ਗਉੜੀ ਗੁਆਰੇਰੀ ਮਹਲਾ ੩ ॥
ਮਨਮੁਖਿ ਸੂਤਾ ਮਾਇਆ ਮੋਹਿ ਪਿਆਰਿ ॥
ਗੁਰਮੁਖਿ ਜਾਗੇ ਗੁਣ ਗਿਆਨ ਬੀਚਾਰਿ ॥
ਸੇ ਜਨ ਜਾਗੇ ਜਿਨ ਨਾਮ ਪਿਆਰਿ ॥੧॥

ਸਹਜੇ ਜਾਗੈ ਸਵੈ ਨ ਕੋਇ ॥
ਪੂਰੇ ਗੁਰ ਤੇ ਬੂਝੈ ਜਨੁ ਕੋਇ ॥੧॥ ਰਹਾਉ ॥

ਅਸੰਤੁ ਅਨਾੜੀ ਕਦੇ ਨ ਬੂਝੈ ॥
ਕਥਨੀ ਕਰੇ ਤੈ ਮਾਇਆ ਨਾਲਿ ਲੂਝੈ ॥
ਅੰਧੁ ਅਗਿਆਨੀ ਕਦੇ ਨ ਸੀਝੈ ॥੨॥

ਇਸੁ ਜੁਗ ਮਹਿ ਰਾਮ ਨਾਮਿ ਨਿਸਤਾਰਾ ॥
ਵਿਰਲਾ ਕੋ ਪਾਏ ਗੁਰ ਸਬਦਿ ਵੀਚਾਰਾ ॥
ਆਪਿ ਤਰੈ ਸਗਲੇ ਕੁਲ ਉਧਾਰਾ ॥੩॥

ਇਸੁ ਕਲਿਜੁਗ ਮਹਿ ਕਰਮ ਧਰਮੁ ਨ ਕੋਈ ॥
ਕਲੀ ਕਾ ਜਨਮੁ ਚੰਡਾਲ ਕੈ ਘਰਿ ਹੋਈ ॥
ਨਾਨਕ ਨਾਮ ਬਿਨਾ ਕੋ ਮੁਕਤਿ ਨ ਹੋਈ ॥੪॥੧੦॥੩੦॥

Sahib Singh
ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ।
ਮੋਹਿ = ਮੋਹ ਵਿਚ ।
ਪਿਆਰਿ = ਪਿਆਰ ਵਿਚ ।
ਬੀਚਾਰਿ = ਵਿਚਾਰ ਵਿਚ ।
ਨਾਮਿ = ਨਾਮ ਵਿਚ ।੧ ।
ਸਹਜੇ = ਆਤਮਕ ਅਡੋਲਤਾ ਵਿਚ ।
ਕੋਇ = ਕੋਈ ਵਿਰਲਾ ।੧।ਰਹਾਉ।ਅਸੰਤੁ—ਵਿਕਾਰੀ ਮਨੁੱਖ ।
ਅਨਾੜੀ = ਅਮੋੜ, ਵਿਕਾਰਾਂ ਵਲੋਂ ਨਾਹ ਪਰਤਣ ਵਾਲਾ ।
ਤੈ = ਅਤੇ ।
ਲੂਝੈ = ਝਗੜਦਾ ਹੈ, ਖਚਿਤ ਹੁੰਦਾ ਹੈ ।
ਸੀਝੈ = ਕਾਮਯਾਬ ਹੁੰਦਾ ਹੈ ।੨ ।
ਇਸੁ ਜੁਗ ਮਹਿ = ਇਸ ਮਨੁੱਖਾ ਜਨਮ ਵਿਚ ।
ਨਾਮਿ = ਨਾਮ ਦੀ ਰਾਹੀਂ ।੩ ।
ਚੰਡਾਲ = ਕੁਕਰਮੀ ਮਨੁੱਖ ।
ਘਰਿ = ਹਿਰਦੇ ਵਿਚ ।੪ ।
    
Sahib Singh
ਜੇਹੜਾ ਕੋਈ (ਵਡਭਾਗੀ ਮਨੁੱਖ) ਪੂਰੇ ਗੁਰੂ ਪਾਸੋਂ ਆਤਮਕ ਜੀਵਨ ਦੀ ਸੂਝ ਪ੍ਰਾਪਤ ਕਰਦਾ ਹੈ, ਉਹ ਆਤਮਕ ਅਡੋਲਤਾ ਵਿਚ ਟਿਕ ਕੇ (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦਾ ਹੈ, ਉਹ ਮਾਇਆ ਦੇ ਮੋਹ ਦੀ ਨੀਂਦ ਵਿਚ ਨਹੀਂ ਫਸਦਾ ।੧।ਰਹਾਉ ।
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਮਾਇਆ ਦੇ ਮੋਹ ਵਿਚ ਮਾਇਆ ਦੇ ਪਿਆਰ ਵਿਚ (ਆਤਮਕ ਜੀਵਨ ਵਲੋਂ) ਗ਼ਾਫ਼ਿਲ ਹੋਇਆ ਰਹਿੰਦਾ ਹੈ ।
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਪਰਮਾਤਮਾ ਦੇ ਗੁਣਾਂ ਨਾਲ ਜਾਣ-ਪਛਾਣ ਦੀ ਵਿਚਾਰ ਵਿਚ (ਟਿਕ ਕੇ ਮਾਇਆ ਵਲੋਂ) ਸੁਚੇਤ ਰਹਿੰਦਾ ਹੈ ।
ਜੇਹੜੇ ਮਨੁੱਖਾਂ ਦਾ ਪਰਮਾਤਮਾ ਦੇ ਨਾਮ ਵਿਚ ਪਿਆਰ ਪੈ ਜਾਂਦਾ ਹੈ, ਉਹ ਮਨੁੱਖ (ਮਾਇਆ ਦੇ ਮੋਹ ਵਲੋਂ) ਸੁਚੇਤ ਰਹਿੰਦੇ ਹਨ ।੧ ।
ਵਿਕਾਰੀ ਮਨੁੱਖ, ਵਿਕਾਰਾਂ ਵਾਲੇ ਪਾਸੇ ਅੜੀ ਕਰਨ ਵਾਲਾ ਮਨੁੱਖ ਕਦੇ ਭੀ ਆਤਮਕ ਜੀਵਨ ਦੀ ਸਮਝ ਪ੍ਰਾਪਤ ਨਹੀਂ ਕਰ ਸਕਦਾ, ਉਹ ਗਿਆਨ ਦੀਆਂ ਗੱਲਾਂ (ਭੀ) ਕਰਦਾ ਰਹਿੰਦਾ ਹੈ, ਤੇ, ਮਾਇਆ ਵਿਚ ਭੀ ਖਚਿਤ ਹੁੰਦਾ ਰਹਿੰਦਾ ਹੈ ।
(ਇਹੋ ਜਿਹਾ ਮਾਇਆ ਦੇ ਮੋਹ ਵਿਚ) ਅੰਨ੍ਹਾ ਤੇ ਗਿਆਨ-ਹੀਨ ਮਨੁੱਖ (ਜ਼ਿੰਦਗੀ ਦੀ ਬਾਜ਼ੀ ਵਿਚ) ਕਦੇ ਕਾਮਯਾਬ ਨਹੀਂ ਹੁੰਦਾ ।੨ ।
ਇਸ ਮਨੁੱਖਾ ਜਨਮ ਵਿਚ ਆ ਕੇ ਪਰਮਾਤਮਾ ਦੇ ਨਾਮ ਦੀ ਰਾਹੀਂ ਹੀ (ਸੰਸਾਰ-ਸਮੁੰਦਰ ਤੋਂ) ਪਾਰ ਉਤਾਰਾ ਹੋ ਸਕਦਾ ਹੈ ।
ਕੋਈ ਵਿਰਲਾ ਮਨੁੱਖ ਹੀ ਗੁਰੂ ਦੇ ਸ਼ਬਦ ਵਿਚ ਜੁੜ ਕੇ ਇਹ ਵਿਚਾਰਦਾ ਹੈ ।
ਅਜੇਹਾ ਮਨੁੱਖ ਆਪ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ, ਆਪਣੇ ਸਾਰੇ ਕੁਲਾਂ ਨੂੰ ਭੀ ਪਾਰ ਲੰਘਾ ਲੈਂਦਾ ਹੈ ।੩ ।
ਕੁਕਰਮੀ ਮਨੁੱਖ ਦੇ ਹਿਰਦੇ ਵਿਚ (ਮਾਨੋ) ਕਲਿਜੁਗ ਆ ਜਾਂਦਾ ਹੈ, ਇਸ ਕਲਿਜੁਗ (ਭਾਵ, ਕੁਕਰਮ-ਦਸ਼ਾ) ਦੇ ਪੰਜੇ ਵਿਚ ਫਸਿਆਂ ਕੋਈ ਕਰਮ-ਧਰਮ ਛੁਡਾ ਨਹੀਂ ਸਕਦਾ ।
ਹੇ ਨਾਨਕ! ਪਰਮਾਤਮਾ ਦੇ ਨਾਮ ਤੋਂ ਬਿਨਾ ਕੋਈ ਮਨੁੱਖ (ਕਲਿਜੁਗ ਤੋਂ) ਖ਼ਲਾਸੀ ਨਹੀਂ ਪਾ ਸਕਦਾ ।੪।੧੦।੩੦ ।
Follow us on Twitter Facebook Tumblr Reddit Instagram Youtube