ਗਉੜੀ ਮਹਲਾ ੫ ॥
ਜਾ ਕਾ ਮੀਤੁ ਸਾਜਨੁ ਹੈ ਸਮੀਆ ॥
ਤਿਸੁ ਜਨ ਕਉ ਕਹੁ ਕਾ ਕੀ ਕਮੀਆ ॥੧॥

ਜਾ ਕੀ ਪ੍ਰੀਤਿ ਗੋਬਿੰਦ ਸਿਉ ਲਾਗੀ ॥
ਦੂਖੁ ਦਰਦੁ ਭ੍ਰਮੁ ਤਾ ਕਾ ਭਾਗੀ ॥੧॥ ਰਹਾਉ ॥

ਜਾ ਕਉ ਰਸੁ ਹਰਿ ਰਸੁ ਹੈ ਆਇਓ ॥
ਸੋ ਅਨ ਰਸ ਨਾਹੀ ਲਪਟਾਇਓ ॥੨॥

ਜਾ ਕਾ ਕਹਿਆ ਦਰਗਹ ਚਲੈ ॥
ਸੋ ਕਿਸ ਕਉ ਨਦਰਿ ਲੈ ਆਵੈ ਤਲੈ ॥੩॥

ਜਾ ਕਾ ਸਭੁ ਕਿਛੁ ਤਾ ਕਾ ਹੋਇ ॥
ਨਾਨਕ ਤਾ ਕਉ ਸਦਾ ਸੁਖੁ ਹੋਇ ॥੪॥੩੩॥੧੦੨॥

Sahib Singh
ਸਮੀਆ = ਸਮਾਨ, ਵਿਆਪਕ ।
ਕਹੁ = ਦੱਸ ।
ਕਾ ਕੀ = ਕਿਸ ਚੀਜ਼ ਦੀ ?
ਕਮੀਆ = ਥੁੜ ।੧ ।
ਸਿਉ = ਨਾਲ ।੧।ਰਹਾਉ ।
ਕਉ = ਨੂੰ ।
ਅਨ = ਹੋਰ ਹੋਰ {ਅਂਯ} ।
ਲਪਟਾਇਓ = ਚੰਬੜਦਾ ।੨ ।
ਕਿਸ ਕਉ = {ਲਫ਼ਜ਼ ‘ਕਿਸੁ’ ਦਾ ੁ ਸੰਬੰਧਕ ‘ਕਉ’ ਦੇ ਕਾਰਨ ਉੱਡ ਗਿਆ ਹੈ} ਕਿਸ ਨੂੰ ?
ਤਲੈ = ਹੇਠ ।੩ ।
ਜਾ ਕਾ = ਜਿਸ (ਪਰਮਾਤਮਾ) ਦਾ ।
ਤਾ ਕਾ = ਉਸ (ਪਰਮਾਤਮਾ) ਦਾ ।੪ ।
    
Sahib Singh
(ਹੇ ਭਾਈ!) ਜਿਸ ਮਨੁੱਖ ਦਾ ਪਿਆਰ ਪਰਮਾਤਮਾ ਨਾਲ ਬਣ ਜਾਂਦਾ ਹੈ ਉਸ ਦਾ ਹਰੇਕ ਦੁੱਖ ਹਰੇਕ ਦਰਦ ਹਰੇਕ ਭਰਮ-ਵਹਿਮ ਦੂਰ ਹੋ ਜਾਂਦਾ ਹੈ ।੧।ਰਹਾਉ ।
ਜਿਸ ਮਨੁੱਖ ਦਾ (ਇਹ ਯਕੀਨ ਬਣ ਜਾਏ ਕਿ ਉਸ ਦਾ) ਸੱਜਣ-ਪ੍ਰਭੂ ਮਿੱਤਰ-ਪ੍ਰਭੂ ਹਰ ਥਾਂ ਵਿਆਪਕ ਹੈ, (ਹੇ ਭਾਈ!) ਦੱਸ, ਉਸ ਮਨੁੱਖ ਨੂੰ ਕਿਸ ਸ਼ੈ ਦੀ ਥੁੜ ਰਹਿ ਜਾਂਦੀ ਹੈ ?
।੧ ।
(ਹੇ ਭਾਈ!) ਜਿਸ ਮਨੁੱਖ ਨੂੰ ਪਰਮਾਤਮਾ ਦੇ ਨਾਮ ਦਾ ਆਨੰਦ ਆ ਜਾਂਦਾ ਹੈ, ਉਹ (ਦੁਨੀਆ ਦੇ) ਹੋਰ ਹੋਰ (ਪਦਾਰਥਾਂ ਦੇ) ਸੁਆਦਾਂ ਨਾਲ ਨਹੀਂ ਚੰਬੜਦਾ ।੨ ।
ਜਿਸ ਮਨੁੱਖ ਦਾ ਬੋਲਿਆ ਹੋਇਆ ਬੋਲ ਪਰਮਾਤਮਾ ਦੀ ਹਜ਼ੂਰੀ ਵਿਚ ਮੰਨਿਆ ਜਾਂਦਾ ਹੈ, ਉਸ ਨੂੰ ਕਿਸੇ ਹੋਰ ਦੀ ਮੁਥਾਜੀ ਨਹੀਂ ਰਹਿ ਜਾਂਦੀ ।੩ ।
ਹੇ ਨਾਨਕ! ਜਿਸ ਪਰਮਾਤਮਾ ਦਾ ਰਚਿਆ ਹੋਇਆ ਇਹ ਸਾਰਾ ਸੰਸਾਰ ਹੈ, ਉਸ ਪਰਮਾਤਮਾ ਦਾ ਸੇਵਕ ਜੇਹੜਾ ਮਨੁੱਖ ਬਣ ਜਾਂਦਾ ਹੈ ਉਸ ਨੂੰ ਸਦਾ ਆਨੰਦ ਪ੍ਰਾਪਤ ਰਹਿੰਦਾ ਹੈ ।੪।੩੩।੧੦੨ ।
Follow us on Twitter Facebook Tumblr Reddit Instagram Youtube