ਗਉੜੀ ਪੂਰਬੀ ਮਹਲਾ ੪ ॥
ਹਮ ਅਹੰਕਾਰੀ ਅਹੰਕਾਰ ਅਗਿਆਨ ਮਤਿ ਗੁਰਿ ਮਿਲਿਐ ਆਪੁ ਗਵਾਇਆ ॥
ਹਉਮੈ ਰੋਗੁ ਗਇਆ ਸੁਖੁ ਪਾਇਆ ਧਨੁ ਧੰਨੁ ਗੁਰੂ ਹਰਿ ਰਾਇਆ ॥੧॥

ਰਾਮ ਗੁਰ ਕੈ ਬਚਨਿ ਹਰਿ ਪਾਇਆ ॥੧॥ ਰਹਾਉ ॥

ਮੇਰੈ ਹੀਅਰੈ ਪ੍ਰੀਤਿ ਰਾਮ ਰਾਇ ਕੀ ਗੁਰਿ ਮਾਰਗੁ ਪੰਥੁ ਬਤਾਇਆ ॥
ਮੇਰਾ ਜੀਉ ਪਿੰਡੁ ਸਭੁ ਸਤਿਗੁਰ ਆਗੈ ਜਿਨਿ ਵਿਛੁੜਿਆ ਹਰਿ ਗਲਿ ਲਾਇਆ ॥੨॥

ਮੇਰੈ ਅੰਤਰਿ ਪ੍ਰੀਤਿ ਲਗੀ ਦੇਖਨ ਕਉ ਗੁਰਿ ਹਿਰਦੇ ਨਾਲਿ ਦਿਖਾਇਆ ॥
ਸਹਜ ਅਨੰਦੁ ਭਇਆ ਮਨਿ ਮੋਰੈ ਗੁਰ ਆਗੈ ਆਪੁ ਵੇਚਾਇਆ ॥੩॥

ਹਮ ਅਪਰਾਧ ਪਾਪ ਬਹੁ ਕੀਨੇ ਕਰਿ ਦੁਸਟੀ ਚੋਰ ਚੁਰਾਇਆ ॥
ਅਬ ਨਾਨਕ ਸਰਣਾਗਤਿ ਆਏ ਹਰਿ ਰਾਖਹੁ ਲਾਜ ਹਰਿ ਭਾਇਆ ॥੪॥੧੧॥੨੫॥੬੩॥

Sahib Singh
ਹਮ = ਅਸੀ ਜੀਵ ।
ਗੁਰਿ ਮਿਲਿਐ = ਜਦੋਂ ਗੁਰੂ ਮਿਲ ਪਏ ।
ਆਪੁ = ਆਪਾ = ਭਾਵ ।
ਸੁਖੁ = ਆਤਮਕ ਆਨੰਦ ।
ਧਨੁ ਧੰਨੁ = ਸਲਾਹੁਣ = ਜੋਗ ।੧ ।
ਬਚਨਿ = ਬਚਨ ਦੀ ਰਾਹੀਂ, ਉਪਦੇਸ਼ ਦੀ ਬਰਕਤਿ ਨਾਲ ।੧।ਰਹਾਉ ।
ਹੀਅਰੈ = ਹਿਰਦੇ ਵਿਚ ।
ਰਾਇ = ਪ੍ਰਕਾਸ਼ = ਰੂਪ ।
ਗੁਰਿ = ਗੁਰੂ ਨੇ ।
ਮਾਰਗੁ = ਰਸਤਾ ।
ਪੰਥੁ = ਰਸਤਾ ।
ਜੀਉ = ਜਿੰਦ ।
ਪਿੰਡੁ = ਸਰੀਰ ।
ਜਿਨਿ = ਜਿਸ ਨੇ, ਕਿਉਂਕਿ ਉਸ ਨੇ ।
ਗਲਿ = ਗਲ ਨਾਲ ।੨ ।
ਗੁਰਿ = ਗੁਰੂ ਨੇ ।
ਸਹਜ ਅਨੰਦੁ = ਆਤਮਕ ਅਡੋਲਤਾ ਦਾ ਸੁਖ ।
ਮਨਿ ਮੋਰੈ = ਮੇਰੇ ਮਨ ਵਿਚ ।੩ ।
ਕੀਨੇ = ਕੀਤੇ, ਕਰਦੇ ਰਹੇ ।
ਦੁਸਟੀ = ਦੁਸ਼ਟਤਾਈ, ਵਿਕਾਰ ।
ਚੋਰ ਚੁਰਾਇਆ = ਚੋਰਾਂ ਵਾਂਗ ਚੋਰੀ ਕੀਤੀ ।
ਹਰਿ ਭਾਇਆ = ਜੇ, ਹੇ ਹਰੀ !
    ਤੈਨੂੰ ਚੰਗਾ ਲੱਗੇ, ਜੇ ਤੇਰੀ ਮਿਹਰ ਹੋਵੇ ।੪ ।
    
Sahib Singh
ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਹੀ ਰਾਮ ਨਾਲ ਹਰੀ ਨਾਲ ਮਿਲਾਪ ਹੁੰਦਾ ਹੈ ।੧।ਰਹਾਉ ।
(ਗੁਰੂ ਤੋਂ ਬਿਨਾ) ਅਸੀ ਜੀਵ ਅਹੰਕਾਰੀ ਹੋਏ ਰਹਿੰਦੇ ਹਾਂ, ਸਾਡੀ ਮਤਿ ਅਹੰਕਾਰ ਤੇ ਅਗਿਆਨਤਾ ਵਾਲੀ ਬਣੀ ਰਹਿੰਦੀ ਹੈ ।
ਜਦੋਂ ਗੁਰੂ ਮਿਲ ਪਏ, ਤਦੋਂ ਆਪਾ-ਭਾਵ ਦੂਰ ਹੋ ਜਾਂਦਾ ਹੈ ।
(ਗੁਰੂ ਦੀ ਮਿਹਰ ਨਾਲ ਜਦੋਂ) ਹਉਮੈ ਦਾ ਰੋਗ ਦੂਰ ਹੁੰਦਾ ਹੈ, ਤਦੋਂ ਆਤਮਕ ਆਨੰਦ ਮਿਲਦਾ ਹੈ ।
ਇਹ ਸਾਰੀ ਮਿਹਰ ਗੁਰੂ ਦੀ ਹੀ ਹੈ, ਗੁਰੂ ਦੀ ਹੀ ਹੈ ।੧ ।
(ਗੁਰੂ ਦੀ ਕਿਰਪਾ ਨਾਲ ਹੀ) ਮੇਰੇ ਹਿਰਦੇ ਵਿਚ ਪਰਮਾਤਮਾ (ਦੇ ਚਰਨਾਂ) ਦੀ ਪ੍ਰੀਤਿ ਪੈਦਾ ਹੋਈ ਹੈ, ਗੁਰੂ ਨੇ (ਹੀ ਪਰਮਾਤਮਾ ਦੇ ਮਿਲਾਪ ਦਾ) ਰਸਤਾ ਦੱਸਿਆ ਹੈ ।
ਮੈਂ ਆਪਣੀ ਜਿੰਦ ਆਪਣਾ ਸਰੀਰ ਸਭ ਕੁਝ ਗੁਰੂ ਦੇ ਅੱਗੇ ਰੱਖ ਦਿੱਤਾ ਹੈ, ਕਿਉਂਕਿ ਗੁਰੂ ਨੇ ਹੀ ਮੈਨੂੰ ਵਿੱਛੁੜੇ ਹੋਏ ਨੂੰ ਪਰਮਾਤਮਾ ਦੇ ਗਲ ਨਾਲ ਲਾ ਦਿੱਤਾ ਹੈ ।੨ ।
(ਗੁਰੂ ਦੀ ਕਿਰਪਾ ਨਾਲ ਹੀ) ਮੇਰੇ ਅੰਦਰ ਪਰਮਾਤਮਾ ਦਾ ਦਰਸਨ ਕਰਨ ਦੀ ਤਾਂਘ ਪੈਦਾ ਹੋਈ, ਗੁਰੂ ਨੇ (ਹੀ) ਮੈਨੂੰ ਮੇਰੇ ਹਿਰਦੇ ਵਿਚ ਵੱਸਦਾ ਮੇਰੇ ਨਾਲ ਵੱਸਦਾ ਪਰਮਾਤਮਾ ਵਿਖਾ ਦਿੱਤਾ ।
ਮੇਰੇ ਮਨ ਵਿਚ (ਹੁਣ) ਆਤਮਕ ਅਡੋਲਤਾ ਦਾ ਸੁਖ ਪੈਦਾ ਹੋ ਗਿਆ ਹੈ, (ਉਸ ਦੇ ਇਵਜ਼ ਵਿਚ) ਮੈਂ ਆਪਣਾ ਆਪ ਗੁਰੂ ਦੇ ਅੱਗੇ ਵੇਚ ਦਿੱਤਾ ਹੈ ।੩ ।
ਮੈਂ ਬਥੇਰੇ ਪਾਪ ਅਪਰਾਧ ਕਰਦਾ ਰਿਹਾ, ਕਈ ਭੈੜ ਕਰਦਾ ਰਿਹਾ ਤੇ ਲੁਕਾਂਦਾ ਰਿਹਾ ਜਿਵੇਂ ਚੋਰ ਆਪਣੀ ਚੋਰੀ ਲੁਕਾਂਦੇ ਹਨ ।
ਪਰ ਹੁਣ, ਹੇ ਨਾਨਕ! (ਆਖ—) ਹੇ ਹਰੀ! ਮੈਂ ਤੇਰੀ ਸਰਨ ਆਇਆ ਹਾਂ, ਜੇ ਤੇਰੀ ਮਿਹਰ ਹੋਵੇ ਤਾਂ ਮੇਰੀ ਇੱਜ਼ਤ ਰੱਖ (ਮੈਨੂੰ ਵਿਕਾਰਾਂ ਤੋਂ ਬਚਾਈ ਰੱਖ) ।੪।੧੧।੨੫।੬੩ ।
Follow us on Twitter Facebook Tumblr Reddit Instagram Youtube