ਗਉੜੀ ਬੈਰਾਗਣਿ ਮਹਲਾ ੪ ॥
ਨਿਤ ਦਿਨਸੁ ਰਾਤਿ ਲਾਲਚੁ ਕਰੇ ਭਰਮੈ ਭਰਮਾਇਆ ॥
ਵੇਗਾਰਿ ਫਿਰੈ ਵੇਗਾਰੀਆ ਸਿਰਿ ਭਾਰੁ ਉਠਾਇਆ ॥
ਜੋ ਗੁਰ ਕੀ ਜਨੁ ਸੇਵਾ ਕਰੇ ਸੋ ਘਰ ਕੈ ਕੰਮਿ ਹਰਿ ਲਾਇਆ ॥੧॥

ਮੇਰੇ ਰਾਮ ਤੋੜਿ ਬੰਧਨ ਮਾਇਆ ਘਰ ਕੈ ਕੰਮਿ ਲਾਇ ॥
ਨਿਤ ਹਰਿ ਗੁਣ ਗਾਵਹ ਹਰਿ ਨਾਮਿ ਸਮਾਇ ॥੧॥ ਰਹਾਉ ॥

ਨਰੁ ਪ੍ਰਾਣੀ ਚਾਕਰੀ ਕਰੇ ਨਰਪਤਿ ਰਾਜੇ ਅਰਥਿ ਸਭ ਮਾਇਆ ॥
ਕੈ ਬੰਧੈ ਕੈ ਡਾਨਿ ਲੇਇ ਕੈ ਨਰਪਤਿ ਮਰਿ ਜਾਇਆ ॥
ਧੰਨੁ ਧਨੁ ਸੇਵਾ ਸਫਲ ਸਤਿਗੁਰੂ ਕੀ ਜਿਤੁ ਹਰਿ ਹਰਿ ਨਾਮੁ ਜਪਿ ਹਰਿ ਸੁਖੁ ਪਾਇਆ ॥੨॥

ਨਿਤ ਸਉਦਾ ਸੂਦੁ ਕੀਚੈ ਬਹੁ ਭਾਤਿ ਕਰਿ ਮਾਇਆ ਕੈ ਤਾਈ ॥
ਜਾ ਲਾਹਾ ਦੇਇ ਤਾ ਸੁਖੁ ਮਨੇ ਤੋਟੈ ਮਰਿ ਜਾਈ ॥
ਜੋ ਗੁਣ ਸਾਝੀ ਗੁਰ ਸਿਉ ਕਰੇ ਨਿਤ ਨਿਤ ਸੁਖੁ ਪਾਈ ॥੩॥

ਜਿਤਨੀ ਭੂਖ ਅਨ ਰਸ ਸਾਦ ਹੈ ਤਿਤਨੀ ਭੂਖ ਫਿਰਿ ਲਾਗੈ ॥
ਜਿਸੁ ਹਰਿ ਆਪਿ ਕ੍ਰਿਪਾ ਕਰੇ ਸੋ ਵੇਚੇ ਸਿਰੁ ਗੁਰ ਆਗੈ ॥
ਜਨ ਨਾਨਕ ਹਰਿ ਰਸਿ ਤ੍ਰਿਪਤਿਆ ਫਿਰਿ ਭੂਖ ਨ ਲਾਗੈ ॥੪॥੪॥੧੦॥੪੮॥

Sahib Singh
ਭਰਮੈ = ਭਟਕਦਾ ਹੈ ।
ਸਿਰਿ = ਸਿਰ ਉੱਤੇ ।
ਘਰ ਕੈ ਕੰਮਿ = ਘਰ ਦੇ ਕੰਮ ਵਿਚ, ਆਪਣੇ ਅਸਲੀ ਕੰਮ ਵਿਚ ।੧ ।
ਗਾਵਹ = ਅਸੀ ਗਾਵੀਏ ।
ਨਾਮਿ = ਨਾਮ ਵਿਚ ।
ਸਮਾਇ = ਲੀਨ ਹੋ ਕੇ ।੧।ਰਹਾਉ ।
ਨਰਪਤਿ = ਰਾਜਾ ।
ਅਰਥਿ = ਖ਼ਾਤਰ, ਵਾਸਤੇ ।
ਕੈ = ਜਾਂ ।
ਬੰਧੈ = ਬੰਨ੍ਹ ਲੈਂਦਾ ਹੈ ।
ਡਾਨਿ = ਡੰਨ, ਜੁਰਮਾਨਾ ।
ਲੇਇ = ਲੈਂਦਾ ਹੈ ।
ਜਿਤੁ = ਜਿਸ (ਸੇਵਾ) ਦੀ ਰਾਹੀਂ ।੨ ।
ਕੀਚੈ = ਕਰੀਦਾ ਹੈ ।
ਭਾਤਿ = ਕਿਸਮ ।
ਕੈ ਤਾਈ = ਵਾਸਤੇ, ਦੀ ਖ਼ਾਤਰ ।
ਜਾ = ਜਦੋਂ ।
ਮਨੇ = ਮਨਿ, ਮਨ ਵਿਚ ।੩।ਭੂਖ ਅਨ ਰਸ ਸਾਦ—ਹੋਰ ਰਸਾਂ ਤੇ ਸੁਆਦਾਂ ਦੀ ਭੁੱਖ ।
ਰਸਿ = ਰਸ ਨਾਲ ।੪ ।
    
Sahib Singh
ਹੇ ਮੇਰੇ ਰਾਮ! (ਅਸਾਂ ਜੀਵਾਂ ਦੇ) ਮਾਇਆ ਦੇ ਬੰਧਨ ਤੋੜ ਤੇ ਸਾਨੂੰ ਸਾਡੇ ਅਸਲੀ ਆਪਣੇ ਕੰਮ ਵਿਚ ਜੋੜ, ਅਸੀ ਹਰਿ-ਨਾਮ ਵਿਚ ਲੀਨ ਹੋ ਕੇ ਸਦਾ ਹਰਿ-ਗੁਣ ਗਾਂਦੇ ਰਹੀਏ ।੧।ਰਹਾਉ ।
ਜੇਹੜਾ ਮਨੁੱਖ ਸਦਾ ਦਿਨ ਰਾਤ (ਮਾਇਆ ਦਾ) ਲਾਲਚ ਕਰਦਾ ਰਹਿੰਦਾ ਹੈ ਮਾਇਆ ਦੀ ਪ੍ਰੇਰਨਾ ਵਿਚ ਆ ਕੇ ਮਾਇਆ ਦੀ ਖ਼ਾਤਰ ਭਟਕਦਾ ਫਿਰਦਾ ਹੈ, ਉਹ ਉਸ ਵੇਗਾਰੀ ਵਾਂਗ ਹੈ ਜੋ ਆਪਣੇ ਸਿਰ ਉੱਤੇ (ਬਿਗਾਨਾ) ਭਾਰ ਚੁੱਕ ਕੇ ਵੇਗਾਰ ਕੱਢਦਾ ਫਿਰਦਾ ਹੈ ।
ਪਰ ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ (ਗੁਰੂ ਦੀ ਦੱਸੀ ਸੇਵਾ ਕਰਦਾ ਹੈ) ਉਸ ਨੂੰ ਪਰਮਾਤਮਾ ਨੇ (ਨਾਮ-ਸਿਮਰਨ ਦੇ) ਉਸ ਕੰੰਮ ਵਿਚ ਲਾ ਦਿੱਤਾ ਹੈ ਜੋ ਉਸ ਦਾ ਅਸਲ ਆਪਣਾ ਕੰਮ ਹੈ ।੧ ।
ਨਿਰੋਲ ਮਾਇਆ ਦੀ ਖ਼ਾਤਰ ਕੋਈ ਮਨੁੱਖ ਕਿਸੇ ਰਾਜੇ-ਪਾਤਿਸ਼ਾਹ ਦੀ ਨੌਕਰੀ ਕਰਦਾ ਹੈ ।
ਰਾਜਾ ਕਈ ਵਾਰੀ (ਕਿਸੇ ਖ਼ੁਨਾਮੀ ਦੇ ਕਾਰਨ ਉਸ ਨੂੰ) ਕੈਦ ਕਰ ਦੇਂਦਾ ਹੈ ਜਾਂ (ਕੋਈ ਜੁਰਮਾਨਾ ਆਦਿਕ) ਸਜ਼ਾ ਦੇਂਦਾ ਹੈ, ਜਾਂ, ਰਾਜਾ (ਆਪ ਹੀ) ਮਰ ਜਾਂਦਾ ਹੈ (ਤੇ ਉਸ ਮਨੁੱਖ ਦੀ ਨੌਕਰੀ ਹੀ ਮੁੱਕ ਜਾਂਦੀ ਹੈ) ।
ਪਰ ਸਤਿਗੁਰੂ ਦੀ ਸੇਵਾ ਸਦਾ ਫਲ ਦੇਣ ਵਾਲੀ ਹੈ ਸਦਾ ਸਲਾਹੁਣ-ਯੋਗ ਹੈ, ਕਿਉਂਕਿ ਇਸ ਸੇਵਾ ਦੀ ਰਾਹੀਂ ਮਨੁੱਖ ਪਰਮਾਤਮਾ ਦਾ ਨਾਮ ਜਪ ਕੇ ਆਤਮਕ ਆਨੰਦ ਮਾਣਦਾ ਹੈ ।੨ ।
ਮਾਇਆ ਕਮਾਣ ਦੀ ਖ਼ਾਤਰ ਕਈ ਤ੍ਰਹਾਂ ਦਾ ਸਦਾ ਵਣਜ-ਵਿਹਾਰ ਭੀ ਕਰੀਦਾ ਹੈ, ਜਦੋਂ (ਉਹ ਵਣਜ-ਵਪਾਰ) ਨਫ਼ਾ ਦੇਂਦਾ ਹੈ ਤਾਂ ਮਨ ਵਿਚ ਖ਼ੁਸ਼ੀ ਹੁੰਦੀ ਹੈ, ਪਰ ਘਾਟਾ ਪੈਣ ਤੇ ਮਨੁੱਖ (ਹਾਹੁਕੇ ਨਾਲ) ਮਰ ਜਾਂਦਾ ਹੈ ।
ਪਰ ਜੇਹੜਾ ਮਨੁੱਖ ਆਪਣੇ ਗੁਰੂ ਨਾਲ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਸੌਦੇ ਦੀ ਸਾਂਝ ਪਾਂਦਾ ਹੈ, ਉਹ ਸਦਾ ਹੀ ਆਤਮਕ ਆਨੰਦ ਮਾਣਦਾ ਹੈ ।੩ ।
ਹੋਰ ਹੋਰ ਰਸਾਂ ਦੀ ਹੋਰ ਹੋਰ ਸੁਆਦਾਂ ਦੀ ਜਿਤਨੀ ਭੀ ਤ੍ਰਿਸ਼ਨਾ (ਮਨੁੱਖ ਨੂੰ ਲੱਗਦੀ) ਹੈ, (ਜਿਉਂ ਜਿਉਂ ਰਸ ਸੁਆਦ ਮਾਣੀਦੇ ਹਨ) ਉਤਨੀ ਹੀ ਵਧੀਕ ਤ੍ਰਿਸ਼ਨਾ ਮੁੜ ਮੁੜ ਲੱਗਦੀ ਜਾਂਦੀ ਹੈ (ਮਾਇਕ ਰਸਾਂ ਵਲੋਂ ਮਨੁੱਖ ਕਦੇ ਭੀ ਰੱਜਦਾ ਨਹੀਂ) ।
ਜਿਸ ਮਨੁੱਖ ਉਤੇ ਪਰਮਾਤਮਾ ਆਪ ਕਿਰਪਾ ਕਰਦਾ ਹੈ, ਉਹ ਮਨੁੱਖ ਗੁਰੂ ਅਗੇ (ਆਪਣਾ) ਸਿਰ ਵੇਚ ਦੇਂਦਾ ਹੈ (ਉਹ ਆਪਣਾ ਆਪ ਗੁਰੂ ਦੇ ਹਵਾਲੇ ਕਰਦਾ ਹੈ) ।
ਹੇ ਦਾਸ ਨਾਨਕ! ਉਹ ਮਨੁੱਖ ਪਰਮਾਤਮਾ ਦੇ ਨਾਮ-ਰਸ ਨਾਲ ਰੱਜ ਜਾਂਦਾ ਹੈ, ਉਸ ਨੂੰ ਮਾਇਆ ਦੀ ਤ੍ਰਿਸ਼ਨਾ ਨਹੀਂ ਵਿਆਪਦੀ ।੪।੪।੧੦।੪੮ ।
Follow us on Twitter Facebook Tumblr Reddit Instagram Youtube