ਗਉੜੀ ਮਹਲਾ ੫ ॥
ਅਗਮ ਰੂਪ ਕਾ ਮਨ ਮਹਿ ਥਾਨਾ ॥
ਗੁਰ ਪ੍ਰਸਾਦਿ ਕਿਨੈ ਵਿਰਲੈ ਜਾਨਾ ॥੧॥

ਸਹਜ ਕਥਾ ਕੇ ਅੰਮ੍ਰਿਤ ਕੁੰਟਾ ॥
ਜਿਸਹਿ ਪਰਾਪਤਿ ਤਿਸੁ ਲੈ ਭੁੰਚਾ ॥੧॥ ਰਹਾਉ ॥

ਅਨਹਤ ਬਾਣੀ ਥਾਨੁ ਨਿਰਾਲਾ ॥
ਤਾ ਕੀ ਧੁਨਿ ਮੋਹੇ ਗੋਪਾਲਾ ॥੨॥

ਤਹ ਸਹਜ ਅਖਾਰੇ ਅਨੇਕ ਅਨੰਤਾ ॥
ਪਾਰਬ੍ਰਹਮ ਕੇ ਸੰਗੀ ਸੰਤਾ ॥੩॥

ਹਰਖ ਅਨੰਤ ਸੋਗ ਨਹੀ ਬੀਆ ॥
ਸੋ ਘਰੁ ਗੁਰਿ ਨਾਨਕ ਕਉ ਦੀਆ ॥੪॥੩੫॥੧੦੪॥

Sahib Singh
ਅਗਮ = ਅਪਹੁੰਚ ।
ਪ੍ਰਸਾਦਿ = ਕਿਰਪਾ ਨਾਲ ।੧ ।
ਸਹਜ = ਆਤਮਕ ਅਡੋਲਤਾ ।
ਕਥਾ = ਸਿਫ਼ਤਿ = ਸਾਲਾਹ ।
ਕੁੰਟ = ਚਸ਼ਮੇ ।
ਭੁੰਚਾ = ਰਸ ਮਾਣਿਆ ।੧।ਰਹਾਉ ।
ਅਨਹਤ = ਇਕ = ਰਸ ।
ਧੁਨਿ = ਸੁਰ, ਆਵਾਜ਼ ।੨ ।
ਅਖਾਰੇ = ਇਕੱਠ ।੩ ।
ਹਰਖ = ਖ਼ੁਸ਼ੀ ।
ਬੀਆ = ਹੋਰ, ਦੂਜਾ ।
ਗੁਰਿ = ਗੁਰੂ ਨੇ ।੪ ।
    
Sahib Singh
ਜਿਸ ਮਨੁੱਖ ਦੇ ਭਾਗਾਂ ਵਿਚ ਪ੍ਰਾਪਤੀ ਦਾ ਲੇਖ ਲਿਖਿਆ ਹੁੰਦਾ ਹੈ ਉਹ (ਗੁਰੂ ਦੀ ਕਿਰਪਾ ਨਾਲ) ਆਤਮਕ ਅਡੋਲਤਾ ਤੇ ਸਿਫ਼ਤਿ-ਸਾਲਾਹ ਦੇ ਅੰਮਿ੍ਰਤ ਦੇ ਚਸ਼ਮਿਆਂ ਦਾ ਆਨੰਦ ਮਾਣਦਾ ਹੈ ।੧।ਰਹਾਉ ।
(ਜਿਸ ਮਨ ਵਿਚ ਸਿਫ਼ਤਿ-ਸਾਲਾਹ ਦੇ ਚਸ਼ਮੇ ਜਾਰੀ ਹੋ ਜਾਂਦੇ ਹਨ) ਉਸ ਮਨ ਵਿਚ ਅਪਹੁੰਚ ਸਰੂਪ ਵਾਲੇ ਪਰਮਾਤਮਾ ਦਾ ਨਿਵਾਸ ਹੋ ਜਾਂਦਾ ਹੈ ।
(ਪਰ) ਕਿਸੇ ਵਿਰਲੇ ਮਨੁੱਖ ਨੇ ਗੁਰੂ ਦੀ ਕਿਰਪਾ ਨਾਲ (ਇਹ ਭੇਤ) ਸਮਝਿਆ ਹੈ ।੧ ।
(ਜਿਥੇ ਸਿਫ਼ਤਿ-ਸਾਲਾਹ ਤੇ ਆਤਮਕ ਅਡੋਲਤਾ ਦੇ ਚਸ਼ਮੇ ਚੱਲ ਪੈਂਦੇ ਹਨ) ਉਹ ਹਿਰਦਾ-ਥਾਂ ਇਕ-ਰਸ ਸਿਫ਼ਤਿ-ਸਾਲਾਹ ਦੀ ਬਾਣੀ ਦੀ ਬਰਕਤਿ ਨਾਲ ਅਨੋਖਾ (ਸੁੰਦਰ) ਹੋ ਜਾਂਦਾ ਹੈ ।
ਉਸ ਦੀ ਜੁੜੀ ਸੁਰਤਿ ਉਤੇ ਪਰਮਾਤਮਾ (ਭੀ) ਮੋਹਿਆ ਜਾਂਦਾ ਹੈ ।੨ ।
(ਜਿਥੇ ਸਿਫ਼ਤਿ-ਸਾਲਾਹ ਦੇ ਚਸ਼ਮੇ ਜਾਰੀ ਹੁੰਦੇ ਹਨ) ਉਥੇ (ਉਸ ਆਤਮਕ ਅਵਸਥਾ ਵਿਚ ਟਿਕੇ ਹੋਏ) ਸੰਤ ਜਨ ਪਰਮਾਤਮਾ ਦੇ ਚਰਨਾਂ ਵਿਚ ਜੁੜ ਕੇ ਆਤਮਕ ਅਡੋਲਤਾ ਦੇ ਅਨੇਕਾਂ ਤੇ ਬੇਅੰਤ ਅਖਾੜੇ ਰਚੀ ਰੱਖਦੇ ਹਨ ।੩ ।
(ਉਸ ਅਵਸਥਾ ਵਿਚ) ਬੇਅੰਤ ਖ਼ੁਸ਼ੀ ਹੀ ਖ਼ੁਸ਼ੀ ਬਣੀ ਰਹਿੰਦੀ ਹੈ, ਕਿਸੇ ਤ੍ਰਹਾਂ ਦਾ ਕੋਈ ਹੋਰ ਚਿੰਤਾ-ਫ਼ਿਕਰ ਨਹੀਂ ਪੋਂਹਦਾ ।
(ਹੇ ਭਾਈ!) ਗੁਰੂ ਨੇ ਉਹ ਆਤਮਕ ਟਿਕਾਣਾ (ਮੈਨੂੰ) ਨਾਨਕ ਨੂੰ (ਭੀ) ਬਖ਼ਸ਼ਿਆ ਹੈ ।੪।੩੫।੧੦੪ ।
Follow us on Twitter Facebook Tumblr Reddit Instagram Youtube