ਗਉੜੀ ਗੁਆਰੇਰੀ ਮਹਲਾ ੩ ॥
ਏਕਸੁ ਤੇ ਸਭਿ ਰੂਪ ਹਹਿ ਰੰਗਾ ॥
ਪਉਣੁ ਪਾਣੀ ਬੈਸੰਤਰੁ ਸਭਿ ਸਹਲੰਗਾ ॥
ਭਿੰਨ ਭਿੰਨ ਵੇਖੈ ਹਰਿ ਪ੍ਰਭੁ ਰੰਗਾ ॥੧॥

ਏਕੁ ਅਚਰਜੁ ਏਕੋ ਹੈ ਸੋਈ ॥
ਗੁਰਮੁਖਿ ਵੀਚਾਰੇ ਵਿਰਲਾ ਕੋਈ ॥੧॥ ਰਹਾਉ ॥

ਸਹਜਿ ਭਵੈ ਪ੍ਰਭੁ ਸਭਨੀ ਥਾਈ ॥
ਕਹਾ ਗੁਪਤੁ ਪ੍ਰਗਟੁ ਪ੍ਰਭਿ ਬਣਤ ਬਣਾਈ ॥
ਆਪੇ ਸੁਤਿਆ ਦੇਇ ਜਗਾਈ ॥੨॥

ਤਿਸ ਕੀ ਕੀਮਤਿ ਕਿਨੈ ਨ ਹੋਈ ॥
ਕਹਿ ਕਹਿ ਕਥਨੁ ਕਹੈ ਸਭੁ ਕੋਈ ॥
ਗੁਰ ਸਬਦਿ ਸਮਾਵੈ ਬੂਝੈ ਹਰਿ ਸੋਈ ॥੩॥

ਸੁਣਿ ਸੁਣਿ ਵੇਖੈ ਸਬਦਿ ਮਿਲਾਏ ॥
ਵਡੀ ਵਡਿਆਈ ਗੁਰ ਸੇਵਾ ਤੇ ਪਾਏ ॥
ਨਾਨਕ ਨਾਮਿ ਰਤੇ ਹਰਿ ਨਾਮਿ ਸਮਾਏ ॥੪॥੯॥੨੯॥

Sahib Singh
ਤੇ = ਤੋਂ ।
ਏਕਸੁ ਤੇ = ਇਕ (ਪਰਮਾਤਮਾ) ਤੋਂ ਹੀ ।
ਸਭਿ = ਸਾਰੇ ।
ਬੈਸੰਤਰੁ = ਅੱਗ ।
ਸਹਲੰਗਾ = {ਸਹ = ਲÀਨ} ਮਿਲੇ ਹੋਏ, ਜੁੜੇ ਹੋਏ ।
ਭਿੰਨ = ਵੱਖਰਾ ।੧ ।
ਸੋਈ = ਉਹ (ਪਰਮਾਤਮਾ) ਹੀ ।
ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ ।੧।ਰਹਾਉ ।
ਸਹਜਿ = ਆਤਮਕ ਅਡੋਲਤਾ ਵਿਚ ।
ਕਹਾ = ਕਿਤੇ ।
ਪ੍ਰਭਿ = ਪ੍ਰਭੂ ਨੇ ।
ਦੇਇ = ਦੇਂਦਾ ਹੈ ।੨ ।
ਕਿਨੈ = ਕਿਸੇ (ਜੀਵ) ਪਾਸੋਂ ।
ਕਹਿ ਕਹਿ = ਆਖ ਆਖ ਕੇ ।
ਸਭੁ ਕੋਈ = ਹਰੇਕ ਜੀਵ ।੩।ਸੁਣਿ—ਸੁਣ ਕੇ ।
ਵੇਖੈ = ਸੰਭਾਲ ਕਰਦਾ ਹੈ ।
ਤੇ = ਤੋਂ ।
ਨਾਮਿ = ਨਾਮ ਵਿਚ ।੪ ।
    
Sahib Singh
ਇਹ ਇਕ ਅਚਰਜ ਕੌਤਕ ਹੈ ਕਿ ਪਰਮਾਤਮਾ ਆਪ ਹੀ (ਇਸ ਬਹੁ-ਰੰਗੀ ਸੰਸਾਰ ਵਿਚ ਹਰ ਥਾਂ) ਮੌਜੂਦ ਹੈ ।
ਕੋਈ ਵਿਰਲਾ ਮਨੁੱਖ ਗੁਰੂ ਦੀ ਸਰਨ ਪੈ ਕੇ (ਇਸ ਅਚਰਜ ਕੌਤਕ ਨੂੰ) ਵਿਚਾਰਦਾ ਹੈ ।੧।ਰਹਾਉ ।
(ਸੰਸਾਰ ਵਿਚ ਦਿੱਸਦੇ ਇਹ) ਸਾਰੇ (ਵਖ ਵਖ) ਰੂਪ ਤੇ ਰੰਗ ਉਸ ਇੱਕ ਪਰਮਾਤਮਾ ਤੋਂ ਹੀ ਬਣੇ ਹਨ ।
ਉਸ ਇੱਕ ਤੋਂ ਹੀ ਹਵਾ ਪੈਦਾ ਹੋਈ ਹੈ ਪਾਣੀ ਬਣਿਆ ਹੈ ਅੱਗ ਪੈਦਾ ਹੋਈ ਹੈ ਤੇ ਇਹ ਸਾਰੇ (ਤੱਤ ਵਖ ਵਖ ਰੂਪ ਰੰਗ ਵਾਲੇ ਸਭ ਜੀਵਾਂ ਵਿਚ) ਮਿਲੇ ਹੋਏ ਹਨ ।
ਉਹ ਪਰਮਾਤਮਾ (ਆਪ ਹੀ) ਵਖ ਵਖ ਰੰਗਾਂ (ਵਾਲੇ ਜੀਵਾਂ) ਦੀ ਸੰਭਾਲ ਕਰਦਾ ਹੈ ।੧ ।
(ਆਪਣੀ) ਆਤਮਕ ਅਡੋਲਤਾ ਵਿਚ (ਟਿਕਿਆ ਹੋਇਆ ਹੀ ਉਹ) ਪਰਮਾਤਮਾ ਸਭਨਾਂ ਥਾਵਾਂ ਵਿਚ ਵਿਆਪਕ ਹੋ ਰਿਹਾ ਹੈ ।
ਕਿਤੇ ਉਹ ਗੁਪਤ ਹੈ ਕਿਤੇ ਪਰਤੱਖ ਹੈ ।
ਇਹ ਸਾਰੀ ਜਗਤ-ਖੇਲ ਪ੍ਰਭੂ ਨੇ ਆਪ ਹੀ ਬਣਾਈ ਹੋਈ ਹੈ ।
(ਮਾਇਆ ਦੇ ਮੋਹ ਦੀ ਨੀਂਦ ਵਿਚ) ਸੁੱਤੇ ਹੋਏ ਜੀਵਾਂ ਨੂੰ ਉਹ ਪਰਮਾਤਮਾ ਆਪ ਹੀ ਜਗਾ ਦੇਂਦਾ ਹੈ ।੨ ।
ਹਰੇਕ ਜੀਵ (ਆਪਣੇ ਵਲੋਂ ਪਰਮਾਤਮਾ ਦੇ ਗੁਣ) ਆਖ ਆਖ ਕੇ (ਉਹਨਾਂ ਗੁਣਾਂ ਦਾ) ਵਰਣਨ ਕਰਦਾ ਹੈ, ਪਰ ਕਿਸੇ ਜੀਵ ਪਾਸੋਂ ਉਸ ਦਾ ਮੁੱਲ ਨਹੀਂ ਪੈ ਸਕਦਾ ।
(ਹਾਂ) ਜੇਹੜਾ ਮਨੁੱਖ ਸਤਿਗੁਰੂ ਦੇ ਸ਼ਬਦ ਵਿਚ ਜੁੜਦਾ ਹੈ, ਉਹ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲੈਂਦਾ ਹੈ ।੩ ।
(ਇਸ ਬਹੁ-ਰੰਗੀ ਸੰਸਾਰ ਦਾ ਮਾਲਕ ਪਰਮਾਤਮਾ ਹਰੇਕ ਜੀਵ ਦੀ ਅਰਜ਼ੋਈ) ਸੁਣ ਸੁਣ ਕੇ (ਹਰੇਕ ਦੀ) ਸੰਭਾਲ ਕਰਦਾ ਹੈ, (ਤੇ ਅਰਦਾਸ ਸੁਣ ਕੇ ਹੀ ਜੀਵ ਨੂੰ) ਗੁਰੂ ਦੇ ਸ਼ਬਦ ਵਿਚ ਜੋੜਦਾ ਹੈ ।
(ਗੁਰ-ਸ਼ਬਦ ਵਿਚ ਜੁੜਿਆ ਮਨੁੱਖ) ਗੁਰੂ ਦੀ ਦੱਸੀ ਸੇਵਾ ਤੋਂ (ਲੋਕ ਪਰਲੋਕ ਵਿਚ) ਬੜਾ ਆਦਰ-ਮਾਣ ਪ੍ਰਾਪਤ ਕਰਦਾ ਹੈ ।
ਹੇ ਨਾਨਕ! (ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਹੀ ਅਨੇਕਾਂ ਜੀਵ) ਪਰਮਾਤਮਾ ਦੇ ਨਾਮ (-ਰੰਗ) ਵਿਚ ਰੰਗੇ ਜਾਂਦੇ ਹਨ, ਪਰਮਾਤਮਾ ਦੇ ਨਾਮ ਵਿਚ ਲੀਨ ਹੋ ਜਾਂਦੇ ਹਨ ।੪।੯।੨੯ ।
Follow us on Twitter Facebook Tumblr Reddit Instagram Youtube