ਗਉੜੀ ਗੁਆਰੇਰੀ ਮਹਲਾ ੩ ॥
ਜਿਨਾ ਗੁਰਮੁਖਿ ਧਿਆਇਆ ਤਿਨ ਪੂਛਉ ਜਾਇ ॥
ਗੁਰ ਸੇਵਾ ਤੇ ਮਨੁ ਪਤੀਆਇ ॥
ਸੇ ਧਨਵੰਤ ਹਰਿ ਨਾਮੁ ਕਮਾਇ ॥
ਪੂਰੇ ਗੁਰ ਤੇ ਸੋਝੀ ਪਾਇ ॥੧॥

ਹਰਿ ਹਰਿ ਨਾਮੁ ਜਪਹੁ ਮੇਰੇ ਭਾਈ ॥
ਗੁਰਮੁਖਿ ਸੇਵਾ ਹਰਿ ਘਾਲ ਥਾਇ ਪਾਈ ॥੧॥ ਰਹਾਉ ॥

ਆਪੁ ਪਛਾਣੈ ਮਨੁ ਨਿਰਮਲੁ ਹੋਇ ॥
ਜੀਵਨ ਮੁਕਤਿ ਹਰਿ ਪਾਵੈ ਸੋਇ ॥
ਹਰਿ ਗੁਣ ਗਾਵੈ ਮਤਿ ਊਤਮ ਹੋਇ ॥
ਸਹਜੇ ਸਹਜਿ ਸਮਾਵੈ ਸੋਇ ॥੨॥

ਦੂਜੈ ਭਾਇ ਨ ਸੇਵਿਆ ਜਾਇ ॥
ਹਉਮੈ ਮਾਇਆ ਮਹਾ ਬਿਖੁ ਖਾਇ ॥
ਪੁਤਿ ਕੁਟੰਬਿ ਗ੍ਰਿਹਿ ਮੋਹਿਆ ਮਾਇ ॥
ਮਨਮੁਖਿ ਅੰਧਾ ਆਵੈ ਜਾਇ ॥੩॥

ਹਰਿ ਹਰਿ ਨਾਮੁ ਦੇਵੈ ਜਨੁ ਸੋਇ ॥
ਅਨਦਿਨੁ ਭਗਤਿ ਗੁਰ ਸਬਦੀ ਹੋਇ ॥
ਗੁਰਮਤਿ ਵਿਰਲਾ ਬੂਝੈ ਕੋਇ ॥
ਨਾਨਕ ਨਾਮਿ ਸਮਾਵੈ ਸੋਇ ॥੪॥੧੨॥੩੨॥

Sahib Singh
ਗੁਰਮੁਖਿ = ਗੁਰੂ ਦੀ ਸਰਨ ਪੈ ਕੇ ।
ਪੂਛਉ = ਮੈਂ ਪੁੱਛਦਾ ਹਾਂ ।
ਜਾਇ = ਜਾ ਕੇ ।
ਪਤੀਆਇ = ਪਤੀਜਦਾ ਹੈ ।
ਤੇ = ਤੋਂ ।੧ ।
ਘਾਲ = ਮਿਹਨਤ ।
ਥਾਇ ਪਾਈ = ਕਬੂਲ ਕਰਦਾ ਹੈ ।੧।ਰਹਾਉ ।
ਆਪੁ = ਆਪਣੇ ਆਤਮਕ ਜੀਵਨ ਨੂੰ ।
ਪਛਾਣੈ = ਪੜਤਾਲਦਾ ਹੈ ।
ਸਹਜੇ = ਆਤਮਕ ਅਡੋਲਤਾ ਵਿਚ ।੨ ।
ਦੂਜੈ ਭਾਇ = ਮਾਇਆ ਦੇ ਪਿਆਰ ਵਿਚ ।
ਮਹਾ ਬਿਖੁ = ਵੱਡਾ ਜ਼ਹਰ ।
ਖਾਇ = ਖਾ ਜਾਂਦਾ ਹੈ, ਮਾਰ ਮੁਕਾਂਦਾ ਹੈ ।
ਪੁਤਿ = ਪੁੱਤਰ (ਦੇ ਮੋਹ) ਦੀ ਰਾਹੀਂ ।
ਕੁਟੰਬਿ = ਪਰਵਾਰ (ਦੇ ਮੋਹ) ਦੀ ਰਾਹੀਂ ।
ਗਿ੍ਰਹਿ = ਘਰ (ਦੇ ਮੋਹ) ਦੀ ਰਾਹੀਂ ।
ਮਾਇ = ਮਾਇਆ ।੩ ।
ਜਨੁ = ਸੇਵਕ ।
ਅਨਦਿਨੁ = ਹਰ ਰੋਜ਼ ।੪ ।
    
Sahib Singh
ਹੇ ਮੇਰੇ ਭਾਈ! (ਗੁਰੂ ਦੀ ਸਰਨ ਪੈ ਕੇ) ਸਦਾ ਪਰਮਾਤਮਾ ਦਾ ਨਾਮ ਸਿਮਰਦੇ ਰਹੋ ।
ਗੁਰੂ ਦੀ ਰਾਹੀਂ ਕੀਤੀ ਹੋਈ ਸੇਵਾ-ਭਗਤੀ ਦੀ ਮਿਹਨਤ ਪਰਮਾਤਮਾ ਕਬੂਲ ਕਰ ਲੈਂਦਾ ਹੈ ।੧।ਰਹਾਉ ।
ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਰਾਹ ਉਤੇ ਤੁਰ ਕੇ ਪਰਮਾਤਮਾ ਦਾ ਨਾਮ ਸਿਮਰਿਆ ਹੈ (ਜਦੋਂ) ਮੈਂ ਉਹਨਾਂ ਪਾਸੋਂ (ਸਿਮਰਨ ਦੀ ਜਾਚ) ਪੁੱਛਦਾ ਹਾਂ (ਤਾਂ ਉਹ ਦੱਸਦੇ ਹਨ ਕਿ) ਗੁਰੂ ਦੀ ਦੱਸੀ ਹੋਈ ਸੇਵਾ ਨਾਲ (ਹੀ) ਮਨੁੱਖ ਦਾ ਮਨ (ਪ੍ਰਭੂ-ਸਿਮਰਨ ਵਿਚ) ਪਤੀਜਦਾ ਹੈ ।
(ਗੁਰੂ ਦੀ ਸਰਨ ਪੈਣ ਵਾਲੇ) ਉਹ ਮਨੁੱਖ ਪਰਮਾਤਮਾ ਦਾ ਨਾਮ-ਧਨ ਖੱਟ ਕੇ ਧਨਾਢ ਹੋ ਜਾਂਦੇ ਹਨ ।
ਇਹ ਅਕਲ ਪੂਰੇ ਗੁਰੂ ਪਾਸੋਂ ਹੀ ਮਿਲਦੀ ਹੈ ।੧ ।
(ਗੁਰੂ ਦੀ ਰਾਹੀਂ ਜੇਹੜਾ ਮਨੁੱਖ) ਆਪਣੇ ਆਤਮਕ ਜੀਵਨ ਨੂੰ ਪੜਤਾਲਦਾ ਰਹਿੰਦਾ ਹੈ, ਉਸ ਦਾ ਮਨ ਪਵਿਤ੍ਰ ਹੋ ਜਾਂਦਾ ਹੈ, ਉਹ ਇਸ ਜਨਮ ਵਿਚ ਹੀ ਮਾਇਆ ਦੇ ਬੰਧਨਾਂ ਤੋਂ ਖ਼ਲਾਸੀ ਹਾਸਲ ਕਰ ਲੈਂਦਾ ਹੈ ਤੇ ਪਰਮਾਤਮਾ ਨੂੰ ਮਿਲ ਪੈਂਦਾ ਹੈ ।
ਜੇਹੜਾ ਮਨੁੱਖ (ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦੇ ਗੁਣ ਗਾਂਦਾ ਹੈ, ਉਸ ਦੀ ਬੁੱਧੀ ਸ੍ਰੇਸ਼ਟ ਹੋ ਜਾਂਦੀ ਹੈ ਉਹ ਸਦਾ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ ।੨ ।
(ਹੇ ਮੇਰੇ ਭਾਈ!) ਮਾਇਆ ਦੇ ਮੋਹ ਵਿਚ ਫਸੇ ਰਿਹਾਂ ਪਰਮਾਤਮਾ ਦੀ ਸੇਵਾ-ਭਗਤੀ ਨਹੀਂ ਹੋ ਸਕਦੀ ।
ਹਉਮੈ ਇਕ ਵੱਡਾ ਜ਼ਹਰ ਹੈ ਮਾਇਆ ਦਾ ਮੋਹ ਵੱਡਾ ਜ਼ਹਰ ਹੈ (ਇਹ ਜ਼ਹਰ ਮਨੁੱਖ ਦੇ ਆਤਮਕ ਜੀਵਨ ਨੂੰ) ਮਾਰ ਮੁਕਾਂਦਾ ਹੈ ।
ਮਾਇਆ (ਮਨੁੱਖ ਨੂੰ) ਪੁੱਤਰ (ਦੇ ਮੋਹ) ਦੀ ਰਾਹੀਂ, ਪਰਵਾਰ (ਦੇ ਮੋਹ) ਦੀ ਰਾਹੀਂ, ਘਰ (ਦੇ ਮੋਹ) ਦੀ ਰਾਹੀਂ ਠੱਗਦੀ ਰਹਿੰਦੀ ਹੈ, (ਮਾਇਆ ਦੇ ਮੋਹ ਵਿਚ) ਅੰਨ੍ਹਾ ਹੋਇਆ ਮਨੁੱਖ ਆਪਣੇ ਮਨ ਦੇ ਪਿੱਛੇ ਤੁਰ ਕੇ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ ।੩ ।
ਪਰਮਾਤਮਾ (ਗੁਰੂ ਦੀ ਰਾਹੀਂ ਜਿਸ ਮਨੁੱਖ ਨੂੰ) ਆਪਣੇ ਨਾਮ ਦੀ ਦਾਤਿ ਦੇਂਦਾ ਹੈ, ਉਹ ਮਨੁੱਖ (ਉਸ ਦਾ) ਸੇਵਕ ਬਣ ਜਾਂਦਾ ਹੈ ।
ਗੁਰੂ ਦੇ ਸ਼ਬਦ ਦੀ ਰਾਹੀਂ ਹੀ ਹਰ ਰੋਜ਼ ਪਰਮਾਤਮਾ ਦੀ ਭਗਤੀ ਹੋ ਸਕਦੀ ਹੈ ।
ਗੁਰੂ ਦੀ ਮਤਿ ਲੈ ਕੇ ਹੀ ਕੋਈ ਵਿਰਲਾ ਮਨੁੱਖ (ਜੀਵਨ-ਮਨੋਰਥ ਨੂੰ) ਸਮਝਦਾ ਹੈ, ਤੇ, ਹੇ ਨਾਨਕ! ਉਹ ਮਨੁੱਖ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦਾ ਹੈ ।੪।੧੨।੩੨ ।
Follow us on Twitter Facebook Tumblr Reddit Instagram Youtube