ਗਉੜੀ ਮਾਝ ਮਹਲਾ ੪ ॥
ਆਉ ਸਖੀ ਗੁਣ ਕਾਮਣ ਕਰੀਹਾ ਜੀਉ ॥
ਮਿਲਿ ਸੰਤ ਜਨਾ ਰੰਗੁ ਮਾਣਿਹ ਰਲੀਆ ਜੀਉ ॥
ਗੁਰ ਦੀਪਕੁ ਗਿਆਨੁ ਸਦਾ ਮਨਿ ਬਲੀਆ ਜੀਉ ॥
ਹਰਿ ਤੁਠੈ ਢੁਲਿ ਢੁਲਿ ਮਿਲੀਆ ਜੀਉ ॥੧॥

ਮੇਰੈ ਮਨਿ ਤਨਿ ਪ੍ਰੇਮੁ ਲਗਾ ਹਰਿ ਢੋਲੇ ਜੀਉ ॥
ਮੈ ਮੇਲੇ ਮਿਤ੍ਰੁ ਸਤਿਗੁਰੁ ਵੇਚੋਲੇ ਜੀਉ ॥
ਮਨੁ ਦੇਵਾਂ ਸੰਤਾ ਮੇਰਾ ਪ੍ਰਭੁ ਮੇਲੇ ਜੀਉ ॥
ਹਰਿ ਵਿਟੜਿਅਹੁ ਸਦਾ ਘੋਲੇ ਜੀਉ ॥੨॥

ਵਸੁ ਮੇਰੇ ਪਿਆਰਿਆ ਵਸੁ ਮੇਰੇ ਗੋਵਿਦਾ ਹਰਿ ਕਰਿ ਕਿਰਪਾ ਮਨਿ ਵਸੁ ਜੀਉ ॥
ਮਨਿ ਚਿੰਦਿਅੜਾ ਫਲੁ ਪਾਇਆ ਮੇਰੇ ਗੋਵਿੰਦਾ ਗੁਰੁ ਪੂਰਾ ਵੇਖਿ ਵਿਗਸੁ ਜੀਉ ॥
ਹਰਿ ਨਾਮੁ ਮਿਲਿਆ ਸੋਹਾਗਣੀ ਮੇਰੇ ਗੋਵਿੰਦਾ ਮਨਿ ਅਨਦਿਨੁ ਅਨਦੁ ਰਹਸੁ ਜੀਉ ॥
ਹਰਿ ਪਾਇਅੜਾ ਵਡਭਾਗੀਈ ਮੇਰੇ ਗੋਵਿੰਦਾ ਨਿਤ ਲੈ ਲਾਹਾ ਮਨਿ ਹਸੁ ਜੀਉ ॥੩॥

ਹਰਿ ਆਪਿ ਉਪਾਏ ਹਰਿ ਆਪੇ ਵੇਖੈ ਹਰਿ ਆਪੇ ਕਾਰੈ ਲਾਇਆ ਜੀਉ ॥
ਇਕਿ ਖਾਵਹਿ ਬਖਸ ਤੋਟਿ ਨ ਆਵੈ ਇਕਨਾ ਫਕਾ ਪਾਇਆ ਜੀਉ ॥
ਇਕਿ ਰਾਜੇ ਤਖਤਿ ਬਹਹਿ ਨਿਤ ਸੁਖੀਏ ਇਕਨਾ ਭਿਖ ਮੰਗਾਇਆ ਜੀਉ ॥
ਸਭੁ ਇਕੋ ਸਬਦੁ ਵਰਤਦਾ ਮੇਰੇ ਗੋਵਿਦਾ ਜਨ ਨਾਨਕ ਨਾਮੁ ਧਿਆਇਆ ਜੀਉ ॥੪॥੨॥੨੮॥੬੬॥

Sahib Singh
ਸਖੀ = ਹੇ ਸਹੇਲੀ !
    ਹੇ ਸਤਸੰਗੀ ਗੁਰਮੁਖਿ !
ਕਾਮਣ = ਟੂਣੇ ।
ਕਰੀਹਾ = ਅਸੀ ਬਣਾਈਏ ।
ਮਿਲਿ = ਮਿਲ ਕੇ ।
ਮਾਣਿਹ = ਅਸੀ ਮਾਣੀਏ ।
ਰਲੀਆ = ਆਤਮਕ ਆਨੰਦ ।
ਦੀਪਕੁ = ਦੀਵਾ ।
ਗੁਰਗਿਆਨੁ = ਗੁਰੂ ਦਾ ਦਿੱਤਾ ਗਿਆਨ ।
ਮਨਿ = ਮਨ ਵਿਚ ।
ਬਲੀਆ = ਅਸੀ ਬਾਲੀਏ ।
ਢੁਲਿ = ਢੁਲ ਕੇ, ਸ਼ੁਕਰ ਵਿਚ ਆ ਕੇ ।੧ ।
ਤਨਿ = ਤਨ ਵਿਚ ।
ਢੋਲਾ = ਮਿੱਤਰ ।
ਮੈ = ਮੈਨੂੰ ।
ਮੇਲੋ = ਮਿਲਾਏ ।
ਵੇਚੋਲੇ = ਵਕੀਲ ।
ਵਿਟੜਿਅਹੁ = ਤੋਂ ।੨ ।
ਕਰਿ = ਕਰ ਕੇ ।
ਮਨਿ ਚਿੰਦਿਅੜਾ = ਮਨ ਵਿਚ ਚਿਤਵਿਆ ਹੋਇਆ ।
ਵੇਖਿ = ਵੇਖ ਕੇ ।
ਵਿਗਸੁ = ਵਿਗਾਸ, ਖ਼ੁਸ਼ੀ ।
ਸੋਹਾਗਣੀ = ਭਾਗਾਂ ਵਾਲੀ ਜੀਵ-ਇਸਤ੍ਰੀ ਨੂੰ ।
ਅਨਦਿਨੁ = ਹਰ ਰੋਜ਼ ।
ਰਹਸੁ = ਖ਼ੁਸ਼ੀ ।
ਵਡਭਾਗੀਈ = ਵੱਡੇ ਭਾਗਾਂ ਵਾਲੀਆਂ ਨੇ ।
ਹਸੁ = ਹੱਸੁ, ਆਨੰਦ ।੩ ।
ਵੇਖੈ = ਸੰਭਾਲ ਕਰਦਾ ਹੈ ।
ਕਾਰੈ = ਕਾਰ ਵਿਚ ।
ਇਕਿ = (ਲਫ਼ਜ਼ ‘ਇਕ’ ਤੋਂ ਬਹੁ-ਵਚਨ) ।
ਬਖਸ = ਬਖ਼ਸ਼ਸ਼ ।
ਫਕਾ = ਫੱਕਾ, ਥੋੜਾ ਕੁ ਹੀ ।
ਤਖਤਿ = ਤਖ਼ਤ ਉਤੇ ।
ਭਿਖ = ਭਿੱਛਿਆ ।
ਸਭੁ = ਹਰ ਥਾਂ ।
ਸਬਦੁ = ਹੁਕਮ ।੪ ।
    
Sahib Singh
ਹੇ (ਸਤਸੰਗੀ ਜੀਵ-ਇਸਤ੍ਰੀ) ਸਹੇਲੀਏ! ਆ, ਅਸੀ ਪ੍ਰਭੂ ਦੇ ਗੁਣਾਂ ਦੇ ਟੂਣੇ-ਜਾਦੂ ਤਿਆਰ ਕਰੀਏ (ਤੇ ਪ੍ਰਭੂ-ਪਤੀ ਨੂੰ ਵੱਸ ਕਰੀਏ), ਸੰਤ ਜਨਾਂ ਨੂੰ ਮਿਲ ਕੇ ਪ੍ਰਭੂ ਦੇ ਮਿਲਾਪ ਦਾ ਆਨੰਦ ਮਾਣੀਏ ।
(ਹੇ ਸਹੇਲੀਏ! ਆ, ਅਸੀ ਆਪਣੇ) ਮਨ ਵਿਚ ਗੁਰੂ ਦਾ ਦਿੱਤਾ ਗਿਆਨ-ਦੀਵਾ ਬਾਲੀਏ, (ਇਸ ਤ੍ਰਹਾਂ) ਜੇ ਪ੍ਰਭੂ ਤ੍ਰüਠ ਪਏ ਤਾਂ ਸ਼ੁਕਰ ਸ਼ੁਕਰ ਵਿਚ ਆ ਕੇ (ਉਸ ਦੇ ਚਰਨਾਂ ਵਿਚ) ਮਿਲ ਜਾਈਏ ।੧ ।
(ਹੇ ਸਹੇਲੀਏ!) ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਹਰਿ-ਮਿਤ੍ਰ ਦਾ ਪਿਆਰ ਪੈਦਾ ਹੋ ਚੁਕਾ ਹੈ (ਮੇਰੇ ਅੰਦਰ ਤਾਂਘ ਹੈ ਕਿ) ਵਿਚੋਲਾ ਗੁਰੂ ਮੈਨੂੰ ਉਹ ਮਿਤ੍ਰ-ਪ੍ਰਭੂ ਮਿਲਾ ਦੇਵੇ ।
(ਹੇ ਸਹੇਲੀਏ!) ਮੈਂ ਆਪਣਾ ਮਨ ਉਨ੍ਹਾਂ ਗੁਰਮੁਖਾਂ ਦੇ ਹਵਾਲੇ ਕਰ ਦਿਆਂ, ਜੇਹੜੇ ਮੈਨੂੰ ਮੇਰਾ ਪ੍ਰਭੂ ਮਿਲਾ ਦੇਣ ।
ਮੈਂ ਹਰਿ-ਪ੍ਰਭੂ ਤੋਂ ਸਦਾ ਕੁਰਬਾਨ ਸਦਾ ਕੁਰਬਾਨ ਜਾਂਦੀ ਹਾਂ ।੨ ।
ਹੇ ਮੇਰੇ ਪਿਆਰੇ ਗੋਵਿੰਦ! ਮਿਹਰ ਕਰ ਕੇ ਮੇਰੇ ਮਨ ਵਿਚ ਆ ਵੱਸ ।
ਹੇ ਮੇਰੇ ਗੋਵਿੰਦ! ਪੂਰੇ ਗੁਰੂ ਦਾ ਦਰਸਨ ਕਰ ਕੇ ਜਿਸ ਸੋਹਾਗਣ ਦੇ ਹਿਰਦੇ ਵਿਚ ਖਿੜਾਉ ਪੈਦਾ ਹੁੰਦਾ ਹੈ ਉਹ ਆਪਣੇ ਮਨ ਵਿਚ ਚਿਤਵਿਆ ਹੋਇਆ (ਪ੍ਰਭੂ-ਮਿਲਾਪ ਦਾ) ਫਲ ਪਾ ਲੈਂਦੀ ਹੈ ।
ਹੇ ਮੇਰੇ ਗੋਵਿੰਦ! ਜਿਸ ਸੋਹਾਗਣ ਜੀਵ-ਇਸਤ੍ਰੀ ਨੂੰ ਹਰਿ-ਨਾਮ ਮਿਲ ਜਾਂਦਾ ਹੈ, ਉਸ ਦੇ ਮਨ ਵਿਚ ਹਰ ਵੇਲੇ ਆਨੰਦ ਬਣਿਆ ਰਹਿੰਦਾ ਹੈ ਚਾਉ ਬਣਿਆ ਰਹਿੰਦਾ ਹੈ ।
ਹੇ ਮੇਰੇ ਗੋਵਿੰਦ! ਜਿਨ੍ਹਾਂ ਭਾਗਾਂ ਵਾਲੀਆਂ ਜੀਵ-ਇਸਤ੍ਰੀਆਂ ਨੇ ਹਰੀ ਦਾ ਮਿਲਾਪ ਹਾਸਲ ਕਰ ਲਿਆ ਹੈ, ਉਹ ਹਰਿ-ਨਾਮ ਦੀ ਖੱਟੀ ਖੱਟ ਕੇ ਮਨ ਵਿਚ ਨਿੱਤ ਆਤਮਕ ਆਨੰਦ ਮਾਣਦੀਆਂ ਹਨ ।੩ ।
ਹੇ ਸਹੇਲੀਏ! ਪ੍ਰਭੂ ਆਪ ਹੀ ਜੀਵਾਂ ਨੂੰ ਪੈਦਾ ਕਰਦਾ ਹੈ, ਆਪ ਹੀ (ਸਭ ਦੀ) ਸੰਭਾਲ ਕਰਦਾ ਹੈ ਤੇ ਆਪ ਹੀ (ਸਭ ਨੂੰ) ਕਾਰ ਵਿਚ ਲਾਂਦਾ ਹੈ ।
ਅਨੇਕਾਂ ਜੀਵ ਐਸੇ ਹਨ ਜੋ ਉਸ ਦੇ ਬਖ਼ਸ਼ੇ ਹੋਏ ਪਦਾਰਥ ਵਰਤਦੇ ਰਹਿੰਦੇ ਹਨ ਤੇ ਉਹ ਪਦਾਰਥ ਕਦੇ ਮੁੱਕਦੇ ਨਹੀਂ ।
ਅਨੇਕਾਂ ਜੀਵ ਐਸੇ ਹਨ ਜਿਨ੍ਹਾਂ ਨੂੰ ਉਹ ਦੇਂਦਾ ਹੀ ਥੋੜਾ ਕੁਝ ਹੈ ।
ਅਨੇਕਾਂ ਐਸੇ ਹਨ ਜੋ (ਉਸ ਦੀ ਮਿਹਰ ਨਾਲ) ਰਾਜੇ (ਬਣ ਕੇ) ਤਖ਼ਤ ਉੱਤੇ ਬੈਠਦੇ ਹਨ ਤੇ ਸਦਾ ਸੁਖੀ ਰਹਿੰਦੇ ਹਨ, ਅਨੇਕਾਂ ਐਸੇ ਹਨ ਜਿਨ੍ਹਾਂ ਪਾਸੋਂ (ਦਰ ਦਰ ਤੇ) ਭੀਖ ਮੰਗਾਂਦਾ ਹੈ ।
ਹੇ ਦਾਸ ਨਾਨਕ! (ਆਖ—) ਹੇ ਮੇਰੇ ਗੋਵਿੰਦ! ਹਰ ਥਾਂ ਇਕ ਤੇਰਾ ਹੀ ਹੁਕਮ ਵਰਤ ਰਿਹਾ ਹੈ, (ਜਿਸ ਉਤੇ ਤੇਰੀ ਮਿਹਰ ਹੁੰਦੀ ਹੈ ਉਹ) ਤੇਰਾ ਨਾਮ ਸਿਮਰਦਾ ਹੈ ।੪।੨।੨੮।੬੬ ।
Follow us on Twitter Facebook Tumblr Reddit Instagram Youtube