੩੬।੧੦੫ ।
Follow us on Twitter Facebook Tumblr Reddit Instagram Youtube