ਗਉੜੀ ਗੁਆਰੇਰੀ ਮਹਲਾ ੫ ॥
ਅਨਿਕ ਜਤਨ ਨਹੀ ਹੋਤ ਛੁਟਾਰਾ ॥
ਬਹੁਤੁ ਸਿਆਣਪ ਆਗਲ ਭਾਰਾ ॥
ਹਰਿ ਕੀ ਸੇਵਾ ਨਿਰਮਲ ਹੇਤ ॥
ਪ੍ਰਭ ਕੀ ਦਰਗਹ ਸੋਭਾ ਸੇਤ ॥੧॥

ਮਨ ਮੇਰੇ ਗਹੁ ਹਰਿ ਨਾਮ ਕਾ ਓਲਾ ॥
ਤੁਝੈ ਨ ਲਾਗੈ ਤਾਤਾ ਝੋਲਾ ॥੧॥ ਰਹਾਉ ॥

ਜਿਉ ਬੋਹਿਥੁ ਭੈ ਸਾਗਰ ਮਾਹਿ ॥
ਅੰਧਕਾਰ ਦੀਪਕ ਦੀਪਾਹਿ ॥
ਅਗਨਿ ਸੀਤ ਕਾ ਲਾਹਸਿ ਦੂਖ ॥
ਨਾਮੁ ਜਪਤ ਮਨਿ ਹੋਵਤ ਸੂਖ ॥੨॥

ਉਤਰਿ ਜਾਇ ਤੇਰੇ ਮਨ ਕੀ ਪਿਆਸ ॥
ਪੂਰਨ ਹੋਵੈ ਸਗਲੀ ਆਸ ॥
ਡੋਲੈ ਨਾਹੀ ਤੁਮਰਾ ਚੀਤੁ ॥
ਅੰਮ੍ਰਿਤ ਨਾਮੁ ਜਪਿ ਗੁਰਮੁਖਿ ਮੀਤ ॥੩॥

ਨਾਮੁ ਅਉਖਧੁ ਸੋਈ ਜਨੁ ਪਾਵੈ ॥
ਕਰਿ ਕਿਰਪਾ ਜਿਸੁ ਆਪਿ ਦਿਵਾਵੈ ॥
ਹਰਿ ਹਰਿ ਨਾਮੁ ਜਾ ਕੈ ਹਿਰਦੈ ਵਸੈ ॥
ਦੂਖੁ ਦਰਦੁ ਤਿਹ ਨਾਨਕ ਨਸੈ ॥੪॥੧੦॥੭੯॥

Sahib Singh
ਛੁਟਾਰਾ = ਖ਼ਲਾਸੀ ।
ਆਗਲ = ਬਹੁਤਾ ।
ਹੇਤ = ਹਿਤ, ਪਿਆਰ ।
ਸੇਤ = ਸੇਤੀ, ਨਾਲ ।੧ ।
ਗਹੁ = ਫੜ ।
ਓਲਾ = ਆਸਰਾ ।
ਤਾਤਾ = ਤੱਤਾ ।
ਝੋਲਾ = (ਹਵਾ ਦਾ) ਬੁੱਲਾ ।੧।ਰਹਾਉ ।
ਬੋਹਿਥੁ = ਜਹਾਜ਼ ।
ਭੈ ਸਾਗਰ = ਡਰਾਵਣਾ ਸਮੁੰਦਰ ।
ਦੀਪਕ = ਦੀਵੇ ।
ਦੀਪਾਹਿ = ਜਗਦੇ ਹਨ ।
ਸੀਤ = ਠੰਡ ।
ਲਾਹਸਿ = ਲਾਹ ਦੇਂਦੀ ਹੈ ।
ਮਨਿ = ਮਨ ਵਿਚ ।੨ ।
ਸਗਲੀ = ਸਾਰੀ ।
ਅੰਮਿ੍ਰਤ = ਆਤਮਕ ਜੀਵਨ ਦੇਣ ਵਾਲਾ ।
ਗੁਰਮੁਖਿ = ਗੁਰੂ ਦੀ ਸਰਨ ਪੈ ਕੇ ।
ਮੀਤ = ਹੇ ਮਿੱਤਰ !
    ।੩ ।
ਅਉਖਧੁ = ਦਵਾਈ ।
ਕਰਿ = ਕਰ ਕੇ ।
ਤਿਹ = ਉਸ (ਮਨੁੱਖ) ਦਾ ।੪ ।
    
Sahib Singh
ਹੇ ਮੇਰੇ ਮਨ! ਪਰਮਾਤਮਾ ਦੇ ਨਾਮ ਦਾ ਆਸਰਾ ਫੜ, ਤੈਨੂੰ (ਦੁਨੀਆ ਦੇ ਦੁਖ ਕਲੇਸ਼ਾਂ ਦੀ) ਤੱਤੀ ਹਵਾ ਦਾ ਬੁੱਲਾ ਪੋਹ ਨਹੀਂ ਸਕੇਗਾ ।੧।ਰਹਾਉ ।
(ਹੇ ਮਨ!) ਅਨੇਕਾਂ ਜਤਨਾਂ ਦੀ ਰਾਹੀਂ ਭੀ (ਮਾਇਆ ਦੇ ਮੋਹ ਦੇ ਕਾਰਨ ਪੈਦਾ ਹੋਏ ਦੁਖ ਕਲੇਸ਼ਾਂ ਤੋਂ) ਖ਼ਲਾਸੀ ਨਹੀਂ ਹੋ ਸਕਦੀ, (ਸਗੋਂ ਮਾਇਆ ਦੀ ਖ਼ਾਤਰ ਕੀਤੀ ਹੋਈ) ਬਹੁਤੀ ਚਤੁਰਾਈ (ਹੋਰ ਹੋਰ ਦੁੱਖਾਂ ਦਾ) ਬਹੁਤਾ ਭਾਰ (ਸਿਰ ਉਤੇ ਪਾ ਦੇਂਦੀ ਹੈ) ।
ਜੇ ਪਵਿਤ੍ਰ ਪਿਆਰ ਨਾਲ ਹਰੀ ਦੀ ਸੇਵਾ-ਭਗਤੀ ਕਰੀਏ, ਤਾਂ ਹਰੀ ਦੀ ਦਰਗਾਹ ਵਿਚ ਆਦਰ-ਵਡਿਆਈ ਨਾਲ ਪਹੁੰਚੀਦਾ ਹੈ ।੧ ।
(ਹੇ ਭਾਈ!) ਜਿਵੇਂ ਡਰਾਵਣੇ ਸਮੁੰਦਰ ਵਿਚ ਜਹਾਜ਼ (ਮਨੁੱਖ ਨੂੰ ਡੁੱਬਣੋਂ ਬਚਾਂਦਾ ਹੈ, ਜਿਵੇਂ ਹਨੇਰੇ ਵਿਚ ਦੀਵੇ ਚਾਨਣ ਕਰਦੇ ਹਨ (ਤੇ ਠੇਡਾ ਖਾਣ ਤੋਂ ਬਚਾਂਦੇ ਹਨ), ਜਿਵੇਂ, ਅੱਗ ਪਾਲੇ ਦਾ ਦੁੱਖ ਦੂਰ ਕਰ ਦੇਂਦੀ ਹੈ, ਤਿਵੇਂ ਪਰਮਾਤਮਾ ਦਾ ਨਾਮ ਸਿਮਰਿਆਂ ਮਨ ਵਿਚ ਆਨੰਦ ਪੈਦਾ ਹੁੰਦਾ ਹੈ ।੨ ।
ਹੇ ਮਿੱਤਰ! ਗੁਰੂ ਦੀ ਸਰਨ ਪੈ ਕੇ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਜਪ (ਇਸ ਜਪ ਦੀ ਬਰਕਤਿ ਨਾਲ) ਤੇਰੇ ਮਨ ਦੀ (ਮਾਇਆ ਦੀ) ਤ੍ਰਿਸ਼ਨਾ ਲਹਿ ਜਾਏਗੀ, ਤੇਰੀ ਸਾਰੀ ਹੀ ਆਸ ਪੂਰੀ ਹੋ ਜਾਇਗੀ (ਦੁਨੀਆ ਦੀਆਂ ਆਸਾਂ ਸਤਾਣੋਂ ਹਟ ਜਾਣਗੀਆਂ), ਤੇ ਤੇਰਾ ਮਨ (ਮਾਇਆ ਦੀ ਲਾਲਸਾ ਵਿਚ) ਡੋਲੇਗਾ ਨਹੀਂ ।੩ ।
(ਪਰ ਇਹ) ਹਰਿ-ਨਾਮ ਦਵਾਈ ਉਹੀ ਮਨੁੱਖ ਹਾਸਲ ਕਰਦਾ ਹੈ ਜਿਸ ਨੂੰ ਪ੍ਰਭੂ ਮਿਹਰ ਕਰਕੇ ਆਪ (ਗੁਰੂ ਪਾਸੋਂ) ਦਿਵਾਂਦਾ ਹੈ ।
ਹੇ ਨਾਨਕ! ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਵੱਸ ਪੈਂਦਾ ਹੈ, ਉਸ ਦਾ ਸਾਰਾ ਦੁਖ-ਦਰਦ ਦੂਰ ਹੋ ਜਾਂਦਾ ਹੈ ।੪।੧੦।੭੯ ।
Follow us on Twitter Facebook Tumblr Reddit Instagram Youtube