ਗਉੜੀ ਮਾਝ ਮਹਲਾ ੪ ॥
ਮਨ ਮਾਹੀ ਮਨ ਮਾਹੀ ਮੇਰੇ ਗੋਵਿੰਦਾ ਹਰਿ ਰੰਗਿ ਰਤਾ ਮਨ ਮਾਹੀ ਜੀਉ ॥
ਹਰਿ ਰੰਗੁ ਨਾਲਿ ਨ ਲਖੀਐ ਮੇਰੇ ਗੋਵਿਦਾ ਗੁਰੁ ਪੂਰਾ ਅਲਖੁ ਲਖਾਹੀ ਜੀਉ ॥
ਹਰਿ ਹਰਿ ਨਾਮੁ ਪਰਗਾਸਿਆ ਮੇਰੇ ਗੋਵਿੰਦਾ ਸਭ ਦਾਲਦ ਦੁਖ ਲਹਿ ਜਾਹੀ ਜੀਉ ॥
ਹਰਿ ਪਦੁ ਊਤਮੁ ਪਾਇਆ ਮੇਰੇ ਗੋਵਿੰਦਾ ਵਡਭਾਗੀ ਨਾਮਿ ਸਮਾਹੀ ਜੀਉ ॥੧॥

ਨੈਣੀ ਮੇਰੇ ਪਿਆਰਿਆ ਨੈਣੀ ਮੇਰੇ ਗੋਵਿਦਾ ਕਿਨੈ ਹਰਿ ਪ੍ਰਭੁ ਡਿਠੜਾ ਨੈਣੀ ਜੀਉ ॥
ਮੇਰਾ ਮਨੁ ਤਨੁ ਬਹੁਤੁ ਬੈਰਾਗਿਆ ਮੇਰੇ ਗੋਵਿੰਦਾ ਹਰਿ ਬਾਝਹੁ ਧਨ ਕੁਮਲੈਣੀ ਜੀਉ ॥
ਸੰਤ ਜਨਾ ਮਿਲਿ ਪਾਇਆ ਮੇਰੇ ਗੋਵਿਦਾ ਮੇਰਾ ਹਰਿ ਪ੍ਰਭੁ ਸਜਣੁ ਸੈਣੀ ਜੀਉ ॥
ਹਰਿ ਆਇ ਮਿਲਿਆ ਜਗਜੀਵਨੁ ਮੇਰੇ ਗੋਵਿੰਦਾ ਮੈ ਸੁਖਿ ਵਿਹਾਣੀ ਰੈਣੀ ਜੀਉ ॥੨॥

ਮੈ ਮੇਲਹੁ ਸੰਤ ਮੇਰਾ ਹਰਿ ਪ੍ਰਭੁ ਸਜਣੁ ਮੈ ਮਨਿ ਤਨਿ ਭੁਖ ਲਗਾਈਆ ਜੀਉ ॥
ਹਉ ਰਹਿ ਨ ਸਕਉ ਬਿਨੁ ਦੇਖੇ ਮੇਰੇ ਪ੍ਰੀਤਮ ਮੈ ਅੰਤਰਿ ਬਿਰਹੁ ਹਰਿ ਲਾਈਆ ਜੀਉ ॥
ਹਰਿ ਰਾਇਆ ਮੇਰਾ ਸਜਣੁ ਪਿਆਰਾ ਗੁਰੁ ਮੇਲੇ ਮੇਰਾ ਮਨੁ ਜੀਵਾਈਆ ਜੀਉ ॥
ਮੇਰੈ ਮਨਿ ਤਨਿ ਆਸਾ ਪੂਰੀਆ ਮੇਰੇ ਗੋਵਿੰਦਾ ਹਰਿ ਮਿਲਿਆ ਮਨਿ ਵਾਧਾਈਆ ਜੀਉ ॥੩॥

ਵਾਰੀ ਮੇਰੇ ਗੋਵਿੰਦਾ ਵਾਰੀ ਮੇਰੇ ਪਿਆਰਿਆ ਹਉ ਤੁਧੁ ਵਿਟੜਿਅਹੁ ਸਦ ਵਾਰੀ ਜੀਉ ॥
ਮੇਰੈ ਮਨਿ ਤਨਿ ਪ੍ਰੇਮੁ ਪਿਰੰਮ ਕਾ ਮੇਰੇ ਗੋਵਿਦਾ ਹਰਿ ਪੂੰਜੀ ਰਾਖੁ ਹਮਾਰੀ ਜੀਉ ॥
ਸਤਿਗੁਰੁ ਵਿਸਟੁ ਮੇਲਿ ਮੇਰੇ ਗੋਵਿੰਦਾ ਹਰਿ ਮੇਲੇ ਕਰਿ ਰੈਬਾਰੀ ਜੀਉ ॥
ਹਰਿ ਨਾਮੁ ਦਇਆ ਕਰਿ ਪਾਇਆ ਮੇਰੇ ਗੋਵਿੰਦਾ ਜਨ ਨਾਨਕੁ ਸਰਣਿ ਤੁਮਾਰੀ ਜੀਉ ॥੪॥੩॥੨੯॥੬੭॥

Sahib Singh
ਮਾਹੀ = ਵਿਚ, ਮਾਹਿ ।
ਹਰਿ ਰੰਗਿ = ਹਰੀ ਦੇ ਨਾਮ = ਰੰਗ ਵਿਚ ।
ਹਰਿ ਰੰਗੁ = ਹਰੀ ਦਾ ਨਾਮ = ਰੰਗ ।
ਨਾਲਿ = {ਨੋਟ: = ਲਫ਼ਜ਼ ‘ਨਾਲਿ’ ਦਾ ਸੰਬੰਧ ਲਫ਼ਜ਼ ‘ਰੰਗ’ ਦੇ ਨਾਲ ਨਹੀਂ ਹੈ) (ਹਰੇਕ ਜੀਵ ਦੇ) ਨਾਲ (ਹੈ) ।
ਨ ਲਖੀਐ = ਸਮਝਿਆ ਨਹੀਂ ਜਾ ਸਕਦਾ ।
ਅਲਖੁ = ਅਦਿ੍ਰਸ਼ਟ ਪ੍ਰਭੂ ।
ਲਖਾਹੀ = ਲਖਾਹਿ, ਲਖਦੇ ਹਨ, ਵੇਖਦੇ ਹਨ ।
ਦਾਲਦ = ਦਲਿਦ੍ਰ, ਗਰੀਬੀ ।
ਜਾਹੀ = ਜਾਹਿ ।
ਹਰਿ ਪਦੁ = ਪ੍ਰਭੂ ਦੇ ਮਿਲਾਪ ਦੀ ਅਵਸਥਾ ।
ਨਾਮਿ = ਨਾਮ ਵਿਚ ।੧ ।
ਨੈਣੀ = ਅੱਖਾਂ ਨਾਲ ।
ਕਿਨੈ = ਕਿਸੇ ਵਿਰਲੇ ਨੇ ।
ਬੈਰਾਗਿਆ = ਵੈਰਾਗਵਾਨ ਹੈ ।
ਧਨ = ਜੀਵ = ਇਸਤ੍ਰੀ ।
ਕੁਮਲੈਣੀ = ਮੁਰਝਾਈ ਹੋਈ ।
ਮਿਲਿ = ਮਿਲ ਕੇ ।
ਸੈਣੀ = ਸੈਣ, ਮਿੱਤਰ ।
ਜਗਜੀਵਨੁ = ਜਗਤ ਦਾ ਜੀਵਨ, ਜਗਤ ਦੇ ਜੀਵਨ ਦਾ ਆਸਰਾ ।
ਸੁਖਿ = ਸੁਖ ਵਿਚ ।
ਰੈਣੀ = (ਜ਼ਿੰਦਗੀ ਦੀ) ਰਾਤ ।੨ ।
ਮੈ = ਮੈਨੂੰ ।
ਸੰਤ = ਹੇ ਸੰਤ ਜਨੋ !
ਮੈ ਮਨਿ ਤਨਿ = ਮੇਰੇ ਮਨ ਵਿਚ, ਮੇਰੇ ਹਿਰਦੇ ਵਿਚ ।
ਭੁਖ = (ਮਿਲਣ ਦੀ) ਤਾਂਘ ।
ਹਉ = ਮੈਂ ।
ਬਿਰਹੁ = ਵਿਛੋੜੇ ਦਾ ਦਰਦ ।
ਮਨੁ ਜੀਵਾਈਆ = ਮਨ ਆਤਮਕ ਜੀਵਨ ਲੱਭ ਲੈਂਦਾ ਹੈ ।
ਵਾਧਾਈਆ = ਚੜ੍ਹਦੀ ਕਲਾ ।੩ ।
ਵਾਰੀ = ਸਦਕੇ, ਕੁਰਬਾਨ ।
ਹਉ = ਮੈਂ ।
ਵਿਟੜਿਅਹੁ = ਤੋਂ ।
ਸਦ = ਸਦਾ ।
ਪਿਰੰਮ ਕਾ = ਪਿਆਰੇ ਦਾ ।
ਪੂੰਜੀ = ਸਰਮਾਇਆ, ਆਤਮਕ ਗੁਣਾਂ ਦੀ ਰਾਸਿ ।
ਵਿਸਟੁ = ਵਿਚੋਲਾ ।
ਮੇਲਿ = ਮਿਲਾ ।
ਕਰਿ = ਕਰ ਕੇ ।
ਰੈਬਾਰੀ = ਰਾਹਬਰੀ, ਅਗਵਾਈ ।
ਦਇਆ ਕਰਿ = ਦਇਆ ਦੀ ਬਰਕਤਿ ਨਾਲ ।੪ ।
    
Sahib Singh
ਹੇ ਮੇਰੇ ਗੋਵਿੰਦ! (ਜਿਸ ਉਤੇ ਤੇਰੀ ਮਿਹਰ ਹੁੰਦੀ ਹੈ, ਉਹ ਮਨੁੱਖ ਆਪਣੇ) ਮਨ ਵਿਚ ਹੀ, ਮਨ ਵਿਚ ਹੀ, ਮਨ ਵਿਚ ਹੀ, ਹਰਿ-ਨਾਮ ਦੇ ਰੰਗ ਵਿਚ ਰੰਗਿਆ ਰਹਿੰਦਾ ਹੈ ।
ਹੇ ਮੇਰੇ ਗੋਵਿੰਦ! ਹਰਿ-ਨਾਮ ਦਾ ਆਨੰਦਹਰੇਕ ਜੀਵ ਦੇ ਨਾਲ (ਉਸ ਦੇ ਅੰਦਰ ਮੌਜੂਦ) ਹੈ, ਪਰ ਇਹ ਆਨੰਦ (ਹਰੇਕ ਜੀਵ ਪਾਸੋਂ) ਮਾਣਿਆ ਨਹੀਂ ਜਾ ਸਕਦਾ ।
ਜਿਨ੍ਹਾਂ ਮਨੁੱਖਾਂ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ ਉਹ ਉਸ ਅਦਿ੍ਰਸ਼ਟ ਪਰਮਾਤਮਾ ਨੂੰ ਲੱਭ ਲੈਂਦੇ ਹਨ ।
ਹੇ ਮੇਰੇ ਗੋਵਿੰਦ! ਜਿਨ੍ਹਾਂ ਦੇ ਅੰਦਰ ਤੂੰ ਹਰਿ-ਨਾਮ ਦਾ ਪਰਕਾਸ਼ ਕਰਦਾ ਹੈਂ, ਉਹਨਾਂ ਦੇ ਸਾਰੇ ਦੁੱਖ ਦਲਿੱਦਰ ਦੂਰ ਹੋ ਜਾਂਦੇ ਹਨ ।
ਹੇ ਮੇਰੇ ਗੋਵਿੰਦ! ਜਿਨ੍ਹਾਂ ਮਨੁੱਖਾਂ ਨੂੰ ਹਰਿ-ਮਿਲਾਪ ਦੀ ਉੱਚੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ, ਉਹ ਵਡ-ਭਾਗੀ ਮਨੁੱਖ ਹਰਿ-ਨਾਮ ਵਿਚ ਲੀਨ ਰਹਿੰਦੇ ਹਨ ।੧ ।
ਹੇ ਮੇਰੇ ਪਿਆਰੇ ਗੋਵਿੰਦ! ਤੈਨੂੰ ਹਰਿ-ਪ੍ਰਭੂ ਨੂੰ ਕਿਸੇ ਵਿਰਲੇ (ਵਡ-ਭਾਗੀ ਨੇ ਆਪਣੀਆਂ) ਅੱਖਾਂ ਨਾਲ ਵੇਖਿਆ ਹੈ ।
ਹੇ ਮੇਰੇ ਗੋਵਿੰਦ! (ਤੇਰੇ ਵਿਛੋੜੇ ਵਿਚ) ਮੇਰਾ ਮਨ ਮੇਰਾ ਹਿਰਦਾ ਬਹੁਤ ਵੈਰਾਗਵਾਨ ਹੋ ਰਿਹਾ ਹੈ ।
ਹੇ ਹਰੀ! ਤੈਥੋਂ ਬਿਨਾ ਮੈਂ ਜੀਵ-ਇਸਤ੍ਰੀ ਕੁਮਲਾਈ ਪਈ ਹਾਂ ।
ਹੇ ਮੇਰੇ ਗੋਵਿੰਦ! ਮੇਰਾ ਹਰਿ-ਪ੍ਰਭੂ ਮੇਰਾ (ਅਸਲੀ) ਸੱਜਣ ਮਿੱਤਰ (ਜਿਨ੍ਹਾਂ ਨੇ ਭੀ ਲੱਭਾ ਹੈ) ਸੰਤ ਜਨਾਂ ਨੂੰ ਮਿਲ ਕੇ (ਹੀ) ਲੱਭਾ ਹੈ ।
ਹੇ ਮੇਰੇ ਗੋਵਿੰਦ! (ਸੰਤ ਜਨਾਂ ਦੀ ਮਿਹਰ ਨਾਲ ਹੀ) ਮੈਨੂੰ (ਭੀ) ਉਹ ਹਰੀ ਆ ਮਿਲਿਆ ਹੈ ਜੋ ਸਾਰੇ ਜਗਤ ਦੇ ਜੀਵਨ ਦਾ ਆਸਰਾ ਹੈ, ਹੁਣ ਮੇਰੀ (ਜ਼ਿੰਦਗੀ-ਰੂਪ) ਰਾਤ ਆਨੰਦ ਵਿਚ ਬੀਤ ਰਹੀ ਹੈ ।੨ ।
ਹੇ ਸੰਤ ਜਨੋ! ਮੈਨੂੰ ਮੇਰਾ ਸੱਜਣ ਹਰਿ-ਪ੍ਰਭੂ ਮਿਲਾ ਦਿਉ ।
ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਉਸਦੇ ਮਿਲਣ ਦੀ ਤਾਂਘ ਪੈਦਾ ਹੋ ਰਹੀ ਹੈ ।
ਮੈਂ ਆਪਣੇ ਪ੍ਰੀਤਮ ਨੂੰ ਵੇਖਣ ਤੋਂ ਬਿਨਾ ਧੀਰਜ ਨਹੀਂ ਫੜ ਸਕਦਾ, ਮੇਰੇ ਅੰਦਰ ਉਸ ਦੇ ਵਿਛੋੜੇ ਦਾ ਦਰਦ ਉੱਠ ਰਿਹਾ ਹੈ ।
ਪਰਮਾਤਮਾ ਹੀ ਮੇਰਾ ਰਾਜਾ ਹੈ ਮੇਰਾ ਪਿਆਰਾ ਸੱਜਣ ਹੈ, ਜਦੋਂ (ਉਸ ਨਾਲ) ਗੁਰੂ (ਮੈਨੂੰ) ਮਿਲਾ ਦੇਂਦਾ ਹੈ ਤਾਂ ਮੇਰਾ ਮਨ ਜੀਊ ਪੈਂਦਾ ਹੈ ।
ਹੇ ਮੇਰੇ ਗੋਵਿੰਦ! ਜਦੋਂ ਤੂੰ ਹਰੀ ਮੈਨੂੰ ਮਿਲ ਪੈਂਦਾ ਹੈ, ਮੇਰੇ ਮਨ ਵਿਚ ਮੇਰੇ ਹਿਰਦੇ ਵਿਚ (ਚਿਰਾਂ ਤੋਂ ਟਿਕੀ) ਆਸ ਪੂਰੀ ਹੋ ਜਾਂਦੀ ਹੈ, ਤਾਂ ਮੇਰੇ ਮਨ ਵਿਚ ਚੜ੍ਹਦੀ ਕਲਾ ਪੈਦਾ ਹੋ ਜਾਂਦੀ ਹੈ ।੩ ।
ਹੇ ਮੇਰੇ ਗੋਵਿੰਦ! ਹੇ ਮੇਰੇ ਪਿਆਰੇ! ਮੈਂ ਸਦਕੇ, ਮੈਂ ਤੈਥੋਂ ਸਦਾ ਸਦਕੇ ।
ਹੇ ਮੇਰੇ ਗੋਵਿੰਦ! ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਤੈਂ ਪਿਆਰੇ ਦਾ ਪ੍ਰੇਮ ਜਾਗ ਉਠਿਆ ਹੈ (ਮੈਂ ਤੇਰੀ ਸਰਨ ਆਇਆ ਹਾਂ) ਮੇਰੀ ਇਸ (ਪ੍ਰੇਮ ਦੀ) ਰਾਸ ਦੀ ਤੂੰ ਰਾਖੀ ਕਰ ।
ਹੇ ਮੇਰੇ ਗੋਵਿੰਦ! ਮੈਨੂੰ ਵਿਚੋਲਾ ਗੁਰੂ ਮਿਲਾ, ਜੇਹੜਾ ਮੇਰੀ (ਜੀਵਨ ਵਿਚ) ਅਗਵਾਈ ਕਰ ਕੇ ਮੈਨੂੰ ਤੈਂ ਹਰੀ ਨਾਲ ਮਿਲਾ ਦੇਵੇ ।
ਹੇ ਮੇਰੇ ਗੋਵਿੰਦ! ਮੈਂ ਦਾਸ ਨਾਨਕ ਤੇਰੀ ਸਰਨ ਆਇਆ ਹਾਂ, ਤੇਰੀ ਦਇਆ ਦਾ ਸਦਕਾ ਹੀ ਮੈਨੂੰ ਤੇਰਾ ਹਰਿ-ਨਾਮ ਪ੍ਰਾਪਤ ਹੋਇਆ ਹੈ ।੪।੩।੨੯।੬੭ ।
Follow us on Twitter Facebook Tumblr Reddit Instagram Youtube