ਗਉੜੀ ਗੁਆਰੇਰੀ ਮਹਲਾ ੫ ॥
ਤਿਸ ਕੀ ਸਰਣਿ ਨਾਹੀ ਭਉ ਸੋਗੁ ॥
ਉਸ ਤੇ ਬਾਹਰਿ ਕਛੂ ਨ ਹੋਗੁ ॥
ਤਜੀ ਸਿਆਣਪ ਬਲ ਬੁਧਿ ਬਿਕਾਰ ॥
ਦਾਸ ਅਪਨੇ ਕੀ ਰਾਖਨਹਾਰ ॥੧॥

ਜਪਿ ਮਨ ਮੇਰੇ ਰਾਮ ਰਾਮ ਰੰਗਿ ॥
ਘਰਿ ਬਾਹਰਿ ਤੇਰੈ ਸਦ ਸੰਗਿ ॥੧॥ ਰਹਾਉ ॥

ਤਿਸ ਕੀ ਟੇਕ ਮਨੈ ਮਹਿ ਰਾਖੁ ॥
ਗੁਰ ਕਾ ਸਬਦੁ ਅੰਮ੍ਰਿਤ ਰਸੁ ਚਾਖੁ ॥
ਅਵਰਿ ਜਤਨ ਕਹਹੁ ਕਉਨ ਕਾਜ ॥
ਕਰਿ ਕਿਰਪਾ ਰਾਖੈ ਆਪਿ ਲਾਜ ॥੨॥

ਕਿਆ ਮਾਨੁਖ ਕਹਹੁ ਕਿਆ ਜੋਰੁ ॥
ਝੂਠਾ ਮਾਇਆ ਕਾ ਸਭੁ ਸੋਰੁ ॥
ਕਰਣ ਕਰਾਵਨਹਾਰ ਸੁਆਮੀ ॥
ਸਗਲ ਘਟਾ ਕੇ ਅੰਤਰਜਾਮੀ ॥੩॥

ਸਰਬ ਸੁਖਾ ਸੁਖੁ ਸਾਚਾ ਏਹੁ ॥
ਗੁਰ ਉਪਦੇਸੁ ਮਨੈ ਮਹਿ ਲੇਹੁ ॥
ਜਾ ਕਉ ਰਾਮ ਨਾਮ ਲਿਵ ਲਾਗੀ ॥
ਕਹੁ ਨਾਨਕ ਸੋ ਧੰਨੁ ਵਡਭਾਗੀ ॥੪॥੭॥੭੬॥

Sahib Singh
ਤਿਸ ਕੀ = ਉਸ (ਰਾਮ) ਦੀ (ਲਫ਼ਜ਼ ‘ਤਿਸੁ’ ਦਾ ੁ ਸੰਬੰਧਕ ‘ਕੀ’ ਦੇ ਕਾਰਨ ਉੱਡ ਗਿਆ ਹੈ) ।
ਸੋਗੁ = ਗ਼ਮ, ਚਿੰਤਾ ।
ਤੇ = ਤੋਂ ।
ਬਾਹਰਿ = (ਵੱਸ ਤੋਂ) ਬਾਹਰ, ਆਕੀ ।
ਹੋਗੁ = ਹੋਵੇਗਾ ।
ਤਜੀ = ਮੈਂ ਛੱਡ ਦਿੱਤੀ ਹੈ ।
ਬਲ = ਆਸਰਾ, ਤਾਣ ।
ਬੁਧਿ = ਅਕਲ ।
ਬਿਕਾਰ = ਭੈੜ, ਬੁਰਾਈ ।੧ ।
ਮਨ = ਹੇ ਮਨ !
ਰੰਗਿ = ਪ੍ਰੇਮ ਨਾਲ ।
ਸੰਗਿ = ਨਾਲ ।੧।ਰਹਾਉ ।
ਟੇਕ = ਸਹਾਰਾ, ਆਸਰਾ ।
ਮਨੈ ਮਹਿ = ਮਨ ਮਹਿ ।
ਚਾਖੁ = ਚੱਖ ਲੈ, ਮਾਣ ।
ਅਵਰਿ = (ਲਫ਼ਜ਼ ‘ਅਵਰ’ ਤੋਂ ਬਹੁ- ਵਚਨ) ਹੋਰ ।
ਕਹਹੁ = ਦੱਸੋ ।੨ ।
ਸੋਰੁ = ਸ਼ੋਰੁ, ਰੌਲਾ, ਫੂੰ-ਫਾਂ ।
ਕਰਣਹਾਰ = ਕਰਨ ਦੇ ਸਮਰੱਥ ।
ਕਰਾਵਨਹਾਰ = ਜੀਵਾਂ ਪਾਸੋਂ ਕਰਾਣ ਦੀ ਤਾਕਤ ਰੱਖਣ ਵਾਲਾ ।
ਸਗਲ = ਸਾਰੇ ।
ਅੰਤਰਜਾਮੀ = {ਅਂਤਰਯਾਮੀ ।
ਯਾ = ਜਾਣਾ, ਪਹੁੰਚਣਾ}, ਅੰਦਰ ਪਹੁੰਚ ਸਕਣ ਵਾਲਾ, ਦਿਲ ਦੀ ਜਾਣਨ ਵਾਲਾ ।੩ ।
ਸਰਬ = ਸਾਰੇ ।
ਸਾਚਾ = ਸਦਾ ਕਾਇਮ ਰਹਿਣ ਵਾਲਾ ।
ਜਾ ਕਉ = ਜਿਸ ਮਨੁੱਖ ਨੂੰ ।੪ ।
    
Sahib Singh
ਹੇ ਮੇਰੇ ਮਨ! ਪ੍ਰੇਮ ਨਾਲ ਰਾਮ ਦਾ ਨਾਮ ਜਪ, ਉਹ ਨਾਮ ਤੇਰੇ ਘਰ ਵਿਚ (ਹਿਰਦੇ ਵਿਚ) ਤੇ ਬਾਹਰ ਹਰ ਥਾਂ ਸਦਾ ਤੇਰੇ ਨਾਲ ਰਹਿੰਦਾ ਹੈ ।੧।ਰਹਾਉ ।
(ਹੇ ਭਾਈ!) ਉਸ ਰਾਮ ਦੀ ਸਰਨ ਪਿਆਂ ਕੋਈ ਡਰ ਨਹੀਂ ਪੋਹ ਸਕਦਾ, ਕੋਈ ਚਿੰਤਾ ਨਹੀਂ ਵਿਆਪ ਸਕਦੀ ।
(ਕਿਉਂਕਿ ਕੋਈ ਡਰ ਕੋਈ ਚਿੰਤਾ) ਕੁਝ ਭੀ ਉਸ ਰਾਮ ਤੋਂ ਆਕੀ ਨਹੀਂ ਹੋ ਸਕਦਾ (ਤੇ ਆਪ ਕਿਸੇ ਜੀਵ ਨੂੰ ਦੁੱਖ ਨਹੀਂ ਦੇ ਸਕਦਾ) ।
(ਇਸ ਵਾਸਤੇ ਹੇ ਭਾਈ!) ਮੈਂ ਆਪਣੀ ਅਕਲ ਦਾ ਆਸਰਾ ਰੱਖਣ ਦੀ ਬੁਰਾਈ ਛੱਡ ਦਿੱਤੀ ਹੈ (ਤੇ ਉਸ ਰਾਮ ਦਾ ਦਾਸ ਬਣ ਗਿਆ ਹਾਂ, ਉਹ ਰਾਮ) ਆਪਣੇ ਦਾਸ ਦੀ ਇੱਜ਼ਤ ਰੱਖਣ ਦੇ ਸਮਰੱਥ ਹੈ ।੧ ।
(ਹੇ ਭਾਈ!) ਆਪਣੇ ਮਨ ਵਿਚ ਉਸ ਪਰਮਾਤਮਾ ਦਾ ਆਸਰਾ ਰੱਖ, (ਹੇ ਭਾਈ!) ਗੁਰੂ ਦੇ ਸ਼ਬਦ ਦਾ ਆਨੰਦ ਮਾਣ (ਗੁਰੂ ਦਾ ਸ਼ਬਦ) ਆਤਮਕ ਜੀਵਨ ਦੇਣ ਵਾਲਾ ਰਸ ਹੈ ।
(ਹੇ ਭਾਈ!) ਦੱਸ (ਪਰਮਾਤਮਾ ਨੂੰ ਭੁਲਾ ਕੇ) ਹੋਰ ਹੋਰ ਉੱਦਮ ਕਿਸ ਕੰਮ ਆ ਸਕਦੇ ਹਨ ?
(ਪ੍ਰਭੂ ਦੀ ਸਰਨ ਪਉ, ਉਹ ਪ੍ਰਭੂ) ਮਿਹਰ ਕਰ ਕੇ (ਜੀਵ ਦੀ) ਇੱਜ਼ਤ ਆਪ ਰੱਖਦਾ ਹੈ ।੨।(ਹੇ ਭਾਈ!) ਮਾਇਆ ਦੀ ਸਾਰੀ ਫੂੰ-ਫਾਂ ਝੂਠੀ ਹੈ (ਚਾਰ ਦਿਨਾਂ ਦੀ ਹੈ) ।
ਦੱਸੋ, ਇਹ ਬੰਦੇ ਕੀਹ ਕਰਨ ਜੋਗੇ ਹਨ ?
ਇਹਨਾਂ ਦੀ ਆਕੜ (ਦੀ) ਕੀਹ (ਪਾਂਇਆਂ) ਹੈ ?
ਮਾਲਕ-ਪ੍ਰਭੂ (ਸਭ ਜੀਵਾਂ ਵਿਚ ਵਿਆਪਕ ਹੋ ਕੇ ਆਪ ਹੀ) ਸਭ ਕੁਝ ਕਰਨ ਦੇ ਸਮਰੱਥ ਹੈ, ਆਪ ਹੀ ਜੀਵਾਂ ਪਾਸੋਂ ਸਭ ਕੁਝ ਕਰਾਂਦਾ ਹੈ ।
ਉਹ ਪ੍ਰਭੂ ਸਭ ਜੀਵਾਂ ਦੇ ਦਿਲ ਦੀ ਜਾਣਦਾ ਹੈ ।੩ ।
(ਹੇ ਭਾਈ!) ਸਤਿਗੁਰੂ ਦਾ ਉਪਦੇਸ਼ ਆਪਣੇ ਮਨ ਵਿਚ ਟਿਕਾ ਕੇ ਰੱਖ, ਇਹੀ ਹੈ ਸਾਰੇ ਸੁਖਾਂ ਤੋਂ ਸ੍ਰੇਸ਼ਟ ਸੁਖ, ਤੇ, ਸਦਾ ਕਾਇਮ ਰਹਿਣ ਵਾਲਾ ਸੁਖ ।
ਹੇ ਨਾਨਕ! ਆਖ—ਜਿਸ ਮਨੁੱਖ ਨੂੰ ਪਰਮਾਤਮਾ ਦੇ ਨਾਮ ਦੀ ਲਗਨ ਲੱਗ ਜਾਂਦੀ ਹੈ, ਉਹ ਧੰਨ ਹੈ ਉਹ ਵੱਡੇ ਭਾਗਾਂ ਵਾਲਾ ਹੈ ।੪।੭।੭੬ ।
Follow us on Twitter Facebook Tumblr Reddit Instagram Youtube