ਗਉੜੀ ਪੂਰਬੀ ਮਹਲਾ ੪ ॥
ਮੇਰੇ ਮਨ ਸੋ ਪ੍ਰਭੁ ਸਦਾ ਨਾਲਿ ਹੈ ਸੁਆਮੀ ਕਹੁ ਕਿਥੈ ਹਰਿ ਪਹੁ ਨਸੀਐ ॥
ਹਰਿ ਆਪੇ ਬਖਸਿ ਲਏ ਪ੍ਰਭੁ ਸਾਚਾ ਹਰਿ ਆਪਿ ਛਡਾਏ ਛੁਟੀਐ ॥੧॥

ਮੇਰੇ ਮਨ ਜਪਿ ਹਰਿ ਹਰਿ ਹਰਿ ਮਨਿ ਜਪੀਐ ॥
ਸਤਿਗੁਰ ਕੀ ਸਰਣਾਈ ਭਜਿ ਪਉ ਮੇਰੇ ਮਨਾ ਗੁਰ ਸਤਿਗੁਰ ਪੀਛੈ ਛੁਟੀਐ ॥੧॥ ਰਹਾਉ ॥

ਮੇਰੇ ਮਨ ਸੇਵਹੁ ਸੋ ਪ੍ਰਭ ਸ੍ਰਬ ਸੁਖਦਾਤਾ ਜਿਤੁ ਸੇਵਿਐ ਨਿਜ ਘਰਿ ਵਸੀਐ ॥
ਗੁਰਮੁਖਿ ਜਾਇ ਲਹਹੁ ਘਰੁ ਅਪਨਾ ਘਸਿ ਚੰਦਨੁ ਹਰਿ ਜਸੁ ਘਸੀਐ ॥੨॥

ਮੇਰੇ ਮਨ ਹਰਿ ਹਰਿ ਹਰਿ ਹਰਿ ਹਰਿ ਜਸੁ ਊਤਮੁ ਲੈ ਲਾਹਾ ਹਰਿ ਮਨਿ ਹਸੀਐ ॥
ਹਰਿ ਹਰਿ ਆਪਿ ਦਇਆ ਕਰਿ ਦੇਵੈ ਤਾ ਅੰਮ੍ਰਿਤੁ ਹਰਿ ਰਸੁ ਚਖੀਐ ॥੩॥

ਮੇਰੇ ਮਨ ਨਾਮ ਬਿਨਾ ਜੋ ਦੂਜੈ ਲਾਗੇ ਤੇ ਸਾਕਤ ਨਰ ਜਮਿ ਘੁਟੀਐ ॥
ਤੇ ਸਾਕਤ ਚੋਰ ਜਿਨਾ ਨਾਮੁ ਵਿਸਾਰਿਆ ਮਨ ਤਿਨ ਕੈ ਨਿਕਟਿ ਨ ਭਿਟੀਐ ॥੪॥

ਮੇਰੇ ਮਨ ਸੇਵਹੁ ਅਲਖ ਨਿਰੰਜਨ ਨਰਹਰਿ ਜਿਤੁ ਸੇਵਿਐ ਲੇਖਾ ਛੁਟੀਐ ॥
ਜਨ ਨਾਨਕ ਹਰਿ ਪ੍ਰਭਿ ਪੂਰੇ ਕੀਏ ਖਿਨੁ ਮਾਸਾ ਤੋਲੁ ਨ ਘਟੀਐ ॥੫॥੫॥੧੯॥੫੭॥

Sahib Singh
ਕਹੁ = ਦੱਸ ।
ਪਹੁ = ਪਾਸੋਂ, ਤੋਂ ।
ਸਾਚਾ = ਸਦਾ = ਥਿਰ ਰਹਿਣ ਵਾਲਾ ।੧ ।
ਮਨ = ਹੇ ਮਨ !
ਮਨਿ = ਮਨ ਵਿਚ ।
ਭਜਿ = ਦੌੜ ਕੇ ।
ਪਉ = ਪੈ ਜਾ ।
ਪੀਛੈ = ਪਿੱਛੇ ਤੁਰਿਆਂ ।੧।ਰਹਾਉ ।
ਸ੍ਰਬ = ਸਰਬ, ਸਾਰੇ ।
ਜਿਤੁ ਸੇਵਿਐ = ਜਿਸ ਦੀ ਸੇਵਾ ਕੀਤਿਆਂ ।
ਘਰਿ = ਘਰ ਵਿਚ ।
ਲਹਹੁ = ਲੱਭ ਲਵੋ ।
ਘਸਿ = ਘਸ ਕੇ ।੨ ।
ਲਾਹਾ = ਲਾਭ ।
ਮਨਿ = ਮਨ ਵਿਚ ।
ਹਸੀਐ = ਆਨੰਦ ਮਾਣ ਸਕੀਦਾ ਹੈ ।੩ ।
ਜਮਿ = ਜਮ ਨੇ ।
ਸਾਕਤ = ਰਬ ਤੋਂ ਟੁੱਟੇ ਹੋਏ, ਮਾਇਆ-ਵੇੜ੍ਹੇ ।
ਨਿਕਟਿ = ਨੇੜੇ ।
ਭਿਟੀਐ = ਛੁਹਣਾ ਚਾਹੀਏ ।੪ ।
ਅਲਖ = ਅਦਿ੍ਰਸ਼ਟ ।
ਨਰਹਰਿ = ਪਰਮਾਤਮਾ ।
ਪ੍ਰਭਿ = ਪ੍ਰਭੂ ਨੇ ।
ਪੂਰੇ = ਮੁਕੰਮਲ ।੫ ।
    
Sahib Singh
ਹੇ ਮੇਰੇ ਮਨ! ਸਦਾ ਹਰਿ-ਨਾਮ ਜਪ ।
(ਹੇ ਭਾਈ!) ਹਰਿ-ਨਾਮ ਸਦਾ ਮਨ ਵਿਚ ਜਪਣਾ ਚਾਹੀਦਾ ਹੈ ।
ਹੇ ਮੇਰੇ ਮਨ! ਸਤਿਗੁਰੂ ਦੀ ਸਰਨ ਜਾ ਪਉ ।
ਗੁਰੂ ਦਾ ਆਸਰਾ ਲਿਆਂ (ਮਾਇਆ ਦੇ ਬੰਧਨਾਂ ਤੋਂ) ਬਚ ਜਾਈਦਾ ਹੈ ।੧।ਰਹਾਉ ।
ਹੇ ਮੇਰੇ ਮਨ! ਉਹ ਸੁਆਮੀ ਹਰ ਵੇਲੇ (ਜੀਵਾਂ ਦੇ) ਨਾਲ (ਵੱਸਦਾ) ਹੈ ।
ਦੱਸ ਉਹ ਕੇਹੜਾ ਥਾਂ ਹੈ ਜਿਥੇ ਉਸ ਪ੍ਰਭੂ ਪਾਸੋਂ ਨੱਸ ਸਕੀਦਾ ਹੈ ?
ਉਹ ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਆਪ ਹੀ (ਸਾਡੇ ਅਉਗਣ) ਬਖ਼ਸ਼ ਲੈਂਦਾ ਹੈ, ਉਹ ਹਰੀ ਆਪ ਹੀ (ਵਿਕਾਰਾਂ ਦੇ ਪੰਜੇ ਤੋਂ) ਛਡਾ ਲੈਂਦਾ ਹੈ (ਉਸੇ ਦੀ ਸਹਾਇਤਾ ਨਾਲ ਵਿਕਾਰਾਂ ਤੋਂ) ਬਚ ਸਕੀਦਾ ਹੈ ।੧ ।
ਹੇ ਮੇਰੇ ਮਨ! ਸਾਰੇ ਸੁਖ ਦੇਣ ਵਾਲੇ ਉਸ ਪਰਮਾਤਮਾ ਦਾ ਸਿਮਰਨ ਕਰ, ਜਿਸ ਦੀ ਸਰਨ ਪਿਆਂ ਆਪਣੇ ਘਰ ਵਿਚ ਵੱਸ ਸਕੀਦਾ ਹੈ (ਮਾਇਆ ਦੀ ਭਟਕਣ ਤੋਂ ਬਚ ਕੇ ਅੰਤਰ ਆਤਮੇ ਟਿਕ ਸਕੀਦਾ ਹੈ) ।
(ਹੇ ਮਨ!) ਗੁਰੂ ਦੀ ਸਰਨ ਪੈ ਕੇ ਆਪਣਾ (ਅਸਲ) ਘਰ ਜਾ ਕੇ ਲੱਭ ਲੈ (ਪ੍ਰਭੂ ਦੇ ਚਰਨਾਂ ਵਿਚ ਟਿਕ) ।
(ਜਿਵੇਂ) ਚੰਦਨ (ਸਿਲ ਨਾਲ) ਘਸ ਕੇ (ਸੁਗੰਧੀ ਦੇਂਦਾ ਹੈ, ਤਿਵੇਂ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਨੂੰ (ਆਪਣੇ ਮਨ ਨਾਲ) ਘਸਾਣਾ ਚਾਹੀਦਾ ਹੈ (ਆਤਮਕ ਜੀਵਨ ਵਿਚ ਸੁਗੰਧੀ ਪੈਦਾ ਹੋਵੇਗੀ) ।੨ ।
ਹੇ ਮੇਰੇ ਮਨ! ਪਰਮਾਤਮਾ ਦੀ ਸਿਫ਼ਤਿ-ਸਾਲਾਹ ਸਭ ਤੋਂ ਸ੍ਰੇਸ਼ਟ ਪਦਾਰਥ ਹੈ ।
(ਹੇ ਭਾਈ!) ਹਰਿ-ਨਾਮ ਦੀ ਖੱਟੀ ਖੱਟ ਕੇ ਮਨ ਵਿਚ ਆਤਮਕ ਆਨੰਦ ਮਾਣ ਸਕੀਦਾ ਹੈ ।
ਜਦੋਂ ਪਰਮਾਤਮਾ ਆਪ ਮਿਹਰ ਕਰ ਕੇ ਆਪਣੇ ਨਾਮ ਦੀ ਦਾਤਿ ਦੇਂਦਾ ਹੈ, ਤਦੋਂ ਆਤਮਕ ਜੀਵਨ ਦੇਣ ਵਾਲਾ ਉਸ ਦਾ ਨਾਮ-ਰਸ ਚੱਖ ਸਕੀਦਾ ਹੈ ।੩ ।
ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਭੁਲਾ ਕੇ ਜੇਹੜੇ ਮਨੁੱਖ ਹੋਰ ਪਾਸੇ ਰੁੱਝਦੇ ਹਨ, ਉਹ ਪਰਮਾਤਮਾ ਨਾਲੋਂ ਟੁੱਟ ਜਾਂਦੇ ਹਨ, ਜਮ ਨੇ ਉਹਨਾਂ ਨੂੰ ਘੁੱਟ ਲਿਆ ਹੁੰਦਾ ਹੈ (ਆਤਮਕ ਮੌਤ ਉਹਨਾਂ ਨੂੰ ਥੋੜ੍ਹ-ਵਿਤਾ ਬਣਾ ਦੇਂਦੀ ਹੈ) ।
ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਨਾਮ ਵਿਸਾਰ ਦਿੱਤਾ, ਉਹ ਮਾਇਆ ਦੇ ਮੋਹ ਵਿਚ ਜਕੜੇ ਗਏ, ਉਹ ਰੱਬ ਦੇ ਚੋਰ ਬਣ ਗਏ ।
ਹੇ ਮੇਰੇ ਮਨ! ਉਹਨਾਂ ਦੇ ਨੇੜੇ ਨਹੀਂ ਢੁਕਣਾ ਚਾਹੀਦਾ ।੪ ।
ਹੇ ਮੇਰੇ ਮਨ! ਉਸ ਪਰਮਾਤਮਾ ਦੀ ਸੇਵਾ-ਭਗਤੀ ਕਰ ਜੋ ਅਦਿ੍ਰਸ਼ਟ ਹੈ ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ ।
ਉਸ ਦੀ ਸੇਵਾ-ਭਗਤੀ ਕੀਤਿਆਂ (ਕੀਤੇ ਕਰਮਾਂ ਦਾ) ਲੇਖਾ ਮੁੱਕ ਜਾਂਦਾ ਹੈ (ਮਾਇਆ ਵਲ ਪ੍ਰੇਰਨ ਵਾਲੇ ਸੰਸਕਾਰ ਮਨੁੱਖ ਦੇ ਅੰਦਰੋਂ ਮੁੱਕ ਜਾਂਦੇ ਹਨ) ।
ਹੇ ਦਾਸ ਨਾਨਕ! ਜਿਨ੍ਹਾਂ ਮਨੁੱਖਾਂ ਨੂੰ ਹਰੀ ਪ੍ਰਭੂ ਨੇ ਮੁਕੰਮਲ ਸੁੱਧ ਜੀਵਨ ਵਾਲਾ ਬਣਾ ਦਿੱਤਾ ਹੈ, ਉਹਨਾਂ ਦੇ ਆਤਮਕ ਜੀਵਨ ਵਿਚ ਇਕ ਤੋਲਾ ਭਰ ਇਕ ਮਾਸਾ ਭਰ ਰਤਾ ਭੀ ਕਮਜ਼ੋਰੀ ਨਹੀਂ ਆਉਂਦੀ ।੫।੫।੧੯।੫੭ ।
Follow us on Twitter Facebook Tumblr Reddit Instagram Youtube