ਗਉੜੀ ਮਹਲਾ ੫ ॥
ਡਰਿ ਡਰਿ ਮਰਤੇ ਜਬ ਜਾਨੀਐ ਦੂਰਿ ॥
ਡਰੁ ਚੂਕਾ ਦੇਖਿਆ ਭਰਪੂਰਿ ॥੧॥

ਸਤਿਗੁਰ ਅਪੁਨੇ ਕਉ ਬਲਿਹਾਰੈ ॥
ਛੋਡਿ ਨ ਜਾਈ ਸਰਪਰ ਤਾਰੈ ॥੧॥ ਰਹਾਉ ॥

ਦੂਖੁ ਰੋਗੁ ਸੋਗੁ ਬਿਸਰੈ ਜਬ ਨਾਮੁ ॥
ਸਦਾ ਅਨੰਦੁ ਜਾ ਹਰਿ ਗੁਣ ਗਾਮੁ ॥੨॥

ਬੁਰਾ ਭਲਾ ਕੋਈ ਨ ਕਹੀਜੈ ॥
ਛੋਡਿ ਮਾਨੁ ਹਰਿ ਚਰਨ ਗਹੀਜੈ ॥੩॥

ਕਹੁ ਨਾਨਕ ਗੁਰ ਮੰਤ੍ਰੁ ਚਿਤਾਰਿ ॥
ਸੁਖੁ ਪਾਵਹਿ ਸਾਚੈ ਦਰਬਾਰਿ ॥੪॥੩੨॥੧੦੧॥

Sahib Singh
ਡਰਿ = ਡਰਿ ਕੇ, ਸਹਮ ਕੇ ।
ਮਰਤੇ = ਆਤਮਕ ਮੌਤ ਸਹੇੜਦੇ ।
ਚੂਕਾ = ਮੁੱਕ ਗਿਆ ।
ਭਰਪੂਰਿ = ਹਰ ਥਾਂ ਵਿਆਪਕ ।੧।ਬਲਿਹਾਰੈ—ਕੁਰਬਾਨ ।
ਸਰਪਰ = ਜ਼ਰੂਰ ।
ਤਾਰੈ = ਪਾਰ ਲੰਘਾਂਦਾ ਹੈ ।੧।ਰਹਾਉ ।
ਸੋਗੁ = ਫ਼ਿਕਰ ।
ਗਾਮੁ = ਗਾਉਣਾ ।੨ ।
ਨ ਕਹੀਜੈ = ਨਹੀਂ ਕਹਿਣਾ ਚਾਹੀਦਾ ।
ਗਹੀਜੈ = ਫੜਨੇ ਚਾਹੀਦੇ ਹਨ ।੩ ।
ਮੰਤ੍ਰü = ਉਪਦੇਸ਼ ।
ਚਿਤਾਰਿ = ਚੇਤੇ ਰੱਖ ।
ਦਰਬਾਰਿ = ਦਰਬਾਰ ਵਿਚ ।੪ ।
    
Sahib Singh
ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਹਾਂ, ਉਹ (ਦੁੱਖ ਰੋਗ ਸੋਗ ਆਦਿਕ ਦੇ ਸਮੁੰਦਰ ਵਿਚ ਸਾਨੂੰ ਡੁਬਦਿਆਂ ਨੂੰ) ਛੱਡ ਕੇ ਨਹੀਂ ਜਾਂਦਾ, ਉਹ (ਇਸ ਸਮੁੰਦਰ ਵਿਚੋਂ) ਜ਼ਰੂਰ ਪਾਰ ਲੰਘਾਂਦਾ ਹੈ ।੧।ਰਹਾਉ ।
ਜਿਤਨਾ ਚਿਰ ਅਸੀ ਇਹ ਸਮਝਦੇ ਹਾਂ ਕਿ ਪਰਮਾਤਮਾ ਕਿਤੇ ਦੂਰ ਵੱਸਦਾ ਹੈ, ਉਤਨਾ ਚਿਰ (ਦੁਨੀਆ ਦੇ ਦੁੱਖ ਰੋਗ ਫ਼ਿਕਰਾਂ ਤੋਂ) ਸਹਮ ਸਹਮ ਕੇ ਆਤਮਕ ਮੌਤੇ ਮਰਦੇ ਰਹਿੰਦੇ ਹਾਂ ।
ਜਦੋਂ ਉਸ ਨੂੰ (ਸਾਰੇ ਸੰਸਾਰ ਵਿਚ ਜ਼ੱਰੇ ਜ਼ੱਰੇ ਵਿਚ) ਵਿਆਪਕ ਵੇਖ ਲਿਆ, (ਉਸੇ ਵੇਲੇ ਦੁਨੀਆ ਦੇ ਦੁੱਖ ਆਦਿਕਾਂ ਦਾ) ਡਰ ਮੁੱਕ ਗਿਆ ।੧ ।
(ਹੇ ਭਾਈ! ਦੁਨੀਆ ਦਾ) ਦੁੱਖ ਰੋਗ ਫ਼ਿਕਰ (ਤਦੋਂ ਹੀ ਵਿਆਪਦਾ) ਹੈ ਜਦੋਂ ਪਰਮਾਤਮਾ ਦਾ ਨਾਮ ਭੁੱਲ ਜਾਂਦਾ ਹੈ ।
ਜਦੋਂ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਵੀਏ ਤਦੋਂ (ਮਨ ਵਿਚ) ਸਦਾ ਆਨੰਦ ਬਣਿਆ ਰਹਿੰਦਾ ਹੈ ।੨ ।
(ਹੇ ਭਾਈ!) ਨਾਹ ਕਿਸੇ ਦੀ ਨਿੰਦਾ ਕਰਨੀ ਚਾਹੀਦੀ ਹੈ ਨਾਹ ਕਿਸੇ ਦੀ ਖ਼ੁਸ਼ਾਮਦ ।
(ਦੁਨੀਆ ਦਾ) ਮਾਣ ਤਿਆਗ ਕੇ ਪਰਮਾਤਮਾ ਦੇ ਚਰਨ (ਹਿਰਦੇ ਵਿਚ) ਟਿਕਾ ਲੈਣੇ ਚਾਹੀਦੇ ਹਨ ।੩ ।
ਹੇ ਨਾਨਕ! ਆਖ—(ਹੇ ਭਾਈ!) ਗੁਰੂ ਦਾ ਉਪਦੇਸ਼ ਆਪਣੇ ਚਿੱਤ ਵਿਚ ਪ੍ਰੋ ਰੱਖ, ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਦਰਗਾਹ ਵਿਚ ਆਨੰਦ ਮਾਣੇਂਗਾ ।੪।੩੨।੧੦੧ ।
Follow us on Twitter Facebook Tumblr Reddit Instagram Youtube