ਗਉੜੀ ਬੈਰਾਗਣਿ ਮਹਲਾ ੪ ॥
ਜਿਉ ਜਨਨੀ ਗਰਭੁ ਪਾਲਤੀ ਸੁਤ ਕੀ ਕਰਿ ਆਸਾ ॥
ਵਡਾ ਹੋਇ ਧਨੁ ਖਾਟਿ ਦੇਇ ਕਰਿ ਭੋਗ ਬਿਲਾਸਾ ॥
ਤਿਉ ਹਰਿ ਜਨ ਪ੍ਰੀਤਿ ਹਰਿ ਰਾਖਦਾ ਦੇ ਆਪਿ ਹਥਾਸਾ ॥੧॥

ਮੇਰੇ ਰਾਮ ਮੈ ਮੂਰਖ ਹਰਿ ਰਾਖੁ ਮੇਰੇ ਗੁਸਈਆ ॥
ਜਨ ਕੀ ਉਪਮਾ ਤੁਝਹਿ ਵਡਈਆ ॥੧॥ ਰਹਾਉ ॥

ਮੰਦਰਿ ਘਰਿ ਆਨੰਦੁ ਹਰਿ ਹਰਿ ਜਸੁ ਮਨਿ ਭਾਵੈ ॥
ਸਭ ਰਸ ਮੀਠੇ ਮੁਖਿ ਲਗਹਿ ਜਾ ਹਰਿ ਗੁਣ ਗਾਵੈ ॥
ਹਰਿ ਜਨੁ ਪਰਵਾਰੁ ਸਧਾਰੁ ਹੈ ਇਕੀਹ ਕੁਲੀ ਸਭੁ ਜਗਤੁ ਛਡਾਵੈ ॥੨॥

ਜੋ ਕਿਛੁ ਕੀਆ ਸੋ ਹਰਿ ਕੀਆ ਹਰਿ ਕੀ ਵਡਿਆਈ ॥
ਹਰਿ ਜੀਅ ਤੇਰੇ ਤੂੰ ਵਰਤਦਾ ਹਰਿ ਪੂਜ ਕਰਾਈ ॥
ਹਰਿ ਭਗਤਿ ਭੰਡਾਰ ਲਹਾਇਦਾ ਆਪੇ ਵਰਤਾਈ ॥੩॥

ਲਾਲਾ ਹਾਟਿ ਵਿਹਾਝਿਆ ਕਿਆ ਤਿਸੁ ਚਤੁਰਾਈ ॥
ਜੇ ਰਾਜਿ ਬਹਾਲੇ ਤਾ ਹਰਿ ਗੁਲਾਮੁ ਘਾਸੀ ਕਉ ਹਰਿ ਨਾਮੁ ਕਢਾਈ ॥
ਜਨੁ ਨਾਨਕੁ ਹਰਿ ਕਾ ਦਾਸੁ ਹੈ ਹਰਿ ਕੀ ਵਡਿਆਈ ॥੪॥੨॥੮॥੪੬॥

Sahib Singh
ਜਨਨੀ = ਜੰਮਣ ਵਾਲੀ, ਮਾਂ ।
ਗਰਭੁ = ਕੁੱਖ ।
ਪਾਲਤੀ = ਸਾਂਭ ਕੇ ਰੱਖਦੀ ।
ਸੁਤ = ਪੁੱਤਰ ।
ਹੋਇ = ਹੋ ਕੇ ।
ਖਾਟਿ = ਖੱਟ = ਕਮਾ ਕੇ ।
ਦੇਇ = ਦੇਂਦਾ ਹੈ, ਦੇਵੇਗਾ ।
ਕਰਿ ਭੋਗ ਬਿਲਾਸਾ = ਸੁਖ ਆਨੰਦ ਮਾਣਨ ਵਾਸਤੇ ।
ਹਰਿਜਨ ਪੀਤਿ = ਭਗਤ ਦੀ ਪ੍ਰੀਤਿ ।
ਰਾਖਦਾ = ਕਾਇਮ ਰੱਖਦਾ ਹੈ ।
ਹਥਾਸਾ = ਹੱਥ, ਹੱਥ ਦਾ ਆਸਰਾ ।੧ ।
ਮੈ ਮੂਰਖ = ਮੈਨੂੰ ਮੂਰਖ ਨੂੰ ।
ਗੁਸਈਆ = ਹੇ ਗੁਸਾਈਂ !
    ਹੇ ਮਾਲਕ !
ਉਪਮਾ = ਵਡਿਆਈ, ਇੱਜ਼ਤ ।੧।ਰਹਾਉ ।
ਮੰਦਰਿ = ਮੰਦਰ ਵਿਚ ।
ਘਰਿ = ਘਰ ਵਿਚ ।
ਮਨਿ = ਮਨ ਵਿਚ ।
ਮੁਖਿ = ਮੂੰਹ ਵਿਚ ।
ਜਾ = ਜਦੋਂ ।
ਸਧਾਰੁ = {ਸਜ਼ਧੁ—ਟੋ ਸੁਪਪੋਰਟ} ਸਹਾਰਾ ।
ਪਰਵਾਰੁ = {ਪਰਿ ਵਾਰ—ੳ ਸਚੳਬਬੳਰਦ, ੳ ਸਹੲੳਟਹ} ਰਾਖਾ ।੨ ।
ਜੀਅ = ਸਾਰੇ ਜੀਵ ।
ਭੰਡਾਰ = ਖ਼ਜ਼ਾਨੇ ।
ਲਹਾਇਦਾ = ਲਭਾਇੰਦਾ, ਦਿਵਾਂਦਾ ।
ਵਰਤਾਈ = ਵੰਡਦਾ ।੩ ।
ਲਾਲਾ = ਗ਼ੁਲਾਮ ।
ਹਾਟਿ = ਹੱਟ ਤੇ, ਮੰਡੀ ਵਿਚੋਂ ।
ਵਿਹਾਝਿਆ = ਖ਼ਰੀਦਿਆ ਹੋਇਆ ।
ਰਾਜਿ = ਰਾਜ ਉਤੇ, ਤਖ਼ਤ ਉਤੇ ।
ਘਾਸੀ = ਘਾਹੀ, ਘਸਿਆਰਾ ।
ਕਢਾਈ = ਮੂੰਹੋਂ ਕਢਾਂਦਾ ਹੈ, ਜਪਾਂਦਾ ਹੈ ।੪ ।
    
Sahib Singh
ਹੇ ਮੇਰੇ ਰਾਮ! ਹੇ ਮੇਰੇ ਮਾਲਕ! ਹੇ ਹਰੀ! ਮੈਨੂੰ ਮੂਰਖ ਨੂੰ (ਆਪਣੀ ਸਰਨ ਵਿਚ) ਰੱਖ ।
ਤੇਰੇ ਸੇਵਕ ਦੀ ਵਡਿਆਈ ਤੇਰੀ ਹੀ ਵਡਿਆਈ ਹੈ ।੧।ਰਹਾਉ ।
ਜਿਵੇਂ ਕੋਈ ਮਾਂ ਪੁੱਤਰ (ਜੰਮਣ) ਦੀ ਆਸ ਰੱਖ ਕੇ (ਨੌ ਮਹੀਨੇ ਆਪਣੀ) ਕੁੱਖ ਦੀ ਸੰਭਾਲ ਕਰਦੀ ਰਹਿੰਦੀ ਹੈ (ਉਹ ਆਸ ਕਰਦੀ ਹੈ ਕਿ ਮੇਰਾ ਪੁੱਤਰ) ਵੱਡਾ ਹੋ ਕੇ ਧਨ ਖੱਟ-ਕਮਾ ਕੇ ਸਾਡੇ ਸੁਖ ਆਨੰਦ ਵਾਸਤੇ ਸਾਨੂੰ (ਲਿਆ ਕੇ) ਦੇਵੇਗਾ, ਇਸੇ ਤ੍ਰਹਾਂ ਪਰਮਾਤਮਾ ਆਪਣੇ ਸੇਵਕਾਂ ਦੀ ਪ੍ਰੀਤਿ ਨੂੰ ਆਪ ਆਪਣਾ ਹੱਥ ਦੇ ਕੇ ਕਾਇਮ ਰੱਖਦਾ ਹੈ ।੧ ।
ਜਿਸ ਮਨੁੱਖ ਨੂੰ ਆਪਣੇ ਮਨ ਵਿਚ ਪਰਮਾਤਮਾ ਦੀ ਸਿਫ਼ਤਿ-ਸਾਲਾਹ ਪਿਆਰੀ ਲੱਗਦੀ ਹੈ, ਉਸ ਦੇ ਹਿਰਦੇ-ਮੰਦਰ ਵਿਚ ਹਿਰਦੇ-ਘਰ ਵਿਚ (ਸਦਾ) ਆਨੰਦ ਬਣਿਆ ਰਹਿੰਦਾ ਹੈ ।
ਜਦੋਂ ਉਹ ਹਰੀ ਦੇ ਗੁਣ ਗਾਂਦਾ ਹੈ (ਉਸ ਨੂੰ ਇਉਂ ਜਾਪਦਾ ਹੈ ਜਿਵੇਂ) ਸਾਰੇ ਸੁਆਦਲੇ ਮਿੱਠੇ ਰਸ ਉਸ ਦੇ ਮੂੰਹ ਵਿਚ ਪੈ ਰਹੇ ਹਨ ।
ਪਰਮਾਤਮਾ ਦਾ ਸੇਵਕ-ਭਗਤ ਆਪਣੀਆਂ ਇੱਕੀ ਕੁਲਾਂ ਵਿਚ ਰਾਖਾ ਹੈ ਆਸਰਾ ਹੈ, ਪਰਮਾਤਮਾ ਦਾ ਸੇਵਕ ਸਾਰੇ ਜਗਤ ਨੂੰ ਹੀ (ਵਿਕਾਰਾਂ ਤੋਂ) ਬਚਾ ਲੈਂਦਾ ਹੈ ।੨ ।
ਇਹ ਸਾਰਾ ਹੀ ਜਗਤ ਜੋ ਬਣਿਆ ਦਿੱਸਦਾ ਹੈ ਇਹ ਸਾਰਾ ਪਰਮਾਤਮਾ ਨੇ ਹੀ ਪੈਦਾ ਕੀਤਾ ਹੈ, ਇਹ ਸਾਰਾ ਉਸੇ ਦਾ ਮਹਾਨ ਕੰਮ ਹੈ ।
ਹੇ ਹਰੀ! (ਜਗਤ ਦੇ ਸਾਰੇ) ਜੀਵ ਤੇਰੇ ਪੈਦਾ ਕੀਤੇ ਹੋਏ ਹਨ, (ਸਭਨਾਂ ਜੀਵਾਂ ਵਿਚ) ਤੂੰ ਹੀ ਤੂੰ ਮੌਜੂਦ ਹੈਂ ।
(ਹੇ ਭਾਈ! ਸਭ ਜੀਵਾਂ ਪਾਸੋਂ) ਪਰਮਾਤਮਾ (ਆਪ ਹੀ ਆਪਣੀ) ਪੂਜਾ-ਭਗਤੀ ਕਰਾ ਰਿਹਾ ਹੈ ।
ਪਰਮਾਤਮਾ ਆਪ ਹੀ ਆਪਣੀ ਭਗਤੀ ਦੇ ਖ਼ਜ਼ਾਨੇ (ਸਭ ਜੀਵਾਂ ਨੂੰ) ਦਿਵਾਂਦਾ ਹੈ, ਆਪ ਹੀ ਵੰਡਦਾ ਹੈ ।੩।ਜੇ ਕੋਈ ਗ਼ੁਲਾਮ ਮੰਡੀ ਵਿਚੋਂ ਖ਼ਰੀਦਿਆ ਹੋਇਆ ਹੋਵੇ, ਉਸ (ਗ਼ੁਲਾਮ) ਦੀ (ਆਪਣੇ ਮਾਲਕ ਦੇ ਸਾਹਮਣੇ) ਕੋਈ ਚਾਲਾਕੀ ਨਹੀਂ ਚੱਲ ਸਕਦੀ (ਪਰਮਾਤਮਾ ਦਾ ਸੇਵਕ-ਭਗਤ ਸਤਸੰਗ ਦੀ ਹੱਟੀ ਵਿਚੋਂ ਪਰਮਾਤਮਾ ਦਾ ਆਪਣਾ ਬਣਾਇਆ ਹੋਇਆ ਹੁੰਦਾ ਹੈ, ਉਸ ਸੇਵਕ ਨੂੰ) ਜੇ ਪਰਮਾਤਮਾ ਰਾਜ-ਤਖ਼ਤ ਉਤੇ ਬਿਠਾ ਦੇਵੇ ਤਾਂ ਭੀ ਉਹ ਪਰਮਾਤਮਾ ਦਾ ਗ਼ੁਲਾਮ ਹੀ ਰਹਿੰਦਾ ਹੈ (ਆਪਣੇ ਬਣਾਏ ਹੋਏ ਸੇਵਕ) ਘਸਿਆਰੇ ਦੇ ਮੂੰਹੋਂ ਭੀ ਪਰਮਾਤਮਾ ਹਰਿ-ਨਾਮ ਹੀ ਜਪਾਂਦਾ ਹੈ ।
(ਹੇ ਭਾਈ!) ਦਾਸ ਨਾਨਕ ਪਰਮਾਤਮਾ ਦਾ (ਖ਼ਰੀਦਿਆ ਹੋਇਆ) ਗ਼ੁਲਾਮ ਹੈ, ਇਹ ਪਰਮਾਤਮਾ ਦੀ ਮਿਹਰ ਹੈ (ਕਿ ਉਸ ਨੇ ਨਾਨਕ ਨੂੰ ਆਪਣਾ ਗ਼ੁਲਾਮ ਬਣਾਇਆ ਹੋਇਆ ਹੈ) ।੪।੨।੮।੪੬ ।
Follow us on Twitter Facebook Tumblr Reddit Instagram Youtube