ਗਉੜੀ ਪੂਰਬੀ ਮਹਲਾ ੪ ॥
ਹਰਿ ਹਰਿ ਅਰਥਿ ਸਰੀਰੁ ਹਮ ਬੇਚਿਆ ਪੂਰੇ ਗੁਰ ਕੈ ਆਗੇ ॥
ਸਤਿਗੁਰ ਦਾਤੈ ਨਾਮੁ ਦਿੜਾਇਆ ਮੁਖਿ ਮਸਤਕਿ ਭਾਗ ਸਭਾਗੇ ॥੧॥

ਰਾਮ ਗੁਰਮਤਿ ਹਰਿ ਲਿਵ ਲਾਗੇ ॥੧॥ ਰਹਾਉ ॥

ਘਟਿ ਘਟਿ ਰਮਈਆ ਰਮਤ ਰਾਮ ਰਾਇ ਗੁਰ ਸਬਦਿ ਗੁਰੂ ਲਿਵ ਲਾਗੇ ॥
ਹਉ ਮਨੁ ਤਨੁ ਦੇਵਉ ਕਾਟਿ ਗੁਰੂ ਕਉ ਮੇਰਾ ਭ੍ਰਮੁ ਭਉ ਗੁਰ ਬਚਨੀ ਭਾਗੇ ॥੨॥

ਅੰਧਿਆਰੈ ਦੀਪਕ ਆਨਿ ਜਲਾਏ ਗੁਰ ਗਿਆਨਿ ਗੁਰੂ ਲਿਵ ਲਾਗੇ ॥
ਅਗਿਆਨੁ ਅੰਧੇਰਾ ਬਿਨਸਿ ਬਿਨਾਸਿਓ ਘਰਿ ਵਸਤੁ ਲਹੀ ਮਨ ਜਾਗੇ ॥੩॥

ਸਾਕਤ ਬਧਿਕ ਮਾਇਆਧਾਰੀ ਤਿਨ ਜਮ ਜੋਹਨਿ ਲਾਗੇ ॥
ਉਨ ਸਤਿਗੁਰ ਆਗੈ ਸੀਸੁ ਨ ਬੇਚਿਆ ਓਇ ਆਵਹਿ ਜਾਹਿ ਅਭਾਗੇ ॥੪॥

ਹਮਰਾ ਬਿਨਉ ਸੁਨਹੁ ਪ੍ਰਭ ਠਾਕੁਰ ਹਮ ਸਰਣਿ ਪ੍ਰਭੂ ਹਰਿ ਮਾਗੇ ॥
ਜਨ ਨਾਨਕ ਕੀ ਲਜ ਪਾਤਿ ਗੁਰੂ ਹੈ ਸਿਰੁ ਬੇਚਿਓ ਸਤਿਗੁਰ ਆਗੇ ॥੫॥੧੦॥੨੪॥੬੨॥

Sahib Singh
ਹਰਿ ਅਰਥਿ = ਹਰੀ (ਦੇ ਮਿਲਾਪ) ਦੀ ਖ਼ਾਤਰ ।
ਹਮ = ਮੈਂ ।
ਦਾਤੈ = ਦਾਤੇ ਨੇ ।
ਦਿੜਾਇਆ = (ਹਿਰਦੇ ਵਿਚ) ਪੱਕਾ ਕਰ ਦਿੱਤਾ ਹੈ ।
ਮੁਖਿ = ਮੂੰਹ ਉਤੇ ।
ਮਸਤਕਿ = ਮੱਥੇ ਉਤੇ ।
ਸਭਾਗ = ਭਾਗਾਂ ਵਾਲੇ ।੧ ।
ਲਿਵ = ਲਗਨ ।
ਲਾਗੇ = ਲੱਗਦੀ ਹੈ ।੧।ਰਹਾਉ ।
ਘਟਿ ਘਟਿ = ਹਰੇਕ ਘਟ ਵਿਚ ।
ਰਮਈਆ = ਸੋਹਣਾ ਰਾਮ ।
ਰਮਤ = ਵਿਆਪਕ ।
ਸਬਦਿ = ਸ਼ਬਦ ਦੀ ਰਾਹੀਂ ।
ਹਉ = ਮੈਂ ।
ਦੇਵਉ = ਦੇਵਉਂ, ਮੈਂ ਦੇਂਦਾ ਹਾਂ, ਮੈਂ ਦੇਣ ਨੂੰ ਤਿਆਰ ਹਾਂ ।
ਕਉ = ਨੂੰ ।
ਕਾਟਿ = ਕੱਟ ਕੇ ।੨।ਅੰਧਿਆਰੈ—(ਮਾਇਆ ਦੇ ਮੋਹ ਦੇ) ਹਨੇਰੇ ਵਿਚ ।
ਦੀਪਕ = (ਗਿਆਨ ਦਾ) ਦੀਵਾ ।
ਆਨਿ = ਲਿਆ ਕੇ ।
ਗਿਆਨਿ = ਗਿਆਨ ਦੀ ਰਾਹੀਂ, ਪ੍ਰਭੂ ਨਾਲ ਡੂੰਘੀ ਸਾਂਝ ਦੀ ਰਾਹੀਂ ।
ਘਰਿ = ਹਿਰਦੇ = ਘਰ ਵਿਚ ।
ਲਹੀ = ਲੱਭ ਲਈ ।੩ ।
ਸਾਕਤ = ਰੱਬ ਨਾਲੋਂ ਟੁੱਟੇ ਹੋਏ ।
ਬਧਿਕ = ਸ਼ਿਕਾਰੀ, ਹੈਂਸਿਆਰੇ, ਨਿਰਦਈ ।
ਜਮ = ਮੌਤ, ਆਤਮਕ ਮੌਤ ।
ਜੋਹਨਿ ਲਾਗੇ = ਤੱਕ ਵਿਚ ਰੱਖਦੀ ਹੈ ।
ਉਨ = ਉਹਨਾਂ (ਸਾਕਤਾਂ) ਨੇ ।
ਓਇ = (ਲਫ਼ਜ਼ ‘ਓਹ’ ਤੋਂ ਬਹੁ-ਵਚਨ) ।੪ ।
ਹਮਰਾ ਬਿਨਉ = ਮੇਰੀ ਬੇਨਤੀ ।
ਪ੍ਰਭ = ਹੇ ਪ੍ਰਭੂ !
ਮਾਗੇ = ਮੰਗਦਾ ਹਾਂ ।
ਲਜ = ਲਾਜ ।
ਪਾਤਿ = ਪਤਿ, ਇੱਜ਼ਤ ।
    
Sahib Singh
(ਹੇ ਭਾਈ!) ਗੁਰੂ ਦੀ ਮਤਿ ਉਤੇ ਤੁਰਿਆਂ ਹੀ ਰਾਮ ਹਰੀ (ਦੇ ਚਰਨਾਂ) ਵਿਚ ਲਗਨ ਲੱਗਦੀ ਹੈ ।੧।ਰਹਾਉ ।
(ਹੇ ਭਾਈ!) ਹਰੀ ਦੇ ਮਿਲਾਪ ਦੀ ਖ਼ਾਤਰ ਮੈਂ ਆਪਣਾ ਸਰੀਰ ਪੂਰੇ ਗੁਰੂ ਅੱਗੇ ਵੇਚ ਦਿੱਤਾ ਹੈ, ਦਾਤੇ ਸਤਿਗੁਰੂ ਨੇ (ਮੇਰੇ ਹਿਰਦੇ ਵਿਚ) ਹਰੀ ਦਾ ਨਾਮ ਪੱਕਾ ਕਰ ਦਿੱਤਾ ਹੈ, ਮੇਰੇ ਮੂੰਹ ਉਤੇ ਮੇਰੇ ਮੱਥੇ ਉਤੇ ਭਾਗ ਜਾਗ ਪਏ ਹਨ, ਮੈਂ ਭਾਗਾਂ ਵਾਲਾ ਹੋ ਗਿਆ ਹਾਂ ।੧ ।
(ਭਾਵੇਂ ਉਹ) ਸੋਹਣਾ ਰਾਮ ਹਰੇਕ ਸਰੀਰ ਵਿਚ ਵਿਆਪਕ ਹੈ (ਫਿਰ ਭੀ) ਗੁਰੂ ਦੇ ਸ਼ਬਦ ਦੀ ਰਾਹੀਂ (ਹੀ ਉਸ ਨਾਲ) ਲਗਨ ਲੱਗਦੀ ਹੈ ।
ਮੈਂ ਗੁਰੂ ਨੂੰ ਆਪਣਾ ਮਨ ਆਪਣਾ ਤਨ ਦੇਣ ਨੂੰ ਤਿਆਰ ਹਾਂ (ਆਪਣਾ ਸਿਰ) ਕੱਟ ਕੇ ਦੇਣ ਨੂੰ ਤਿਆਰ ਹਾਂ ।
ਗੁਰੂ ਦੇ ਬਚਨਾਂ ਦੀ ਰਾਹੀਂ ਹੀ ਮੇਰੀ ਭਟਕਣਾ ਮੇਰਾ ਡਰ ਦੂਰ ਹੋ ਸਕਦਾ ਹੈ ।੨ ।
(ਮਾਇਆ ਦੇ ਮੋਹ ਦੇ) ਹਨੇਰੇ ਵਿਚ (ਫਸੇ ਹੋਏ ਜੀਵ ਦੇ ਅੰਦਰ ਗੁਰੂ ਹੀ ਗਿਆਨ ਦਾ) ਦੀਵਾ ਲਿਆ ਕੇ ਬਾਲਦਾ ਹੈ, ਗੁਰੂ ਦੇ ਦਿੱਤੇ ਗਿਆਨ ਦੀ ਰਾਹੀਂ ਹੀ (ਪ੍ਰਭੂ-ਚਰਨਾਂ ਵਿਚ) ਲਗਨ ਲੱਗਦੀ ਹੈ, ਅਗਿਆਨਤਾ ਦਾ ਹਨੇਰਾ ਪੂਰੇ ਤੌਰ ਤੇ ਨਾਸ ਹੋ ਜਾਂਦਾ ਹੈ, ਹਿਰਦੇ-ਘਰ ਵਿਚ ਪ੍ਰਭੂ ਦਾ ਨਾਮ-ਪਦਾਰਥ ਲੱਭ ਪੈਂਦਾ ਹੈ, ਮਨ (ਮੋਹ ਦੀ ਨੀਂਦ ਵਿਚੋਂ) ਜਾਗ ਪੈਂਦਾ ਹੈ ।੩ ।
ਮਾਇਆ ਨੂੰ ਆਪਣੀ ਜ਼ਿੰਦਗੀ ਦਾ ਆਸਰਾ ਬਣਾਣ ਵਾਲੇ ਮਨੁੱਖ ਰੱਬ ਨਾਲੋਂ ਟੁੱਟ ਜਾਂਦੇ ਹਨ, ਨਿਰਦਈ ਹੋ ਜਾਂਦੇ ਹਨ, ਆਤਮਕ ਮੌਤ ਉਹਨਾਂ ਨੂੰ ਆਪਣੀ ਤੱਕ ਵਿਚ ਰੱਖਦੀ ਹੈ ।
ਉਹ ਮਨੁੱਖ ਸਤਿਗੁਰੂ ਦੇ ਅੱਗੇ ਆਪਣਾ ਸਿਰ ਨਹੀਂ ਵੇਚਦੇ (ਉਹ ਆਪਣੇ ਅੰਦਰੋਂ ਹਉਮੈ ਨਹੀਂ ਗਵਾਂਦੇ) ਉਹ ਬਦ-ਕਿਸਮਤ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ ।੪ ।
ਹੇ ਪ੍ਰਭੂ! ਹੇ ਠਾਕੁਰ! ਮੇਰੀ ਬੇਨਤੀ ਸੁਣ, ਮੈਂ ਤੇਰੀ ਸਰਨ ਆਇਆ ਹਾਂ, ਮੈਂ ਤੈਥੋਂ ਤੇਰਾ ਨਾਮ ਮੰਗਦਾ ਹਾਂ ।
ਦਾਸ ਨਾਨਕ ਦੀ ਲਾਜ ਇੱਜ਼ਤ (ਰੱਖਣ ਵਾਲਾ) ਗੁਰੂ ਹੀ ਹੈ, ਮੈਂ ਸਤਿਗੁਰੂ ਦੇ ਅੱਗੇ ਆਪਣਾ ਸਿਰ ਵੇਚ ਦਿੱਤਾ ਹੈ (ਮੈਂ ਨਾਮ ਦੇ ਵੱਟੇ ਵਿਚ ਆਪਣੀ ਅਪਣੱਤ ਗੁਰੂ ਦੇ ਹਵਾਲੇ ਕਰ ਦਿੱਤੀ ਹੈ) ।੫।੧੦।੨੪।੬੨ ।
Follow us on Twitter Facebook Tumblr Reddit Instagram Youtube