ਗਉੜੀ ਗੁਆਰੇਰੀ ਮਹਲਾ ੪ ॥
ਸਤਿਗੁਰ ਸੇਵਾ ਸਫਲ ਹੈ ਬਣੀ ॥
ਜਿਤੁ ਮਿਲਿ ਹਰਿ ਨਾਮੁ ਧਿਆਇਆ ਹਰਿ ਧਣੀ ॥
ਜਿਨ ਹਰਿ ਜਪਿਆ ਤਿਨ ਪੀਛੈ ਛੂਟੀ ਘਣੀ ॥੧॥

ਗੁਰਸਿਖ ਹਰਿ ਬੋਲਹੁ ਮੇਰੇ ਭਾਈ ॥
ਹਰਿ ਬੋਲਤ ਸਭ ਪਾਪ ਲਹਿ ਜਾਈ ॥੧॥ ਰਹਾਉ ॥

ਜਬ ਗੁਰੁ ਮਿਲਿਆ ਤਬ ਮਨੁ ਵਸਿ ਆਇਆ ॥
ਧਾਵਤ ਪੰਚ ਰਹੇ ਹਰਿ ਧਿਆਇਆ ॥
ਅਨਦਿਨੁ ਨਗਰੀ ਹਰਿ ਗੁਣ ਗਾਇਆ ॥੨॥

ਸਤਿਗੁਰ ਪਗ ਧੂਰਿ ਜਿਨਾ ਮੁਖਿ ਲਾਈ ॥
ਤਿਨ ਕੂੜ ਤਿਆਗੇ ਹਰਿ ਲਿਵ ਲਾਈ ॥
ਤੇ ਹਰਿ ਦਰਗਹ ਮੁਖ ਊਜਲ ਭਾਈ ॥੩॥

ਗੁਰ ਸੇਵਾ ਆਪਿ ਹਰਿ ਭਾਵੈ ॥
ਕ੍ਰਿਸਨੁ ਬਲਭਦ੍ਰੁ ਗੁਰ ਪਗ ਲਗਿ ਧਿਆਵੈ ॥
ਨਾਨਕ ਗੁਰਮੁਖਿ ਹਰਿ ਆਪਿ ਤਰਾਵੈ ॥੪॥੫॥੪੩॥

Sahib Singh
ਸਫਲ = ਫਲ ਦੇਣ ਵਾਲੀ ।
ਜਿਤੁ = ਜਿਸ ਦੀ ਰਾਹੀਂ ।
ਧਣੀ = ਮਾਲਕ ।
ਛੂਟੀ = ਵਿਕਾਰਾਂ ਤੋਂ ਬਚ ਗਈ ।
ਘਣੀ = ਬਹੁਤ (ਲੁਕਾਈ) ।੧ ।
ਬੋਲਤ = ਸਿਮਰਿਆਂ ।੧।ਰਹਾਉ ।
ਵਸਿ = ਵੱਸ ਵਿਚ ।
ਧਾਵਤ = ਦੌੜਦੇ, ਭਟਕਦੇ ।
ਪੰਚ = ਪੰਜੇ ਗਿਆਨ = ਇੰਦ੍ਰੇ ।
ਰਹੇ = ਰਹਿ ਗਏ, ਹਟ ਗਏ ।
ਅਨਦਿਨੁ = ਹਰ ਰੋਜ਼ ।
ਨਗਰੀ = ਨਗਰ ਦੇ ਮਾਲਕ ਜੀਵ ਨੇ ।੨ ।
ਪਗ ਧੂਰਿ = ਪੈਰਾਂ ਦੀ ਖ਼ਾਕ, ਚਰਨ-ਧੂੜ ।
ਮੁਖਿ = ਮੂੰਹ ਉਤੇ, ਮੱਥੇ ਉਤੇ ।
ਕੂੜ = ਝੂਠੇ ਮੋਹ ।
ਮੁਖ ਊਜਲ = ਉਜਲ ਮੁਖ ਵਾਲੇ, ਸੁਰਖ਼ਰੂ ।
ਭਾਈ = ਹੇ ਭਾਈ !
।੩।ਭਾਵੈ = ਪਸੰਦ ਆਉਂਦੀ ਹੈ ।
ਲਗਿ = ਲੱਗ ਕੇ ।
ਧਿਆਵੈ = ਧਿਆਉਂਦਾ ਹੈ ।
ਗੁਰਮੁਖਿ = ਗੁਰੂ ਦੀ ਸਰਨ ਪਾ ਕੇ ।
ਤਰਾਵੈ = ਪਾਰ ਲੰਘਾਂਦਾ ਹੈ ।੪ ।
    
Sahib Singh
ਹੇ ਮੇਰੇ ਭਾਈ! ਗੁਰੂ ਦੇ ਸਿੱਖ ਬਣ ਕੇ (ਗੁਰੂ ਦੇ ਦੱਸੇ ਰਾਹ ਤੇ ਤੁਰ ਕੇ) ਪਰਮਾਤਮਾ ਦਾ ਸਿਮਰਨ ਕਰੋ (ਤਦੋਂ ਹੀ) ਪ੍ਰਭੂ ਦਾ ਨਾਮ ਸਿਮਰਿਆਂ ਹਰੇਕ ਕਿਸਮ ਦਾ ਪਾਪ (ਮਨ ਤੋਂ) ਦੂਰ ਹੋ ਜਾਂਦਾ ਹੈ ।੧।ਰਹਾਉ ।
ਸਤਿਗੁਰੂ ਦੀ ਸਰਨ (ਮਨੁੱਖ ਦੇ ਆਤਮਕ ਜੀਵਨ ਵਾਸਤੇ) ਲਾਭਦਾਇਕ ਬਣ ਜਾਂਦੀ ਹੈ, ਕਿਉਂਕਿ ਇਸ (ਗੁਰ-ਸਰਨ) ਦੀ ਰਾਹੀਂ (ਸਾਧ ਸੰਗਤਿ ਵਿਚ) ਮਿਲ ਕੇ ਮਾਲਕ ਪ੍ਰਭੂ ਦਾ ਨਾਮ ਸਿਮਰਿਆ ਜਾ ਸਕਦਾ ਹੈ ।
ਜਿਨ੍ਹਾਂ ਮਨੁੱਖਾਂ ਨੇ (ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦਾ ਨਾਮ ਜਪਿਆ ਹੈ ਉਹਨਾਂ ਦੇ ਪੂਰਨਿਆਂ ਤੇ ਤੁਰ ਕੇ ਬਹੁਤ ਲੁਕਾਈ ਵਿਕਾਰਾਂ ਤੋਂ ਬਚ ਜਾਂਦੀ ਹੈ ।
ਜਦੋਂ (ਮਨੁੱਖ ਨੂੰ) ਗੁਰੂ ਮਿਲ ਪੈਂਦਾ ਹੈ ਤਦੋਂ (ਇਸ ਦਾ) ਮਨ ਵੱਸ ਵਿਚ ਆ ਜਾਂਦਾ ਹੈ (ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦਾ ਸਿਮਰਨ ਕਰਦਿਆਂ (ਮਨੁੱਖ ਦੇ) ਪੰਜੇ (ਗਿਆਨ-ਇੰਦ੍ਰੇ ਵਿਕਾਰਾਂ ਵਲ) ਦੌੜਨੋਂ ਰਹਿ ਜਾਂਦੇ ਹਨ, ਤੇ ਸਰੀਰ ਦਾ ਮਾਲਕ ਜੀਵਾਤਮਾ ਹਰ ਰੋਜ਼ ਪਰਮਾਤਮਾ ਦੇ ਗੁਣ ਗਾਂਦਾ ਹੈ ।੨ ।
ਜਿਨ੍ਹਾਂ (ਵਡ-ਭਾਗੀਆਂ) ਨੇ ਗੁਰੂ ਦੇ ਚਰਨਾਂ ਦੀ ਧੂੜ ਆਪਣੇ ਮੱਥੇ ਉਤੇ ਲਾ ਲਈ, ਉਹਨਾਂ ਨੇ ਝੂਠੇ ਮੋਹ ਛੱਡ ਦਿੱਤੇ ਤੇ ਪਰਮਾਤਮਾ ਦੇ ਚਰਨਾਂ ਵਿਚ ਆਪਣੀ ਸੁਰਤਿ ਜੋੜ ਲਈ ।
ਪਰਮਾਤਮਾ ਦੀ ਹਜ਼ੂਰੀ ਵਿਚ ਉਹ ਮਨੁੱਖ ਸੁਰਖ਼ਰੂ ਹੁੰਦੇ ਹਨ ।੩ ।
ਗੁਰੂ ਦੀ ਸਰਨ (ਪੈਣਾ) ਪਰਮਾਤਮਾ ਨੂੰ ਭੀ ਚੰਗਾ ਲੱਗਦਾ ਹੈ ।
ਕਿ੍ਰਸ਼ਨ (ਭੀ) ਗੁਰੂ ਦੀ ਚਰਨੀਂ ਲੱਗ ਕੇ ਪਰਮਾਤਮਾ ਨੂੰ ਸਿਮਰਦਾ ਰਿਹਾ, ਬਲਭੱਦ੍ਰ ਭੀ ਗੁਰੂ ਦੀ ਚਰਨੀਂ ਲੱਗ ਕੇ ਹਰਿ-ਨਾਮ ਧਿਆਉਂਦਾ ਸੀ ।
ਹੇ ਨਾਨਕ! ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਉਸ ਨੂੰ ਪਰਮਾਤਮਾ ਆਪ (ਵਿਕਾਰਾਂ ਦੇ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ ।੪।੫।੪੩ ।
Follow us on Twitter Facebook Tumblr Reddit Instagram Youtube