ਗਉੜੀ ਗੁਆਰੇਰੀ ਮਹਲਾ ੫ ॥
ਕਰਮ ਭੂਮਿ ਮਹਿ ਬੋਅਹੁ ਨਾਮੁ ॥
ਪੂਰਨ ਹੋਇ ਤੁਮਾਰਾ ਕਾਮੁ ॥
ਫਲ ਪਾਵਹਿ ਮਿਟੈ ਜਮ ਤ੍ਰਾਸ ॥
ਨਿਤ ਗਾਵਹਿ ਹਰਿ ਹਰਿ ਗੁਣ ਜਾਸ ॥੧॥

ਹਰਿ ਹਰਿ ਨਾਮੁ ਅੰਤਰਿ ਉਰਿ ਧਾਰਿ ॥
ਸੀਘਰ ਕਾਰਜੁ ਲੇਹੁ ਸਵਾਰਿ ॥੧॥ ਰਹਾਉ ॥

ਅਪਨੇ ਪ੍ਰਭ ਸਿਉ ਹੋਹੁ ਸਾਵਧਾਨੁ ॥
ਤਾ ਤੂੰ ਦਰਗਹ ਪਾਵਹਿ ਮਾਨੁ ॥
ਉਕਤਿ ਸਿਆਣਪ ਸਗਲੀ ਤਿਆਗੁ ॥
ਸੰਤ ਜਨਾ ਕੀ ਚਰਣੀ ਲਾਗੁ ॥੨॥

ਸਰਬ ਜੀਅ ਹਹਿ ਜਾ ਕੈ ਹਾਥਿ ॥
ਕਦੇ ਨ ਵਿਛੁੜੈ ਸਭ ਕੈ ਸਾਥਿ ॥
ਉਪਾਵ ਛੋਡਿ ਗਹੁ ਤਿਸ ਕੀ ਓਟ ॥
ਨਿਮਖ ਮਾਹਿ ਹੋਵੈ ਤੇਰੀ ਛੋਟਿ ॥੩॥

ਸਦਾ ਨਿਕਟਿ ਕਰਿ ਤਿਸ ਨੋ ਜਾਣੁ ॥
ਪ੍ਰਭ ਕੀ ਆਗਿਆ ਸਤਿ ਕਰਿ ਮਾਨੁ ॥
ਗੁਰ ਕੈ ਬਚਨਿ ਮਿਟਾਵਹੁ ਆਪੁ ॥
ਹਰਿ ਹਰਿ ਨਾਮੁ ਨਾਨਕ ਜਪਿ ਜਾਪੁ ॥੪॥੪॥੭੩॥

Sahib Singh
ਭੂਮਿ = ਧਰਤੀ ।
ਕਰਮ ਭੂਮਿ = ਉਹ ਧਰਤੀ ਜਿਸ ਵਿਚ ਕਰਮ ਬੀਜੇ ਜਾ ਸਕਦੇ ਹਨ, ਮਨੁੱਖਾ ਸਰੀਰ ।
ਬੋਅਹੁ = ਬੀਜੋ ।
ਕਾਮੁ = ਕੰਮ, ਜੀਵਨ = ਮਨੋਰਥ ।
ਤ੍ਰਾਸ = ਡਰ ।
ਜਮ ਤ੍ਰਾਸ = ਮੌਤ ਦਾ ਡਰ, ਆਤਮਕ ਮੌਤ ਦਾ ਖ਼ਤਰਾ ।
ਜਾਸ = ਜਸ ।੧ ।
ਅੰਤਰਿ = ਅੰਦਰੇ ।
ਉਰਿ = ਹਿਰਦੇ ਵਿਚ ।
ਧਾਰਿ = ਰੱਖ ।
ਸੀਘਰ = ਛੇਤੀ ।
ਕਾਰਜੁ = ਜੀਵਨ = ਮਨੋਰਥ ।੧।ਰਹਾਉ।ਸਿਉ—ਨਾਲ ।
ਸਾਵਧਾਨੁ = (ਸ = ਅਵਧਾਨ) ਸੁਚੇਤ ।
ਸ = ਸਹਿਤ, ਸਮੇਤ ।
ਅਵਧਾਨ = ਧਿਆਨ (ੳਟਟੲਨਟੋਿਨ) ।
ਮਾਨੁ = ਆਦਰ ।
ਉਕਤਿ = ਬਿਆਨ ਕਰਨ ਦੀ ਸ਼ਕਤੀ, ਦਲੀਲ ।
ਸਗਲੀ = ਸਾਰੀ ।੨ ।
ਜੀਅ = ਜੀਵ ।
ਹਾਥਿ = ਹੱਥ ਵਿਚ ।
ਜਾ ਕੈ ਹਾਥਿ = ਜਿਸ ਦੇ ਹੱਥ ਵਿਚ ।
ਸਾਥਿ = ਨਾਲ ।
ਉਪਾਵ = (ਲਫ਼ਜ਼ ‘ਉਪਾਉ’ ਤੋਂ ਬਹੁ-ਵਚਨ ।
    ਸੰਸਕ੍ਰਿਤ ਲਫ਼ਜ਼ ਹੈ ੳਪਾਯ) ਢੰਗ, ਜਤਨ ।
ਗਹੁ = ਫੜ ।
ਓਟ = ਆਸਰਾ ।
ਨਿਮਖ = ਅੱਖ ਝਮਕਣ ਜਿਤਨਾ ਸਮਾ ।
ਛੋਟਿ = ਖ਼ਲਾਸੀ ।੩ ।
ਨਿਕਟਿ = ਨੇੜੇ ।
ਤਿਸ ਨੋ = (ਲਫ਼ਜ਼ ‘ਤਿਸੁ’ ਦਾ ੁ ਸੰਬੰਧਕ ‘ਨੋ’ ਦੇ ਕਾਰਨ ਉਡ ਗਿਆ ਹੈ ।
    ਵੇਖੋ ‘ਗੁਰਬਾਣੀ ਵਿਆਕਰਣ’) ਉਸ (ਪ੍ਰਭੂ) ਨੂੰ ।
ਜਾਣੁ = ਸਮਝ ।
ਸਤਿ = (ਸÄਯ) ਅਟੱਲ, ਸੱਚ ।
ਬਚਨਿ = ਬਚਨ ਦੀ ਰਾਹੀਂ ।
ਆਪੁ = ਆਪਾ = ਭਾਵ ।
ਜਪਿ ਜਾਪੁ = ਜਾਪ ਜਪ ।੪ ।
    
Sahib Singh
(ਹੇ ਭਾਈ!) ਆਪਣੇ ਅੰਦਰ ਆਪਣੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਸੰਭਾਲ ਕੇ ਰੱਖ ਤੇ (ਇਸ ਤ੍ਰਹਾਂ) ਆਪਣਾ ਮਨੁੱਖਾ ਜੀਵਨ ਦਾ ਮਨੋਰਥ ਸਵਾਰ ਲੈ ।੧।ਰਹਾਉ ।
(ਹੇ ਭਾਈ!) ਕਰਮ ਬੀਜਣ ਵਾਲੀ ਧਰਤੀ ਵਿਚ (ਮਨੁੱਖਾ ਸਰੀਰ ਵਿਚ) ਪਰਮਾਤਮਾ ਦਾ ਨਾਮ ਬੀਜ, ਇਸ ਤ੍ਰਹਾਂ ਤੇਰਾ (ਮਨੁੱਖਾ ਜੀਵਨ ਦਾ) ਮਨੋਰਥ ਸਿਰੇ ਚੜ੍ਹ ਜਾਇਗਾ ।
(ਹੇ ਭਾਈ!) ਜੇ ਤੂੰ ਨਿੱਤ ਪਰਮਾਤਮਾ ਦੇ ਗੁਣ ਗਾਵੇਂ, ਜੇ ਨਿੱਤ ਪਰਮਾਤਮਾ ਦਾ ਜਸ ਗਾਵੇਂ, ਤਾਂ ਇਸ ਦਾ ਇਹ ਫਲ ਹਾਸਲ ਕਰੇਂਗਾ ਕਿ ਤੇਰਾ ਆਤਮਕ ਮੌਤ ਦਾ ਖ਼ਤਰਾ ਮਿਟ ਜਾਇਗਾ ।੧ ।
(ਹੇ ਭਾਈ!) ਆਪਣੀਆਂ ਦਲੀਲਾਂ ਆਪਣੀਆਂ ਸਿਆਣਪਾਂ ਸਾਰੀਆਂ ਛੱਡ ਦੇਹ, ਗੁਰਮੁਖਾਂ ਦੀ ਸਰਨ ਪਉ (ਸੰਤ ਜਨਾਂ ਦੀ ਸੰਗਤਿ ਦੀ ਬਰਕਤਿ ਦਾ ਸਦਕਾ) ਆਪਣੇ ਪਰਮਾਤਮਾ ਨਾਲ (ਪਰਮਾਤਮਾ ਦੀ ਯਾਦ ਵਿਚ) ਸੁਚੇਤ ਰਹੁ (ਜਦੋਂ ਤੂੰ ਇਹ ਉੱਦਮ ਕਰੇਂਗਾ) ਤਦੋਂ ਤੂੰ ਪਰਮਾਤਮਾ ਦੀ ਹਜ਼ੂਰੀ ਵਿਚ ਆਦਰ-ਮਾਣ ਪ੍ਰਾਪਤ ਕਰੇਂਗਾ ।੨ ।
(ਹੇ ਭਾਈ!) ਸਾਰੇ ਜੀਵ ਜੰਤ ਜਿਸ ਪਰਮਾਤਮਾ ਦੇ ਵੱਸ ਵਿਚ (ਹੱਥ ਵਿਚ) ਹਨ, ਜੇਹੜਾ ਪ੍ਰਭੂ ਕਦੇ ਭੀ (ਜੀਵਾਂ ਤੋਂ) ਵੱਖ ਨਹੀਂ ਹੁੰਦਾ, (ਸਦਾ) ਸਭ ਜੀਵਾਂ ਦੇ ਨਾਲ ਰਹਿੰਦਾ ਹੈ, ਆਪਣੇ ਹੀਲੇ-ਜਤਨ ਛੱਡ ਕੇ ਉਸ ਪਰਮਾਤਮਾ ਦਾ ਆਸਰਾ-ਪਰਨਾ ਫੜ, ਅੱਖ ਦੇ ਇਕ ਫੋਰ ਵਿਚ (ਮਾਇਆ ਦੇ ਮੋਹ ਦੇ ਬੰਧਨਾਂ ਤੋਂ) ਤੇਰੀ ਖ਼ਲਾਸੀ ਹੋ ਜਾਇਗੀ ।੩ ।
ਹੇ ਨਾਨਕ! ਉਸ ਪਰਮਾਤਮਾ ਨੂੰ ਸਦਾ ਆਪਣੇ ਨੇੜੇ ਵੱਸਦਾ ਸਮਝ, ਇਹ ਨਿਸ਼ਚਾ ਕਰ ਕੇ ਮੰਨ ਕਿ ਪਰਮਾਤਮਾ ਦੀ ਰਜ਼ਾ ਅਟੱਲ ਹੈ ।
ਗੁਰੂ ਦੇ ਬਚਨ ਵਿਚ (ਜੁੜ ਕੇ ਆਪਣੇ ਅੰਦਰੋਂ) ਆਪਾ-ਭਾਵ ਦੂਰ ਕਰ, ਸਦਾ ਪਰਮਾਤਮਾ ਦਾ ਨਾਮ ਜਪ, ਸਦਾ ਪ੍ਰਭੂ (ਦੇ ਗੁਣਾਂ) ਦਾ ਜਾਪ ਜਪ ।੪।੪।੭੩ ।
Follow us on Twitter Facebook Tumblr Reddit Instagram Youtube