ਗਉੜੀ ਗੁਆਰੇਰੀ ਮਹਲਾ ੫ ॥
ਬਹੁਤੁ ਦਰਬੁ ਕਰਿ ਮਨੁ ਨ ਅਘਾਨਾ ॥
ਅਨਿਕ ਰੂਪ ਦੇਖਿ ਨਹ ਪਤੀਆਨਾ ॥
ਪੁਤ੍ਰ ਕਲਤ੍ਰ ਉਰਝਿਓ ਜਾਨਿ ਮੇਰੀ ॥
ਓਹ ਬਿਨਸੈ ਓਇ ਭਸਮੈ ਢੇਰੀ ॥੧॥

ਬਿਨੁ ਹਰਿ ਭਜਨ ਦੇਖਉ ਬਿਲਲਾਤੇ ॥
ਧ੍ਰਿਗੁ ਤਨੁ ਧ੍ਰਿਗੁ ਧਨੁ ਮਾਇਆ ਸੰਗਿ ਰਾਤੇ ॥੧॥ ਰਹਾਉ ॥

ਜਿਉ ਬਿਗਾਰੀ ਕੈ ਸਿਰਿ ਦੀਜਹਿ ਦਾਮ ॥
ਓਇ ਖਸਮੈ ਕੈ ਗ੍ਰਿਹਿ ਉਨ ਦੂਖ ਸਹਾਮ ॥
ਜਿਉ ਸੁਪਨੈ ਹੋਇ ਬੈਸਤ ਰਾਜਾ ॥
ਨੇਤ੍ਰ ਪਸਾਰੈ ਤਾ ਨਿਰਾਰਥ ਕਾਜਾ ॥੨॥

ਜਿਉ ਰਾਖਾ ਖੇਤ ਊਪਰਿ ਪਰਾਏ ॥
ਖੇਤੁ ਖਸਮ ਕਾ ਰਾਖਾ ਉਠਿ ਜਾਏ ॥
ਉਸੁ ਖੇਤ ਕਾਰਣਿ ਰਾਖਾ ਕੜੈ ॥
ਤਿਸ ਕੈ ਪਾਲੈ ਕਛੂ ਨ ਪੜੈ ॥੩॥

ਜਿਸ ਕਾ ਰਾਜੁ ਤਿਸੈ ਕਾ ਸੁਪਨਾ ॥
ਜਿਨਿ ਮਾਇਆ ਦੀਨੀ ਤਿਨਿ ਲਾਈ ਤ੍ਰਿਸਨਾ ॥
ਆਪਿ ਬਿਨਾਹੇ ਆਪਿ ਕਰੇ ਰਾਸਿ ॥
ਨਾਨਕ ਪ੍ਰਭ ਆਗੈ ਅਰਦਾਸਿ ॥੪॥੧੧॥੮੦॥

Sahib Singh
ਦਰਬੁ = {ਦàÒਯ} ਧਨ ।
ਕਰਿ = (ਇਕੱਠਾ) ਕਰ ਕੇ ।
ਅਘਾਨਾ = ਰੱਜਦਾ {ਆਘ੍ਰਾਣ} ।
ਦੇਖਿ = ਵੇਖ ਕੇ ।
ਪਤੀਆਨਾ = ਪਤੀਜਦਾ ।
ਕਲਤ੍ਰ = ਇਸਤ੍ਰੀ ।
ਜਾਨਿ = ਸਮਝ ਕੇ ।
ਓਹ = ਉਹ ਸੁੰਦਰਤਾ ।
ਓਇ = (ਲਫ਼ਜ਼ ‘ਓਹ’ ਤੋਂ ਬਹੁ-ਵਚਨ) ਉਹ ਇਸਤ੍ਰੀ ਪੁਤ੍ਰ ।੧ ।
ਦੇਖਉ = ਦੇਖਉਂ, ਮੈਂ ਵੇਖਦਾ ਹਾਂ ।
ਬਿਲਲਾਤੇ = ਵਿਲਕਦੇ ।
ਧਿ੍ਰਗੁ = ਫਿਟਕਾਰ = ਜੋਗ ।
ਸੰਗਿ = ਨਾਲ ।੧।ਰਹਾਉ ।
ਸਿਰਿ = ਸਿਰ ਉਤੇ ।
ਦੀਜਹਿ = ਧਰੇ ਹੋਏ ਹੋਣ ।
ਦਾਮ = ਪੈਸੇ ਰੁਪਏ ।
ਗਿ੍ਰਹਿ = ਘਰ ਵਿਚ ।
ਉਨਿ = ਉਸ ਵਿਗਾਰੀ ਨੇ ।
ਪਸਾਰੈ = ਖੋਲ੍ਹਦਾ ਹੈ ।
ਨਿਰਾਰਥ = ਵਿਅਰਥ ।੨ ।
ਉਠਿ = ਉਠ ਕੇ ।
ਕਾਰਣਿ = ਵਾਸਤੇ ।
ਕੜੈ = ਦੁਖੀ ਹੁੰਦਾ ਹੈ ।
ਪਾਲੈ = ਪੱਲੇ ।੩ ।
ਜਿਸ ਕਾ = (ਲਫ਼ਜ਼ ‘ਜਿਸੁ’ ਦਾ ੁ ਸੰਬੰਧਕ ‘ਕਾ’ ਦੇ ਕਾਰਨ ਉੱਡ ਗਿਆ ਹੈ) ਜਿਸ (ਪਰਮਾਤਮਾ) ਦਾ ।
ਜਿਨਿ = ਜਿਸ (ਪ੍ਰਭੂ) ਨੇ ।
ਤਿਨਿ = ਉਸ ਨੇ ।
ਬਿਨਾਹੇ = ਨਾਸ ਕਰਦਾ ਹੈ, ਆਤਮਕ ਮੌਤ ਦੇਂਦਾ ਹੈ ।
ਕਰੇ ਰਾਸਿ = (ਜੀਵਨ = ਮਨੋਰਥ) ਸਫਲ ਕਰਦਾ ਹੈ ।੪ ।
    
Sahib Singh
ਮੈਂ ਵੇਖਦਾ ਹਾਂ ਕਿ ਪਰਮਾਤਮਾ ਦਾ ਭਜਨ ਕਰਨ ਤੋਂ ਬਿਨਾ ਜੀਵ ਵਿਲਕਦੇ ਹਨ ।
ਜੇਹੜੇ ਮਨੁੱਖ ਮਾਇਆ ਦੇ ਮੋਹ ਵਿਚ ਮਸਤ ਰਹਿੰਦੇ ਹਨ ਉਹਨਾਂ ਦਾ ਸਰੀਰ ਫਿਟਕਾਰ-ਜੋਗ ਹੈ ਉਹਨਾਂ ਦਾ ਧਨ ਫਿਟਕਾਰ-ਜੋਗ ਹੈ ।੧।ਰਹਾਉ ।
ਬਹੁਤਾ ਧਨ ਜੋੜ ਕੇ (ਭੀ) ਮਨ ਰੱਜਦਾ ਨਹੀਂ, ਅਨੇਕਾਂ (ਸੁੰਦਰ ਇਸਤ੍ਰੀਆਂ ਦੇ) ਰੂਪ ਵੇਖ ਕੇ ਭੀ ਮਨ ਦੀ ਤਸੱਲੀ ਨਹੀਂ ਹੁੰਦੀ ।
ਮਨੁੱਖ, ਇਹ ਸਮਝ ਕੇ ਕਿ ਇਹ ਮੇਰੀ ਇਸਤ੍ਰੀ ਹੈ ਇਹ ਮੇਰਾ ਪੁਤ੍ਰ ਹੈ, ਮਾਇਆ ਦੇ ਮੋਹ ਵਿਚ ਫਸਿਆ ਰਹਿੰਦਾ ਹੈ ।
(ਇਸਤ੍ਰੀਆਂ ਦੀ) ਸੁੰਦਰਤਾ ਨਾਸ ਹੋ ਜਾਂਦੀ ਹੈ, (ਉਹ ਆਪਣੇ ਮਿਥੇ ਹੋਏ) ਇਸਤ੍ਰੀ ਪੁੱਤਰ ਸੁਆਹ ਦੀ ਢੇਰੀ ਹੋ ਜਾਂਦੇ ਹਨ (ਕਿਸੇ ਨਾਲ ਭੀ ਸਾਥ ਨਹੀਂ ਨਿਭਦਾ) ।੧ ।
ਜਿਵੇਂ ਕਿਸੇ ਵਿਗਾਰੀ ਦੇ ਸਿਰ ਉਤੇ ਪੈਸੇ-ਰੁਪਏ ਰੱਖੇ ਜਾਣ, ਉਹ ਪੈਸੇ-ਰੁਪਏ ਮਾਲਕ ਦੇ ਘਰ ਵਿਚ ਜਾ ਪਹੁੰਚਦੇ ਹਨ, ਉਸ ਵਿਗਾਰੀ ਨੇ (ਭਾਰ ਚੁੱਕਣ ਦਾ) ਦੁੱਖ ਹੀ ਸਹਾਰਿਆ ਹੁੰਦਾ ਹੈ ।
ਜਿਵੇਂ ਕੋਈ ਮਨੁੱਖ ਸੁਪਨੇ ਵਿਚ ਰਾਜਾ ਬਣ ਕੇ ਬੈਠ ਜਾਂਦਾ ਹੈ, (ਪਰ ਜਦੋਂ ਨੀਂਦ ਮੁੱਕ ਜਾਣ ਤੇ) ਅੱਖਾਂ ਖੋਲ੍ਹਦਾ ਹੈ, ਤਾਂ (ਸੁਪਨੇ ਵਿਚ ਮਿਲੇ ਰਾਜ ਦਾ ਸਾਰਾ) ਕੰਮ ਚੌੜ ਹੋ ਜਾਂਦਾ ਹੈ ।੨ ।
ਜਿਵੇਂ ਕੋਈ ਰਾਖਾ ਕਿਸੇ ਹੋਰ ਦੇ ਖੇਤ ਉਤੇ (ਰਾਖੀ ਕਰਦਾ ਹੈ), (ਫ਼ਸਲ ਪੱਕਣ ਤੇ) ਫ਼ਸਲ ਮਾਲਕ ਦੀ ਮਲਕੀਅਤ ਹੋ ਜਾਂਦਾ ਹੈ ਤੇ ਰਾਖਾ ਉੱਠ ਕੇ ਚਲਾ ਜਾਂਦਾ ਹੈ ।
ਰਾਖਾ ਉਸ (ਪਰਾਏ) ਖੇਤ ਦੀ (ਰਾਖੀ ਦੀ) ਖ਼ਾਤਰ ਦੁਖੀ ਹੁੰਦਾ ਰਹਿੰਦਾ ਹੈ, ਪਰ ਉਸ ਨੂੰ (ਆਖ਼ਰ) ਕੁਝ ਭੀ ਨਹੀਂ ਮਿਲਦਾ ।੩।(ਪਰ ਜੀਵ ਦੇ ਕੀਹ ਵੱਸ ?
ਸੁਪਨੇ ਵਿਚ) ਜਿਸ ਪ੍ਰਭੂ ਦਾ (ਦਿੱਤਾ ਹੋਇਆ) ਰਾਜ ਮਿਲਦਾ ਹੈ, ਉਸੇ ਦਾ ਹੀ ਦਿੱਤਾ ਹੋਇਆ ਸੁਪਨਾ ਭੀ ਹੁੰਦਾ ਹੈ ।
ਜਿਸ ਪ੍ਰਭੂ ਨੇ ਮਨੁੱਖ ਨੂੰ ਮਾਇਆ ਦਿੱਤੀ ਹੈ, ਉਸੇ ਨੇ ਹੀ ਮਾਇਆ ਦੀ ਤ੍ਰਿਸ਼ਨਾ ਚੰਬੋੜੀ ਹੋਈ ਹੈ ।
ਹੇ ਨਾਨਕ! ਪ੍ਰਭੂ ਆਪ ਹੀ (ਤ੍ਰਿਸ਼ਨਾ ਚੰਬੋੜ ਕੇ) ਆਤਮਕ ਮੌਤ ਦੇਂਦਾ ਹੈ, ਆਪ ਹੀ (ਆਪਣੇ ਨਾਮ ਦੀ ਦਾਤਿ ਦੇ ਕੇ) ਮਨੁੱਖਾ ਜੀਵਨ ਦਾ ਮਨੋਰਥ ਸਫਲ ਕਰਦਾ ਹੈ ।
ਪ੍ਰਭੂ ਦੇ ਦਰ ਤੇ ਹੀ (ਸਦਾ ਨਾਮ ਦੀ ਦਾਤਿ ਵਾਸਤੇ) ਅਰਦਾਸ ਕਰਨੀ ਚਾਹੀਦੀ ਹੈ ।੪।੧੧।੮੦ ।
Follow us on Twitter Facebook Tumblr Reddit Instagram Youtube