ਗਉੜੀ ਪੂਰਬੀ ਮਹਲਾ ੪ ॥
ਹਮਰੇ ਪ੍ਰਾਨ ਵਸਗਤਿ ਪ੍ਰਭ ਤੁਮਰੈ ਮੇਰਾ ਜੀਉ ਪਿੰਡੁ ਸਭ ਤੇਰੀ ॥
ਦਇਆ ਕਰਹੁ ਹਰਿ ਦਰਸੁ ਦਿਖਾਵਹੁ ਮੇਰੈ ਮਨਿ ਤਨਿ ਲੋਚ ਘਣੇਰੀ ॥੧॥

ਰਾਮ ਮੇਰੈ ਮਨਿ ਤਨਿ ਲੋਚ ਮਿਲਣ ਹਰਿ ਕੇਰੀ ॥
ਗੁਰ ਕ੍ਰਿਪਾਲਿ ਕ੍ਰਿਪਾ ਕਿੰਚਤ ਗੁਰਿ ਕੀਨੀ ਹਰਿ ਮਿਲਿਆ ਆਇ ਪ੍ਰਭੁ ਮੇਰੀ ॥੧॥ ਰਹਾਉ ॥

ਜੋ ਹਮਰੈ ਮਨ ਚਿਤਿ ਹੈ ਸੁਆਮੀ ਸਾ ਬਿਧਿ ਤੁਮ ਹਰਿ ਜਾਨਹੁ ਮੇਰੀ ॥
ਅਨਦਿਨੁ ਨਾਮੁ ਜਪੀ ਸੁਖੁ ਪਾਈ ਨਿਤ ਜੀਵਾ ਆਸ ਹਰਿ ਤੇਰੀ ॥੨॥

ਗੁਰਿ ਸਤਿਗੁਰਿ ਦਾਤੈ ਪੰਥੁ ਬਤਾਇਆ ਹਰਿ ਮਿਲਿਆ ਆਇ ਪ੍ਰਭੁ ਮੇਰੀ ॥
ਅਨਦਿਨੁ ਅਨਦੁ ਭਇਆ ਵਡਭਾਗੀ ਸਭ ਆਸ ਪੁਜੀ ਜਨ ਕੇਰੀ ॥੩॥

ਜਗੰਨਾਥ ਜਗਦੀਸੁਰ ਕਰਤੇ ਸਭ ਵਸਗਤਿ ਹੈ ਹਰਿ ਕੇਰੀ ॥
ਜਨ ਨਾਨਕ ਸਰਣਾਗਤਿ ਆਏ ਹਰਿ ਰਾਖਹੁ ਪੈਜ ਜਨ ਕੇਰੀ ॥੪॥੬॥੨੦॥੫੮॥

Sahib Singh
ਤੁਮਰੈ ਵਸਗਤਿ = ਤੇਰੇ ਵੱਸ ਵਿਚ ।
ਪ੍ਰਭ = ਹੇ ਪ੍ਰਭੂ !
ਜੀਉ = ਜੀਵਾਤਮਾ, ਜਿੰਦ ।
ਪਿੰਡੁ = ਸਰੀਰ ।
ਤੇਰੀ = ਤੇਰਾ (ਤੁਕਾਂਤ ਠੀਕ ਰੱਖਣ ਵਾਸਤੇ ‘ਤੇਰਾ’ ਦੇ ਥਾਂ ‘ਤੇਰੀ’) ।
ਲੋਚ = ਤਾਂਘ ।
ਘਣੇਰੀ = ਬਹੁਤ ।੧ ।
ਕੇਰੀ = ਦੀ ।
ਮਨਿ = ਮਨ ਵਿਚ ।
ਤਨਿ = ਤਨ ਵਿਚ ।
ਕਿ੍ਰਪਾਲਿ = ਕਿ੍ਰਪਾਲ ਨੇ ।
ਕਿੰਚਤੁ = ਥੋੜੀ ਕੁ ।
ਗੁਰਿ = ਗੁਰੂ ਨੇ ।
ਮਨ ਚਿਤਿ = ਮਨ ਵਿਚ ਚਿਤ ਵਿਚ ।
ਬਿਧਿ = ਹਾਲਤ ।
ਅਨਦਿਨੁ = ਹਰ ਰੋਜ਼ ।
ਜਪੀ = ਜਪੀਂ, ਮੈਂ ਜਪਾਂ ।
ਪਾਈ = ਪਾਈਂ, ਮੈਂ ਪਾਵਾਂ ।
ਜੀਵਾ = ਜੀਵਾਂ, ਮੈਂ ਆਤਮਕ ਜੀਵਨ ਪ੍ਰਾਪਤ ਕਰਾਂ ।੨ ।
ਦਾਤੈ = ਦਾਤੇ ਨੇ ।
ਪੰਧੁ = ਰਸਤਾ ।
ਕੇਰੀ = ਦੀ ।੩ ।
ਜਗੰਨਾਥ = ਹੇ ਜਗਤ ਦੇ ਨਾਥ !
ਜਗਦੀਸੁਰ = ਹੇ ਜਗਤ ਦੇ ਈਸ਼ਵਰ !
ਪੈਜ = ਲਾਜ, ਇੱਜ਼ਤ ।੪ ।
    
Sahib Singh
ਹੇ ਮੇਰੇ ਰਾਮ! ਹੇ ਮੇਰੇ ਹਰੀ! ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਤੈਨੂੰ ਮਿਲਣ ਦੀ (ਬੜੀ) ਤਾਂਘ ਹੈ ।
(ਹੇ ਭਾਈ!) ਕਿਰਪਾਲ ਗੁਰੂ ਨੇ ਜਦੋਂ ਥੋੜੀ ਜਿਹੀ ਕਿਰਪਾ ਕੀਤੀ, ਤਦੋਂ ਮੇਰਾ ਹਰਿ-ਪ੍ਰਭੂ ਮੈਨੂੰ ਆ ਮਿਲਿਆ ।੧।ਰਹਾਉ ।
ਹੇ ਪ੍ਰਭੂ! ਮੇਰੇ ਪ੍ਰਾਣ ਤੇਰੇ ਵੱਸ ਵਿਚ ਹੀ ਹਨ ।
ਮੇਰੀ ਜਿੰਦ ਤੇ ਮੇਰਾ ਸਰੀਰ ਇਹ ਸਭ ਤੇਰੇ ਹੀ ਦਿੱਤੇ ਹੋਏ ਹਨ ।
ਹੇ ਪ੍ਰਭੂ! (ਮੇਰੇ ਉਤੇ) ਮਿਹਰ ਕਰ, ਮੈਨੂੰ ਆਪਣਾ ਦਰਸਨ ਦੇਹ, (ਤੇਰੇ ਦਰਸਨ ਦੀ) ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਬੜੀ ਤਾਂਘ ਹੈ ।੧ ।
ਹੇ ਹਰੀ! ਹੇ ਮੇਰੇ ਸੁਆਮੀ! ਅਸਾਂ ਜੀਵਾਂ ਦੇ ਮਨ ਵਿਚ ਚਿਤ ਵਿਚ ਜੋ ਕੁਝ ਵਰਤਦੀ ਹੈ, ਉਹ ਹਾਲਤ ਤੂੰ ਆਪ ਹੀ ਜਾਣਦਾ ਹੈਂ ।
ਹੇ ਹਰੀ! ਮੈਨੂੰ (ਸਦਾ) ਤੇਰੀ (ਮਿਹਰ ਦੀ) ਆਸ ਰਹਿੰਦੀ ਹੈ (ਕਿ ਤੂੰ ਕਿਰਪਾ ਕਰੇਂ ਤਾਂ) ਮੈਂ ਹਰ ਰੋਜ਼ ਤੇਰਾ ਨਾਮ ਜਪਦਾ ਰਹਾਂ, ਆਤਮਕ ਆਨੰਦ ਮਾਣਦਾ ਰਹਾਂ, ਤੇ ਸਦਾ ਆਤਮਕ ਜੀਵਨ ਜੀਊਂਦਾ ਰਹਾਂ ।੨ ।
(ਨਾਮ ਦੀ) ਦਾਤਿ ਦੇਣ ਵਾਲੇ ਗੁਰੂ ਨੇ ਸਤਿਗੁਰੂ ਨੇ ਮੈਨੂੰ (ਪਰਮਾਤਮਾ ਨਾਲ ਮਿਲਣ ਦਾ) ਰਾਹ ਦੱਸਿਆ, ਤੇ ਮੇਰਾ ਹਰਿ-ਪ੍ਰਭੂ ਮੈਨੂੰ ਆ ਮਿਲਿਆ ।
ਵੱਡੇ ਭਾਗਾਂ ਨਾਲ (ਮੇਰੇ ਹਿਰਦੇ ਵਿਚ) ਹਰ ਰੋਜ਼ (ਹਰ ਵੇਲੇ) ਆਤਮਕ ਆਨੰਦ ਬਣਿਆ ਰਹਿੰਦਾ ਹੈ, ਮੈਂ ਦਾਸ ਦੀ ਆਸ ਪੂਰੀ ਹੋ ਗਈ ਹੈ ।੩ ।
ਹੇ ਜਗਤ ਦੇ ਨਾਥ! ਹੇ ਜਗਤ ਦੇ ਈਸ਼ਵਰ! ਹੇ ਕਰਤਾਰ! ਇਹ ਸਾਰੀ (ਜਗਤ-ਖੇਡ) ਤੇਰੇ ਵੱਸ ਵਿਚ ਹੈ ।
ਹੇ ਦਾਸ ਨਾਨਕ! (ਅਰਦਾਸ ਕਰ ਤੇ ਆਖ—) ਹੇ ਹਰੀ! ਮੈਂ ਤੇਰੀ ਸਰਨ ਆਇਆ ਹਾਂ, ਮੇਰੀ ਦਾਸ ਦੀ ਲਾਜ ਰੱਖ ।੪।੬।੨੦।੫੮ ।
Follow us on Twitter Facebook Tumblr Reddit Instagram Youtube