ਰਾਗੁ ਗਉੜੀ ਗੁਆਰੇਰੀ ਮਹਲਾ ੫ ਚਉਪਦੇ ਦੁਪਦੇ
ੴ ਸਤਿਗੁਰ ਪ੍ਰਸਾਦਿ ॥
ਜੋ ਪਰਾਇਓ ਸੋਈ ਅਪਨਾ ॥
ਜੋ ਤਜਿ ਛੋਡਨ ਤਿਸੁ ਸਿਉ ਮਨੁ ਰਚਨਾ ॥੧॥

ਕਹਹੁ ਗੁਸਾਈ ਮਿਲੀਐ ਕੇਹ ॥
ਜੋ ਬਿਬਰਜਤ ਤਿਸ ਸਿਉ ਨੇਹ ॥੧॥ ਰਹਾਉ ॥

ਝੂਠੁ ਬਾਤ ਸਾ ਸਚੁ ਕਰਿ ਜਾਤੀ ॥
ਸਤਿ ਹੋਵਨੁ ਮਨਿ ਲਗੈ ਨ ਰਾਤੀ ॥੨॥

ਬਾਵੈ ਮਾਰਗੁ ਟੇਢਾ ਚਲਨਾ ॥
ਸੀਧਾ ਛੋਡਿ ਅਪੂਠਾ ਬੁਨਨਾ ॥੩॥

ਦੁਹਾ ਸਿਰਿਆ ਕਾ ਖਸਮੁ ਪ੍ਰਭੁ ਸੋਈ ॥
ਜਿਸੁ ਮੇਲੇ ਨਾਨਕ ਸੋ ਮੁਕਤਾ ਹੋਈ ॥੪॥੨੯॥੯੮॥

Sahib Singh
ਤਜਿ = ਤਿਆਗ ਕੇ ।
ਸਿਉ = ਨਾਲ ।੧ ।
ਕਹਹੁ = ਦੱਸੋ ।
ਕੇਹੁ = ਕਿਸ ਤ੍ਰਹਾਂ ?
ਬਿਬਰਜਤ = ਮਨਹ ।
ਨੇਹ = ਪਿਆਰ ।੧।ਰਹਾਉ ।
ਜਾਤੀ = ਜਾਣੀ ਹੈ ।
ਸਤਿ = ਸੱਚ ।
ਮਨਿ = ਮਨ ਵਿਚ ।
ਰਾਤੀ = ਰਤਾ ਭੀ ।੨ ।
ਬਾਵੈ = ਬਾਏਂ, ਖੱਬੇ ਪਾਸੇ, ਉਲਟੇ ਪਾਸੇ ।
ਮਾਰਗੁ = ਰਸਤਾ ।
ਛੋਡਿ = ਛੱਡ ਕੇ ।
ਅਪੂਠਾ = ਪੁੱਠਾ ।੩ ।
ਦੁਹਾ ਸਿਰਿਆ ਕਾ = ਦੋਹਾਂ ਪਾਸਿਆਂ ਦਾ (ਉਲਟੇ ਮਾਰਗ ਅਤੇ ਸਿੱਧੇ ਮਾਰਗ ਦਾ) ।
ਮੁਕਤਾ = ਵਿਕਾਰਾਂ ਤੋਂ ਅਜ਼ਾਦ ।੪ ।
    
Sahib Singh
(ਹੇ ਭਾਈ!) ਦੱਸੋ, ਅਸੀ ਖਸਮ-ਪ੍ਰਭੂ ਨੂੰ ਕਿਵੇਂ ਮਿਲ ਸਕਦੇ ਹਾਂ, ਜੇ ਸਾਡਾ (ਸਦਾ) ਉਸ ਮਾਇਆ ਨਾਲ ਪਿਆਰ ਹੈ, ਜਿਸ ਵਲੋਂ ਸਾਨੂੰ ਵਰਜਿਆ ਹੋਇਆ ਹੈ ?
।੧।ਰਹਾਉ ।
(ਮਾਲ-ਧਨ ਆਦਿਕ) ਜੋ (ਆਖਿ਼ਰ) ਬਿਗਾਨਾ ਹੋ ਜਾਣਾ ਹੈ, ਉਸ ਨੂੰ ਅਸੀ ਆਪਣਾ ਮੰਨੀ ਬੈਠੇ ਹਾਂ, ਸਾਡਾ ਮਨ ਉਸ (ਮਾਲ-ਧਨ) ਨਾਲ ਮਸਤ ਰਹਿੰਦਾ ਹੈ, ਜਿਸ ਨੂੰ (ਆਖਿ਼ਰ) ਛੱਡ ਜਾਣਾ ਹੈ ।੧ ।
(ਇਹ ਖਿ਼ਆਲ ਝੂਠਾ ਹੈ ਕਿ ਅਸਾਂ ਇਥੇ ਸਦਾ ਬਹਿ ਰਹਿਣਾ ਹੈ, ਪਰ ਇਹ) ਜੋ ਝੂਠੀ ਗੱਲ ਹੈ ਇਸ ਨੂੰ ਅਸਾਂ ਠੀਕ ਸਮਝਿਆ ਹੋਇਆ ਹੈ, (ਮੌਤ) ਜੋ ਜ਼ਰੂਰ ਵਾਪਰਨੀ ਹੈ ਉਹ ਸਾਡੇ ਮਨ ਵਿਚ ਰਤਾ ਭਰ ਭੀ ਨਹੀਂ ਜਚਦੀ ।੨ ।
(ਮੰਦੇ ਪਾਸੇ ਪਿਆਰ ਪਾਣ ਦੇ ਕਾਰਨ) ਅਸਾਂ ਮੰਦੇ ਪਾਸੇ ਜੀਵਨ ਰਸਤਾ ਮੱਲਿਆ ਹੋਇਆ ਹੈ, ਅਸੀ ਜੀਵਨ ਦੀ ਵਿੰਗੀ ਚਾਲ ਚੱਲ ਰਹੇ ਹਾਂ ।
ਜੀਵਨ ਦਾ ਸਿੱਧਾ ਰਾਹ ਛੱਡ ਕੇ ਅਸੀ ਜੀਵਨ-ਤਾਣੀ ਦੀ ਪੁੱਠੀ ਬੁਣਤ ਬੁਣ ਰਹੇ ਹਾਂ ।੩ ।
(ਪਰ) ਹੇ ਨਾਨਕ! (ਜੀਵਾਂ ਦੇ ਭੀ ਕੀਹ ਵੱਸ?) (ਜੀਵਨ ਦੇ ਚੰਗੇ ਤੇ ਮੰਦੇ) ਦੋਹਾਂ ਪਾਸਿਆਂ ਦਾ ਮਾਲਕ ਪਰਮਾਤਮਾ ਆਪ ਹੀ ਹੈ ।
ਜਿਸ ਮਨੁੱਖ ਨੂੰ ਪਰਮਾਤਮਾ (ਆਪਣੇ ਚਰਨਾਂ ਵਿਚ) ਜੋੜਦਾ ਹੈ, ਉਹ ਮੰਦੇ ਪਾਸੇ ਵਲੋਂ ਬਚ ਜਾਂਦਾ ਹੈ ।੪।੨੯।੯੮ ।
Follow us on Twitter Facebook Tumblr Reddit Instagram Youtube