ਗਉੜੀ ਬੈਰਾਗਣਿ ਮਹਲਾ ੩ ॥
ਸਭੁ ਜਗੁ ਕਾਲੈ ਵਸਿ ਹੈ ਬਾਧਾ ਦੂਜੈ ਭਾਇ ॥
ਹਉਮੈ ਕਰਮ ਕਮਾਵਦੇ ਮਨਮੁਖਿ ਮਿਲੈ ਸਜਾਇ ॥੧॥

ਮੇਰੇ ਮਨ ਗੁਰ ਚਰਣੀ ਚਿਤੁ ਲਾਇ ॥
ਗੁਰਮੁਖਿ ਨਾਮੁ ਨਿਧਾਨੁ ਲੈ ਦਰਗਹ ਲਏ ਛਡਾਇ ॥੧॥ ਰਹਾਉ ॥

ਲਖ ਚਉਰਾਸੀਹ ਭਰਮਦੇ ਮਨਹਠਿ ਆਵੈ ਜਾਇ ॥
ਗੁਰ ਕਾ ਸਬਦੁ ਨ ਚੀਨਿਓ ਫਿਰਿ ਫਿਰਿ ਜੋਨੀ ਪਾਇ ॥੨॥

ਗੁਰਮੁਖਿ ਆਪੁ ਪਛਾਣਿਆ ਹਰਿ ਨਾਮੁ ਵਸਿਆ ਮਨਿ ਆਇ ॥
ਅਨਦਿਨੁ ਭਗਤੀ ਰਤਿਆ ਹਰਿ ਨਾਮੇ ਸੁਖਿ ਸਮਾਇ ॥੩॥

ਮਨੁ ਸਬਦਿ ਮਰੈ ਪਰਤੀਤਿ ਹੋਇ ਹਉਮੈ ਤਜੇ ਵਿਕਾਰ ॥
ਜਨ ਨਾਨਕ ਕਰਮੀ ਪਾਈਅਨਿ ਹਰਿ ਨਾਮਾ ਭਗਤਿ ਭੰਡਾਰ ॥੪॥੨॥੧੬॥੩੬॥

Sahib Singh
ਕਾਲੈ ਵਸਿ = ਮੌਤ ਦੇ ਵੱਸ ਵਿਚ, ਆਤਮਕ ਮੌਤ ਦੇ ਵੱਸ ਵਿਚ ।
ਬਾਧਾ = ਬੱਝਾ ਹੋਇਆ ।
ਦੂਜੈ ਭਾਇ = ਮਾਇਆ ਦੇ ਮੋਹ ਵਿਚ ।
ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ।੧ ।
ਮਨ = ਹੇ ਮਨ !
ਗੁਰਮੁਖਿ = ਗੁਰੂ ਦੀ ਸਰਨ ਪੈ ਕੇ ।
ਨਿਧਾਨੁ = ਖ਼ਜ਼ਾਨਾ ।੧।ਰਹਾਉ ।
ਹਠਿ = ਹਠ ਨਾਲ ।
ਮਨ ਹਠਿ = ਮਨ ਦੇ ਹਠ ਦੇ ਕਾਰਨ ।
ਚੀਨਿਓ = ਪਛਾਣਿਆ ।੨ ।
ਆਪੁ = ਆਪਣੇ ਆਤਮਕ ਜੀਵਨ ਨੂੰ ।
ਪਛਾਣਿਆ = ਪਰਖਿਆ ।
ਮਨਿ = ਮਨ ਵਿਚ ।
ਅਨਦਿਨੁ = ਹਰ ਰੋਜ਼ ।
ਸੁਖਿ = ਆਤਮਕ ਆਨੰਦ ਵਿਚ ।੩ ।
ਸਬਦਿ = ਸ਼ਬਦ ਦੀ ਰਾਹੀਂ ।
ਮਰੈ = ਹਉਮੈ ਵਲੋਂ ਮਰਦਾ ਹੈ, ਹਉਮੈ ਦੂਰ ਕਰਦਾ ਹੈ ।
ਪਰਤੀਤਿ = ਸਰਧਾ ।
ਕਰਮੀ = (ਪਰਮਾਤਮਾ ਦੀ) ਮਿਹਰ ਨਾਲ ਹੀ {ਕਰਮੁ—ਬਖ਼ਸ਼ਸ਼} ।
ਪਾਈਅਨਿ = ਪਾਏ ਜਾਂਦੇ ਹਨ, ਮਿਲਦੇ ਹਨ ।
ਭੰਡਾਰ = ਖ਼ਜ਼ਾਨੇ ।੪ ।
    
Sahib Singh
ਹੇ ਮੇਰੇ ਮਨ! ਗੁਰੂ ਦੇ ਚਰਨਾਂ ਵਿਚ ਸੁਰਤਿ ਜੋੜ ।
ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ-ਖ਼ਜ਼ਾਨਾ ਇਕੱਠਾ ਕਰ ਲੈ, (ਇਹ ਤੈਨੂੰ) ਪਰਮਾਤਮਾ ਦੀ ਹਜ਼ੂਰੀ ਵਿਚ (ਤੇਰੇ ਕੀਤੇ ਕਰਮਾਂ ਦਾ ਲੇਖਾ ਕਰਨ ਵੇਲੇ) ਸੁਰਖ਼ਰੂ ਕਰੇਗਾ ।੧।ਰਹਾਉ ।
(ਜਦ ਤਕ) ਇਹ ਜਗਤ ਮਾਇਆ ਦੇ ਮੋਹ ਵਿਚ ਬੱਝਾ ਰਹਿੰਦਾ ਹੈ (ਤਦ ਤਕ ਇਹ) ਸਾਰਾ ਜਗਤ ਆਤਮਕ ਮੌਤ ਦੇ ਕਾਬੂ ਵਿਚ ਆਇਆ ਰਹਿੰਦਾ ਹੈ ।
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਸਾਰੇ) ਕੰਮ ਹਉਮੈ ਦੇ ਆਸਰੇ ਕਰਦੇ ਹਨ ਤੇ ਉਹਨਾਂ ਨੂੰ (ਆਤਮਕ ਮੌਤ ਦੀ ਹੀ) ਸਜ਼ਾ ਮਿਲਦੀ ਹੈ ।੧ ।
(ਮਾਇਆ ਦੇ ਮੋਹ ਵਿਚ ਬੱਝੇ ਹੋਏ ਜੀਵ) ਚੌਰਾਸੀ ਲੱਖ ਜੂਨਾਂ ਵਿਚ ਫਿਰਦੇ ਰਹਿੰਦੇ ਹਨ ।
ਆਪਣੇ ਮਨ ਦੇ ਹਠ ਦੇ ਕਾਰਨ (ਮਾਇਆ ਦੇ ਮੋਹ ਵਿਚ ਫਸਿਆ ਜੀਵ) ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ ।
ਜੇਹੜਾ ਮਨੁੱਖ ਗੁਰੂ ਦੇ ਸ਼ਬਦ (ਦੀ ਕਦਰ) ਨੂੰ ਨਹੀਂ ਸਮਝਦਾ ਉਹ ਮੁੜ ਮੁੜ ਜੂਨਾਂ ਵਿਚ ਪੈਂਦਾ ਹੈ ।੨ ।
ਜੇਹੜਾ ਮਨੁੱਖ ਗੁਰੂ ਦੇ ਸਨਮੁਖ ਰਹਿ ਕੇ ਆਤਮਕ ਜੀਵਨ ਪੜਤਾਲਦਾ ਰਹਿੰਦਾ ਹੈ, ਉਸ ਦੇ ਮਨ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ, ਹਰ ਰੋਜ਼ ਪਰਮਾਤਮਾ ਦੀ ਭਗਤੀ (ਦੇ ਰੰਗ ਵਿਚ) ਰੰਗਿਆ ਰਹਿਣ ਕਰਕੇ ਉਹ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦਾ ਹੈ ਉਹ ਆਤਮਕ ਆਨੰਦ ਵਿਚ ਟਿਕਿਆ ਰਹਿੰਦਾ ਹੈ ।੩ ।
ਜਿਸ ਮਨੁੱਖ ਦਾ ਮਨ ਗੁਰੂ ਦੇ ਸ਼ਬਦ ਵਿਚ ਜੁੜਨ ਕਰਕੇ ਆਪਾ-ਭਾਵ ਵਲੋਂ ਮਰਦਾ ਹੈ, ਉਸ ਦੀ (ਗੁਰੂ ਦੇ ਸ਼ਬਦ ਵਿਚ) ਸਰਧਾ ਬਣ ਜਾਂਦੀ ਹੈ ਤੇ ਉਹ ਆਪਣੇ ਅੰਦਰੋਂ ਹਉਮੈ (ਆਦਿਕ) ਵਿਕਾਰ ਤਿਆਗਦਾ ਹੈ ।
ਹੇ ਦਾਸ ਨਾਨਕ! ਪਰਮਾਤਮਾ ਦੇ ਨਾਮ ਦੇ ਖ਼ਜ਼ਾਨੇ ਪਰਮਾਤਮਾ ਦੀ ਭਗਤੀ ਦੇ ਖ਼ਜ਼ਾਨੇ ਪਰਮਾਤਮਾ ਦੀ ਮਿਹਰ ਨਾਲ ਹੀ ਮਿਲਦੇ ਹਨ ।੪।੨।੧੬।੩੬ ।
Follow us on Twitter Facebook Tumblr Reddit Instagram Youtube