ਗਉੜੀ ਗੁਆਰੇਰੀ ਮਹਲਾ ੫ ॥
ਗੁਰ ਕਾ ਬਚਨੁ ਸਦਾ ਅਬਿਨਾਸੀ ॥
ਗੁਰ ਕੈ ਬਚਨਿ ਕਟੀ ਜਮ ਫਾਸੀ ॥
ਗੁਰ ਕਾ ਬਚਨੁ ਜੀਅ ਕੈ ਸੰਗਿ ॥
ਗੁਰ ਕੈ ਬਚਨਿ ਰਚੈ ਰਾਮ ਕੈ ਰੰਗਿ ॥੧॥

ਜੋ ਗੁਰਿ ਦੀਆ ਸੁ ਮਨ ਕੈ ਕਾਮਿ ॥
ਸੰਤ ਕਾ ਕੀਆ ਸਤਿ ਕਰਿ ਮਾਨਿ ॥੧॥ ਰਹਾਉ ॥

ਗੁਰ ਕਾ ਬਚਨੁ ਅਟਲ ਅਛੇਦ ॥
ਗੁਰ ਕੈ ਬਚਨਿ ਕਟੇ ਭ੍ਰਮ ਭੇਦ ॥
ਗੁਰ ਕਾ ਬਚਨੁ ਕਤਹੁ ਨ ਜਾਇ ॥
ਗੁਰ ਕੈ ਬਚਨਿ ਹਰਿ ਕੇ ਗੁਣ ਗਾਇ ॥੨॥

ਗੁਰ ਕਾ ਬਚਨੁ ਜੀਅ ਕੈ ਸਾਥ ॥
ਗੁਰ ਕਾ ਬਚਨੁ ਅਨਾਥ ਕੋ ਨਾਥ ॥
ਗੁਰ ਕੈ ਬਚਨਿ ਨਰਕਿ ਨ ਪਵੈ ॥
ਗੁਰ ਕੈ ਬਚਨਿ ਰਸਨਾ ਅੰਮ੍ਰਿਤੁ ਰਵੈ ॥੩॥

ਗੁਰ ਕਾ ਬਚਨੁ ਪਰਗਟੁ ਸੰਸਾਰਿ ॥
ਗੁਰ ਕੈ ਬਚਨਿ ਨ ਆਵੈ ਹਾਰਿ ॥
ਜਿਸੁ ਜਨ ਹੋਏ ਆਪਿ ਕ੍ਰਿਪਾਲ ॥
ਨਾਨਕ ਸਤਿਗੁਰ ਸਦਾ ਦਇਆਲ ॥੪॥੫॥੭੪॥

Sahib Singh
ਅਬਿਨਾਸੀ = ਨਾਹ ਨਾਸ ਹੋਣ ਵਾਲਾ, ਸਦਾ ਆਤਮਕ ਜੀਵਨ ਦੇ ਕੰਮ ਆਉਣ ਵਾਲਾ ।
ਬਚਨਿ = ਬਚਨ ਦੀ ਰਾਹੀਂ ।
ਜਮ ਫਾਸੀ = ਮੌਤ ਦੀ ਫਾਹੀ, ਆਤਮਕ ਮੌਤ ਲਿਆਉਣ ਵਾਲੀ ਮੋਹ ਦੀ ਫਾਹੀ ।
ਜੀਅ ਕੈ ਸੰਗਿ = ਜਿੰਦ ਦੇ ਨਾਲ ।
ਰਚੈ = ਰਚਦਾ ਹੈ, ਜੁੜਿਆ ਰਹਿੰਦਾ ਹੈ ।
ਰੰਗਿ = ਰੰਗ ਵਿਚ, ਪ੍ਰੇਮ ਵਿਚ ।੧ ।
ਗੁਰਿ = ਗੁਰੂ ਨੇ ।
ਕਾਮਿ = ਕੰਮ ਵਿਚ ।
ਮਨ ਕੈ ਕਾਮਿ = ਮਨ ਦੇ ਕੰਮ ਵਿਚ ।
ਸੰਤ = ਗੁਰੂ ।
ਸਤਿ = ਅਟੱਲ, ਸਦਾ ਕੰਮ ਆਉਣ ਵਾਲਾ ।
ਮਾਨਿ = ਮੰਨ, ਜਾਣ ।੧।ਰਹਾਉ' ।
ਅਟਲ = ਕਦੇ ਨਾਹ ਟਲਣ ਵਾਲਾ ।
ਅਛੇਦ = ਕਦੇ ਨਾਹ ਨਾਸ ਹੋਣ ਵਾਲਾ ।
ਭ੍ਰਮ = ਭਟਕਣਾ ।
ਭੇਦ = ਵਿਤਕਰੇ ।
ਕਤਹੁ = ਕਿਤੇ ਭੀ ।
ਜਾਇ = ਜਾਂਦਾ ਹੈ ।
ਗਾਇ = ਗਾਂਦਾ ਹੈ ।੨ ।
ਸਾਥਿ = ਨਾਲ ।
ਨਾਥੁ = ਖਸਮ, ਆਸਰਾ ।
ਨਰਕਿ = ਨਰਕ ਵਿਚ ।
ਰਸਨਾ = ਜੀਭ (ਨਾਲ) ।
ਅੰਮਿ੍ਰਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ ।
ਰਵੈ = ਮਾਣਦਾ ਹੈ ।੩ ।
ਸੰਸਾਰਿ = ਸੰਸਾਰ ਵਿਚ ।
ਹਾਰਿ = ਹਾਰ ਕੇ, (ਜੀਵਨ = ਬਾਜ਼ੀ) ਹਾਰ ਕੇ ।੪ ।
    
Sahib Singh
(ਹੇ ਭਾਈ!) ਜੋ (ਉਪਦੇਸ਼) ਗੁਰੂ ਨੇ ਦਿੱਤਾ ਹੈ, ਉਹ (ਹਰੇਕ ਮਨੁੱਖ ਦੇ) ਮਨ ਦੇ ਕੰਮ ਆਉਂਦਾ ਹੈ, (ਇਸ ਵਾਸਤੇ, ਹੇ ਭਾਈ!) ਗੁਰੂ ਦੇ ਕੀਤੇ ਹੋਏ (ਇਸ ਉਪਕਾਰ ਨੂੰ) ਸਦਾ ਨਾਲ ਨਿਭਣ ਵਾਲਾ ਸਮਝ ।੧।ਰਹਾਉ ।
ਗੁਰੂ ਦਾ ਉਪਦੇਸ਼ ਸਦਾ ਆਤਮਕ ਜੀਵਨ ਦੇ ਕੰਮ ਆਉਣ ਵਾਲਾ ਹੈ, ਇਹ ਉਪਦੇਸ਼ ਕਦੇ ਛਿੱਜਣ ਵਾਲਾ (ਪੁਰਾਣਾ ਹੋਣ ਵਾਲਾ) ਨਹੀਂ ।
ਗੁਰੂ ਦੇ ਉਪਦੇਸ਼ ਦੀ ਰਾਹੀਂ ਮਨੁੱਖ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਜੁੜਿਆ ਰਹਿੰਦਾ ਹੈ ।੧ ।
ਗੁਰੂ ਦਾ ਉਪਦੇਸ਼ ਸਦਾ ਮਨੁੱਖ ਦੇ ਆਤਮਕ ਜੀਵਨ ਦੇ ਕੰਮ ਆਉਣ ਵਾਲਾ ਹੈ, ਇਹ ਉਪਦੇਸ਼ ਕਦੇ ਛਿੱਜਣ ਵਾਲਾ (ਪੁਰਾਣਾ ਹੋਣ ਵਾਲਾ) ਨਹੀਂ ।
ਗੁਰੂ ਦੇ ਉਪਦੇਸ਼ ਦੀ ਰਾਹੀਂ ਮਨੁੱਖ ਦੀ ਭਟਕਣਾ ਮਨੁੱਖ ਦੇ ਵਿਤਕਰੇ ਕੱਟੇ ਜਾਂਦੇ ਹਨ ।
ਗੁਰੂ ਦਾ ਉਪਦੇਸ਼ ਕਦੇ ਵਿਅਰਥ ਨਹੀਂ ਜਾਂਦਾ ।
ਗੁਰੂ ਦੇ ਉਪਦੇਸ਼ (ਦੀ ਬਰਕਤਿ) ਨਾਲ ਮਨੁੱਖ ਪਰਮਾਤਮਾ ਦੇ ਗੁਣ ਗਾਂਦਾ (ਰਹਿੰਦਾ) ਹੈ ।੨ ।
ਗੁਰੂ ਦਾ ਉਪਦੇਸ਼ ਜਿੰਦ ਦੇ ਨਾਲ ਨਿਭਦਾ ਹੈ ।
ਗੁਰੂ ਦਾ ਉਪਦੇਸ਼ ਨਿਆਸਰੀਆਂ ਜਿੰਦਾਂ ਦਾ ਸਹਾਰਾ ਬਣਦਾ ਹੈ ।
ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਮਨੁੱਖ ਨਰਕ ਵਿਚ ਨਹੀਂ ਪੈਂਦਾ, ਤੇ, ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਮਨੁੱਖ ਆਪਣੀ ਜੀਭ ਨਾਲ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਮਾਣਦਾ ਹੈ ।੩ ।
ਗੁਰੂ ਦਾ ਉਪਦੇਸ਼ ਮਨੁੱਖ ਨੂੰ ਸੰਸਾਰ ਵਿਚ ਪਰਸਿੱਧ ਕਰ ਦੇਂਦਾ ਹੈ ।
ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਮਨੁੱਖ ਜੀਵਨ-ਬਾਜ਼ੀ ਹਾਰ ਕੇ ਨਹੀਂ ਆਉਂਦਾ ।
ਹੇ ਨਾਨਕ! ਜਿਸ ਮਨੁੱਖ ਉਤੇ ਪਰਮਾਤਮਾ ਆਪ ਮਿਹਰਬਾਨ ਹੁੰਦਾ ਹੈ ਉਸ ਉਤੇ ਸਤਿਗੁਰੂ ਸਦਾ ਦਇਆ-ਦਿ੍ਰਸ਼ਟੀ ਕਰਦਾ ਰਹਿੰਦਾ ਹੈ ।੪।੫।੭੪ ।
Follow us on Twitter Facebook Tumblr Reddit Instagram Youtube