ਗਉੜੀ ਪੂਰਬੀ ਮਹਲਾ ੪ ॥
ਇਹੁ ਮਨੂਆ ਖਿਨੁ ਨ ਟਿਕੈ ਬਹੁ ਰੰਗੀ ਦਹ ਦਹ ਦਿਸਿ ਚਲਿ ਚਲਿ ਹਾਢੇ ॥
ਗੁਰੁ ਪੂਰਾ ਪਾਇਆ ਵਡਭਾਗੀ ਹਰਿ ਮੰਤ੍ਰੁ ਦੀਆ ਮਨੁ ਠਾਢੇ ॥੧॥

ਰਾਮ ਹਮ ਸਤਿਗੁਰ ਲਾਲੇ ਕਾਂਢੇ ॥੧॥ ਰਹਾਉ ॥

ਹਮਰੈ ਮਸਤਕਿ ਦਾਗੁ ਦਗਾਨਾ ਹਮ ਕਰਜ ਗੁਰੂ ਬਹੁ ਸਾਢੇ ॥
ਪਰਉਪਕਾਰੁ ਪੁੰਨੁ ਬਹੁ ਕੀਆ ਭਉ ਦੁਤਰੁ ਤਾਰਿ ਪਰਾਢੇ ॥੨॥

ਜਿਨ ਕਉ ਪ੍ਰੀਤਿ ਰਿਦੈ ਹਰਿ ਨਾਹੀ ਤਿਨ ਕੂਰੇ ਗਾਢਨ ਗਾਢੇ ॥
ਜਿਉ ਪਾਣੀ ਕਾਗਦੁ ਬਿਨਸਿ ਜਾਤ ਹੈ ਤਿਉ ਮਨਮੁਖ ਗਰਭਿ ਗਲਾਢੇ ॥੩॥

ਹਮ ਜਾਨਿਆ ਕਛੂ ਨ ਜਾਨਹ ਆਗੈ ਜਿਉ ਹਰਿ ਰਾਖੈ ਤਿਉ ਠਾਢੇ ॥
ਹਮ ਭੂਲ ਚੂਕ ਗੁਰ ਕਿਰਪਾ ਧਾਰਹੁ ਜਨ ਨਾਨਕ ਕੁਤਰੇ ਕਾਢੇ ॥੪॥੭॥੨੧॥੫੯॥

Sahib Singh
ਮਨੂਆ = ਅੰਞਾਣ ਮਨ ।
ਖਿਨੁ = ਰਤਾ ਭਰ ਭੀ ।
ਬਹੁ ਰੰਗੀ = ਬਹੁਤ ਰੰਗ = ਤਮਾਸ਼ਿਆਂ ਵਿਚ (ਫਸ ਕੇ) ।
ਦਹ = ਦਸ ।
ਦਿਸਿ = ਪਾਸੇ ਵਲ ।
ਚਲਿ = ਚੱਲ ਕੇ, ਦੌੜ ਕੇ ।
ਹਾਢੇ = ਭਟਕਦਾ ਹੈ ।
ਠਾਢੇ = ਖਲੋ ਗਿਆ ਹੈ ।੧ ।
ਲਾਲੇ = ਗੁਲਾਮ ।
ਕਾਂਢੇ = ਅਖਵਾਂਦੇ ਹਾਂ ।੧।ਰਹਾਉ ।
ਮਸਤਕਿ = ਮੱਥੇ ਉਤੇ ।
ਦਾਗੁ = ਨਿਸ਼ਾਨ ।
ਦਗਾਨਾ = ਦਾਗਿਆ ਗਿਆ ਹੈ ।
ਸਾਢੇ = ਸਾਂਢੇ, ਇਕੱਠਾ ਕਰ ਲਿਆ ਹੈ ।
ਪੁੰਨੁ = ਭਲਾਈ, ਨੇਕੀ ।
ਭਉ = ਭਵ = ਸਾਗਰ ।
ਦੁਤਰੁ = (ਦੁÔਤਰ) ਜਿਸ ਤੋਂ ਤਰਨਾ ਅੌਖਾ ਹੈ ।
ਪਰਾਢੇ = ਪਾਰ ਕਰ ਦਿੱਤਾ ਹੈ ।੨ ।
ਰਿਦੈ = ਹਿਰਦੇ ਵਿਚ ।
ਕੂਰੇ = ਝੂਠੇ ।
ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ।
ਗਰਭਿ = ਗਰਭ ਵਿਚ, ਜੂਨਾਂ ਦੇ ਗੇੜ ਵਿਚ ।
ਗਲਾਢੇ = ਗਲਦੇ ਹਨ ।੩ ।
ਨ ਜਾਨਹ = ਅਸੀ ਨਹੀਂ ਜਾਣਦੇ ।
ਆਗੈ = ਆਉਣ ਵਾਲੇ ਸਮੇ ਵਿਚ ।
ਠਾਢੇ = ਖੜੇ ਹਾਂ ।
ਕੁਤਰੇ = ਕੁੱਤੇ, ਕੂਕਰ ।
ਕਾਢੇ = ਅਖਵਾਂਦੇ ਹਾਂ ।੪ ।
    
Sahib Singh
ਹੇ ਰਾਮ! ਮੈਂ ਗੁਰੂ ਦਾ ਗ਼ੁਲਾਮ ਅਖਵਾਂਦਾ ਹਾਂ ।੧।ਰਹਾਉ ।
(ਮੇਰਾ) ਇਹ ਅੰਞਾਣ ਮਨ ਬਹੁਤ ਰੰਗ-ਤਮਾਸ਼ਿਆਂ ਵਿਚ (ਫਸ ਕੇ) ਰਤਾ ਭਰ ਭੀ ਟਿਕਦਾ ਨਹੀਂ, ਦਸੀਂ ਪਾਸੀਂ ਦੌੜ ਦੌੜ ਕੇ ਭਟਕਦਾ ਹੈ ।
(ਪਰ ਹੁਣ) ਵੱਡੇ ਭਾਗਾਂ ਨਾਲ (ਮੈਨੂੰ) ਪੂਰਾ ਗੁਰੂ ਮਿਲ ਪਿਆ ਹੈ, ਉਸ ਨੇ ਪ੍ਰਭੂ (-ਨਾਮ ਸਿਮਰਨ ਦਾ) ਉਪਦੇਸ਼ ਦਿੱਤਾ ਹੈ (ਜਿਸ ਦੀ ਬਰਕਤਿ ਨਾਲ) ਮਨ ਸ਼ਾਂਤ ਹੋ ਗਿਆ ਹੈ ।੧ ।
(ਪੂਰੇ ਗੁਰੂ ਨੇ ਮੇਰੇ ਉਤੇ) ਬਹੁਤ ਪਰਉਪਕਾਰ ਕੀਤਾ ਹੈ ਭਲਾਈ ਕੀਤੀ ਹੈ, ਮੈਨੂੰ ਉਸ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦਿੱਤਾ ਹੈ ਜਿਸ ਤੋਂ ਪਾਰ ਲੰਘਣਾ ਬਹੁਤ ਅੌਖਾ ਸੀ ।
(ਗੁਰੂ ਦੇ ਉਪਕਾਰ ਦਾ ਇਹ) ਬਹੁਤ ਕਰਜ਼ਾ (ਮੇਰੇ ਸਿਰ ਉਤੇ) ਇਕੱਠਾ ਹੋ ਗਿਆ ਹੈ (ਇਹ ਕਰਜ਼ਾ ਉਤਰ ਨਹੀਂ ਸਕਦਾ, ਉਸ ਦੇ ਇਵਜ਼ ਮੈਂ ਗੁਰੂ ਦਾ ਗ਼ੁਲਾਮ ਬਣ ਗਿਆ ਹਾਂ, ਤੇ) ਮੇਰੇ ਮੱਥੇ ਉਤੇ (ਗ਼ੁਲਾਮੀ ਦਾ) ਨਿਸ਼ਾਨ ਦਾਗਿਆ ਗਿਆ ਹੈ ।੨ ।
ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਪਿਆਰ ਨਹੀਂ ਹੁੰਦਾ (ਜੇ ਉਹ ਬਾਹਰ ਲੋਕਾਚਾਰੀ ਪਿਆਰ ਦਾ ਕੋਈ ਵਿਖਾਵਾ ਕਰਦੇ ਹਨ, ਤਾਂ) ਉਹ ਝੂਠੇ ਗੰਢ-ਤੁਪ ਹੀ ਕਰਦੇ ਹਨ ।
ਜਿਵੇਂ ਪਾਣੀ ਵਿਚ (ਪਿਆ) ਕਾਗਜ਼ ਗਲ ਜਾਂਦਾ ਹੈ ਤਿਵੇਂ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਪ੍ਰਭੂ-ਪ੍ਰੀਤਿ ਤੋਂ ਸੱਖਣੇ ਹੋਣ ਕਰਕੇ) ਜੂਨਾਂ ਦੇ ਗੇੜ ਵਿਚ (ਆਪਣੇ ਆਤਮਕ ਜੀਵਨ ਵਲੋਂ) ਗਲ ਜਾਂਦੇ ਹਨ ।੩ ।
(ਪਰ ਸਾਡੀ ਜੀਵਾਂ ਦੀ ਕੋਈ ਚਤੁਰਾਈ ਸਿਆਣਪ ਕੰਮ ਨਹੀਂ ਕਰ ਸਕਦੀ) ਨਾਹ (ਹੁਣ ਤਕ) ਅਸੀ ਜੀਵ ਕੋਈ ਚਤੁਰਾਈ-ਸਿਆਣਪ ਕਰ ਸਕੇ ਹਾਂ, ਨਾਹ ਹੀ ਅਗਾਂਹ ਨੂੰ ਹੀ ਕਰ ਸਕਾਂਗੇ ।
ਜਿਵੇਂ ਪਰਮਾਤਮਾ ਸਾਨੂੰ ਰੱਖਦਾ ਹੈ ਉਸੇ ਹਾਲਤ ਵਿਚ ਅਸੀ ਟਿਕਦੇ ਹਾਂ ।ਹੇ ਦਾਸ ਨਾਨਕ! (ਉਸ ਦੇ ਦਰ ਤੇ ਅਰਦਾਸ ਹੀ ਫਬਦੀ ਹੈ ।
ਅਰਦਾਸ ਕਰੋ ਤੇ ਆਖੋ—) ਹੇ ਗੁਰੂ! ਸਾਡੀਆਂ ਭੁੱਲਾਂ ਚੁੱਕਾਂ (ਅਣਡਿੱਠ ਕਰ ਕੇ ਸਾਡੇ ਉਤੇ) ਮਿਹਰ ਕਰੋ, ਅਸੀ (ਤੁਹਾਡੇ ਦਰ ਦੇ) ਕੂਕਰ ਅਖਵਾਂਦੇ ਹਾਂ ।੪।੭।੨੧।੫੯ ।
Follow us on Twitter Facebook Tumblr Reddit Instagram Youtube