ਗਉੜੀ ਗੁਆਰੇਰੀ ਮਹਲਾ ੫ ॥
ਬੰਧਨ ਤੋੜਿ ਬੋਲਾਵੈ ਰਾਮੁ ॥
ਮਨ ਮਹਿ ਲਾਗੈ ਸਾਚੁ ਧਿਆਨੁ ॥
ਮਿਟਹਿ ਕਲੇਸ ਸੁਖੀ ਹੋਇ ਰਹੀਐ ॥
ਐਸਾ ਦਾਤਾ ਸਤਿਗੁਰੁ ਕਹੀਐ ॥੧॥

ਸੋ ਸੁਖਦਾਤਾ ਜਿ ਨਾਮੁ ਜਪਾਵੈ ॥
ਕਰਿ ਕਿਰਪਾ ਤਿਸੁ ਸੰਗਿ ਮਿਲਾਵੈ ॥੧॥ ਰਹਾਉ ॥

ਜਿਸੁ ਹੋਇ ਦਇਆਲੁ ਤਿਸੁ ਆਪਿ ਮਿਲਾਵੈ ॥
ਸਰਬ ਨਿਧਾਨ ਗੁਰੂ ਤੇ ਪਾਵੈ ॥
ਆਪੁ ਤਿਆਗਿ ਮਿਟੈ ਆਵਣ ਜਾਣਾ ॥
ਸਾਧ ਕੈ ਸੰਗਿ ਪਾਰਬ੍ਰਹਮੁ ਪਛਾਣਾ ॥੨॥

ਜਨ ਊਪਰਿ ਪ੍ਰਭ ਭਏ ਦਇਆਲ ॥
ਜਨ ਕੀ ਟੇਕ ਏਕ ਗੋਪਾਲ ॥
ਏਕਾ ਲਿਵ ਏਕੋ ਮਨਿ ਭਾਉ ॥
ਸਰਬ ਨਿਧਾਨ ਜਨ ਕੈ ਹਰਿ ਨਾਉ ॥੩॥

ਪਾਰਬ੍ਰਹਮ ਸਿਉ ਲਾਗੀ ਪ੍ਰੀਤਿ ॥
ਨਿਰਮਲ ਕਰਣੀ ਸਾਚੀ ਰੀਤਿ ॥
ਗੁਰਿ ਪੂਰੈ ਮੇਟਿਆ ਅੰਧਿਆਰਾ ॥
ਨਾਨਕ ਕਾ ਪ੍ਰਭੁ ਅਪਰ ਅਪਾਰਾ ॥੪॥੨੪॥੯੩॥

Sahib Singh
ਬੋਲਾਵੈ ਰਾਮੁ = ਰਾਮ = ਨਾਮ ਮੂੰਹੋਂ ਕਢਾਂਦਾ ਹੈ, ਪਰਮਾਤਮਾ ਦਾ ਸਿਮਰਨ ਕਰਾਂਦਾ ਹੈ ।
ਸਾਚੁ = ਅਟੱਲ ।
ਮਿਟਹਿ = ਮਿਟ ਜਾਂਦੇ ਹਨ ।
ਰਹੀਐ = ਜੀਵੀਦਾ ਹੈ ।
ਕਹੀਐ = ਕਿਹਾ ਜਾਂਦਾ ਹੈ ।੧ ।
ਸੁਖ ਦਾਤਾ = ਆਤਮਕ ਆਨੰਦ ਦੇਣ ਵਾਲਾ ।
ਜਿ = ਜੇਹੜਾ (ਗੁਰੂ), ਕਿਉਂਕਿ ਉਹ (ਗੁਰੂ) ।
ਤਿਸੁ ਸੰਗਿ = ਉਸ (ਪਰਮਾਤਮਾ) ਦੇ ਨਾਲ ।੧।ਰਹਾਉ ।
ਨਿਧਾਨ = ਖ਼ਜ਼ਾਨੇ ।
ਤੇ = ਪਾਸੋਂ, ਤੋਂ ।
ਆਪੁ = ਆਪਾ = ਭਾਵ {ਨੋਟ:- ਲਫ਼ਜ਼ ‘ਆਪਿ’ ਅਤੇ ‘ਆਪੁ’ ਦਾ ਫ਼ਰਕ ਚੇਤੇ ਰੱਖਣ-ਜੋਗ ਹੈ} ।
ਸਾਧ ਕੈ ਸੰਗਿ = ਗੁਰੂ ਦੀ ਸੰਗਤਿ ਵਿਚ ।੨ ।
ਟੇਕ = ਆਸਰਾ ।
ਗੋਪਾਲ = ਧਰਤੀ ਦਾ ਰਾਖਾ ਪ੍ਰਭੂ ।
ਲਿਵ = ਲਗਨ ।
ਮਨਿ = ਮਨ ਵਿਚ ।
ਭਾਉ = ਪਿਆਰ ।
ਜਨ ਕੈ = ਸੇਵਕ ਦੇ ਵਾਸਤੇ, ਸੇਵਕ ਦੇ ਹਿਰਦੇ ਵਿਚ ।੩ ।
ਸਿਉ = ਨਾਲ ।
ਕਰਣੀ = ਆਚਰਨ ।
ਰੀਤਿ = ਜੀਵਨ = ਮਰਯਾਦਾ ।
ਸਾਚੀ = ਅਟੱਲ, ਅਡੋਲ, ਕਦੇ ਨਾਹ ਡੋਲਣ ਵਾਲੀ ।
ਗੁਰਿ = ਗੁਰੂ ਨੇ ।
ਅਪਰ = {ਨਾÔਿਤ ਪਰੋ ਯÔਮਾਤੱ} ਜਿਸ ਤੋਂ ਪਰੇ ਹੋਰ ਕੋਈ ਨਹੀਂ ।
ਅਪਾਰ = ਜਿਸ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ, ਬੇਅੰਤ ।੪ ।
    
Sahib Singh
(ਹੇ ਭਾਈ!) ਉਹ ਸਤਿਗੁਰੂ ਆਤਮਕ ਆਨੰਦ ਦੀ ਦਾਤਿ ਬਖ਼ਸ਼ਣ ਵਾਲਾ ਹੈ ਕਿਉਂਕਿ ਉਹ ਪਰਮਾਤਮਾ ਦਾ ਨਾਮ ਜਪਾਂਦਾ ਹੈ, ਤੇ ਮਿਹਰ ਕਰ ਕੇ ਉਸ ਪਰਮਾਤਮਾ ਦੇ ਨਾਲ ਜੋੜਦਾ ਹੈ ।੧।ਰਹਾਉ ।
(ਹੇ ਭਾਈ!) ਗੁਰੂ (ਮਨੁੱਖ ਦੇ ਮਾਇਆ ਦੇ ਮੋਹ ਦੇ) ਬੰਧਨ ਤੋੜ ਕੇ (ਉਸ ਪਾਸੋਂ) ਪਰਮਾਤਮਾ ਦਾ ਸਿਮਰਨ ਕਰਾਂਦਾ ਹੈ ।
(ਜਿਸ ਮਨੁੱਖ ਉਤੇ ਗੁਰੂ ਮਿਹਰ ਕਰਦਾ ਹੈ ਉਸ ਦੇ) ਮਨ ਵਿਚ (ਪ੍ਰਭੂ-ਚਰਨਾਂ ਦੀ) ਅਟੱਲ ਸੁਰਤਿ ਬੱਝ ਜਾਂਦੀ ਹੈ ।
(ਹੇ ਭਾਈ! ਗੁਰੂ ਦੀ ਸਰਨ ਪਿਆਂ ਮਨ ਦੇ ਸਾਰੇ) ਕਲੇਸ਼ ਮਿਟ ਜਾਂਦੇ ਹਨ, ਸੁਖੀ ਜੀਵਨ ਵਾਲਾ ਹੋ ਜਾਈਦਾ ਹੈ ।
ਸੋ, ਗੁਰੂ ਇਹੋ ਜਿਹਾ ਉੱਚੀ ਦਾਤਿ ਬਖ਼ਸ਼ਣ ਵਾਲਾ ਕਿਹਾ ਜਾਂਦਾ ਹੈ ।੧ ।
(ਪਰ) ਪਰਮਾਤਮਾ ਜਿਸ ਮਨੁੱਖ ਉਤੇ ਦਇਆਵਾਨ ਹੋਵੇ ਉਸ ਨੂੰ ਆਪ (ਹੀ) ਗੁਰੂ ਮਿਲਾਂਦਾ ਹੈ, ਉਹ ਮਨੁੱਖ (ਫਿਰ) ਗੁਰੂ ਪਾਸੋਂ (ਆਤਮਕ ਜੀਵਨ ਦੇ) ਸਾਰੇ ਖ਼ਜ਼ਾਨੇ ਹਾਸਲ ਕਰ ਲੈਂਦਾ ਹੈ ।
ਉਹ (ਗੁਰੂ ਦੀ ਸਰਨ ਪੈ ਕੇ) ਆਪਾ-ਭਾਵ ਤਿਆਗ ਦੇਂਦਾ ਹੈ, ਤੇ ਉਸ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ ।
ਗੁਰੂ ਦੀ ਸੰਗਤਿ ਵਿਚ (ਰਹਿ ਕੇ) ਉਹ ਮਨੁੱਖ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲੈਂਦਾ ਹੈ ।੨ ।
(ਹੇ ਭਾਈ! ਗੁਰ-ਸਰਨ ਦੀ ਬਰਕਤਿ ਨਾਲ) ਪ੍ਰਭੂ ਜੀ ਸੇਵਕ ਉੱਤੇ ਦਇਆਵਾਨ ਹੋ ਜਾਂਦੇ ਹਨ, ਇਕ ਗੋਪਾਲ-ਪ੍ਰਭੂ ਹੀ ਸੇਵਕ ਦੀ ਜ਼ਿੰਦਗੀ ਦਾ ਆਸਰਾ ਬਣ ਜਾਂਦਾ ਹੈ ।
(ਗੁਰੂ ਦੀ ਸਰਨ ਆਏ ਮਨੁੱਖ ਨੂੰ) ਇਕ ਪਰਮਾਤਮਾਦੀ ਹੀ ਲਗਨ ਲੱਗ ਜਾਂਦੀ ਹੈ, ਉਸ ਦੇ ਮਨ ਵਿਚ ਇਕ ਪਰਮਾਤਮਾ ਦਾ ਹੀ ਪਿਆਰ (ਟਿਕ ਜਾਂਦਾ ਹੈ) ।
ਸੇਵਕ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਹੀ (ਦੁਨੀਆ ਦੇ) ਸਾਰੇ ਖ਼ਜ਼ਾਨੇ ਬਣ ਜਾਂਦਾ ਹੈ ।੩ ।
(ਪਰਮਾਤਮਾ ਦੀ ਮਿਹਰ ਨਾਲ) ਪੂਰੇ ਗੁਰੂ ਨੇ (ਜਿਸ ਮਨੁੱਖ ਦੇ ਅੰਦਰੋਂ ਮਾਇਆ ਦੇ ਮੋਹ ਦਾ) ਹਨੇਰਾ ਦੂਰ ਕਰ ਦਿੱਤਾ, ਉਸ ਦੀ ਪ੍ਰੀਤਿ ਪਰਮਾਤਮਾ ਨਾਲ ਪੱਕੀ ਬਣ ਜਾਂਦੀ ਹੈ, ਉਸ ਦਾ ਜੀਵਨ ਪਵਿਤ੍ਰ ਹੋ ਜਾਂਦਾ ਹੈ, ਉਸ ਦੀ ਜੀਵਨ-ਮਰਯਾਦਾ (ਵਿਕਾਰਾਂ ਦੇ ਹੱਲਿਆਂ ਵਲੋਂ) ਅਡੋਲ ਹੋ ਜਾਂਦੀ ਹੈ ।
(ਹੇ ਭਾਈ! ਇਹ ਸਾਰੀ ਮਿਹਰ ਪਰਮਾਤਮਾ ਦੀ ਹੀ ਹੈ) ਨਾਨਕ ਦਾ ਪ੍ਰਭੂ ਪਰੇ ਤੋਂ ਪਰੇ ਹੈ ਤੇ ਬੇਅੰਤ ਹੈ ।੪।੨੪।੯੩ ।
Follow us on Twitter Facebook Tumblr Reddit Instagram Youtube