ਗਉੜੀ ਗੁਆਰੇਰੀ ਮਹਲਾ ੩ ॥
ਸੋ ਕਿਉ ਵਿਸਰੈ ਜਿਸ ਕੇ ਜੀਅ ਪਰਾਨਾ ॥
ਸੋ ਕਿਉ ਵਿਸਰੈ ਸਭ ਮਾਹਿ ਸਮਾਨਾ ॥
ਜਿਤੁ ਸੇਵਿਐ ਦਰਗਹ ਪਤਿ ਪਰਵਾਨਾ ॥੧॥

ਹਰਿ ਕੇ ਨਾਮ ਵਿਟਹੁ ਬਲਿ ਜਾਉ ॥
ਤੂੰ ਵਿਸਰਹਿ ਤਦਿ ਹੀ ਮਰਿ ਜਾਉ ॥੧॥ ਰਹਾਉ ॥

ਤਿਨ ਤੂੰ ਵਿਸਰਹਿ ਜਿ ਤੁਧੁ ਆਪਿ ਭੁਲਾਏ ॥
ਤਿਨ ਤੂੰ ਵਿਸਰਹਿ ਜਿ ਦੂਜੈ ਭਾਏ ॥
ਮਨਮੁਖ ਅਗਿਆਨੀ ਜੋਨੀ ਪਾਏ ॥੨॥

ਜਿਨ ਇਕ ਮਨਿ ਤੁਠਾ ਸੇ ਸਤਿਗੁਰ ਸੇਵਾ ਲਾਏ ॥
ਜਿਨ ਇਕ ਮਨਿ ਤੁਠਾ ਤਿਨ ਹਰਿ ਮੰਨਿ ਵਸਾਏ ॥
ਗੁਰਮਤੀ ਹਰਿ ਨਾਮਿ ਸਮਾਏ ॥੩॥

ਜਿਨਾ ਪੋਤੈ ਪੁੰਨੁ ਸੇ ਗਿਆਨ ਬੀਚਾਰੀ ॥
ਜਿਨਾ ਪੋਤੈ ਪੁੰਨੁ ਤਿਨ ਹਉਮੈ ਮਾਰੀ ॥
ਨਾਨਕ ਜੋ ਨਾਮਿ ਰਤੇ ਤਿਨ ਕਉ ਬਲਿਹਾਰੀ ॥੪॥੭॥੨੭॥

Sahib Singh
ਸੋ = ਉਹ (ਪਰਮਾਤਮਾ) ।
ਜੀਅ ਪਰਾਨਾ = ਜਿੰਦ ਪ੍ਰਾਣ ।
ਮਾਹਿ = ਵਿਚ ।
ਜਿਤੁ = ਜਿਸ ਦੀ ਰਾਹੀਂ ।
    ਜਿਤੁ ਸੇਵਿਐ, ਜਿਸ ਦੀ ਸੇਵਾ-ਭਗਤੀ ਕੀਤਿਆਂ ।
ਪਤਿ = ਇੱਜ਼ਤ ।
ਪਰਵਾਨਾ = ਕਬੂਲ ।੧ ।
ਵਿਟਹੁ = ਤੋਂ ।
ਬਲਿ ਜਾਉ = ਮੈਂ ਕੁਰਬਾਨ ਜਾਂਦਾ ਹਾਂ ।
ਮਰਿ ਜਾਉ = ਮੈਂ ਮਰ ਜਾਂਦਾ ਹਾਂ ।੧।ਰਹਾਉ ।
ਜਿ = ਜੇਹੜੇ ਬੰਦੇ ।
ਤੁਧੁ = ਤੂੰ ।
ਦੂਜੈ ਭਾਏ = ਮਾਇਆ ਦੇ ਮੋਹ ਵਿਚ ।
ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ।੨ ।
ਇਕ ਮਨਿ = ਖ਼ਾਸ ਗਿਆਨ ਨਾਲ ।
ਤੁਠਾ = ਪ੍ਰਸੰਨ ਹੋਇਆ ।
ਤਿਨ ਮੰਨਿ = ਤਿਨ ਮਨਿ, ਉਹਨਾਂ ਦੇ ਮਨ ਵਿਚ ।
ਨਾਮਿ = ਨਾਮ ਵਿਚ ।੩ ।
ਪੋਤੈ = ਪੱਲੇ, ਖ਼ਜ਼ਾਨੇ ਵਿਚ ।
ਪੁੰਨ = ਭਲਾਈ, ਚੰਗੇ ਭਾਗ ।੪ ।
    
Sahib Singh
ਮੈਂ ਪਰਮਾਤਮਾ ਦੇ ਨਾਮ ਤੋਂ (ਸਦਾ) ਸਦਕੇ ਜਾਂਦਾ ਹਾਂ ।
(ਹੇ ਪ੍ਰਭੂ!) ਜਦੋਂ ਤੂੰ ਮੈਨੂੰ ਵਿਸਰ ਜਾਂਦਾ ਹੈਂ, ਉਸੇ ਵੇਲੇ ਮੇਰੀ ਆਤਮਕ ਮੌਤ ਹੋ ਜਾਂਦੀ ਹੈ! ।੧।ਰਹਾਉ।(ਹੇ ਭਾਈ! ਜਿਸ ਪਰਮਾਤਮਾ ਦੇ ਦਿੱਤੇ ਹੋਏ ਇਹ ਜਿੰਦ-ਪ੍ਰਾਣ ਹਨ, ਜੇਹੜਾ ਪਰਮਾਤਮਾ ਸਭ ਜੀਵਾਂ ਵਿਚ ਵਿਆਪਕ ਹੈ ਜਿਸ ਦੀ ਸੇਵਾ-ਭਗਤੀ ਕੀਤਿਆਂ ਉਸ ਦੀ ਦਰਗਾਹ ਵਿਚ ਇੱਜ਼ਤ ਮਿਲਦੀ ਹੈ, ਦਰਗਾਹ ਵਿਚ ਕਬੂਲ ਹੋ ਜਾਈਦਾ ਹੈ ਉਸ ਨੂੰ ਕਦੇ ਭੀ (ਮਨ ਤੋਂ) ਭੁਲਾਣਾ ਨਹੀਂ ਚਾਹੀਦਾ ।੧ ।
(ਹੇ ਪ੍ਰਭੂ!) ਜੇਹੜੇ ਬੰਦੇ ਤੂੰ ਆਪ ਹੀ ਕੁਰਾਹੇ ਪਾ ਦਿੱਤੇ ਹਨ, ਜੇਹੜੇ (ਸਦਾ) ਮਾਇਆ ਦੇ ਮੋਹ ਵਿਚ ਹੀ (ਫਸੇ ਰਹਿੰਦੇ ਹਨ) ਉਹਨਾਂ ਦੇ ਮਨ ਤੋਂ ਤੂੰ ਭੁੱਲ ਜਾਂਦਾ ਹੈਂ ।
ਉਹਨਾਂ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਗਿਆਨ-ਹੀਨ ਬੰਦਿਆਂ ਨੂੰ ਤੂੰ ਜੂਨਾਂ ਵਿਚ ਪਾ ਦੇਂਦਾ ਹੈਂ ।੨ ।
(ਹੇ ਭਾਈ!) ਜਿਨ੍ਹਾਂ ਮਨੁੱਖਾਂ ਉੱਤੇ ਪਰਮਾਤਮਾ ਖ਼ਾਸ ਧਿਆਨ ਨਾਲ ਪ੍ਰਸੰਨ ਹੁੰਦਾ ਹੈ, ਉਹਨਾਂ ਨੂੰ ਉਹ ਗੁਰੂ ਦੀ ਸੇਵਾ ਵਿਚ ਜੋੜਦਾ ਹੈ, ਉਹਨਾਂ ਦੇ ਮਨ ਵਿਚ ਪਰਮਾਤਮਾ (ਆਪਣਾ ਆਪ) ਵਸਾ ਦੇਂਦਾ ਹੈ ।
ਉਹ ਮਨੁੱਖ ਗੁਰੂ ਦੀ ਮਤਿ ਉਤੇ ਤੁਰ ਕੇ ਪਰਮਾਤਮਾ ਦੇ ਨਾਮ ਵਿਚ (ਸਦਾ) ਲੀਨ ਰਹਿੰਦੇ ਹਨ ।੩ ।
(ਹੇ ਭਾਈ!) ਜਿਨ੍ਹਾਂ ਮਨੁੱਖਾਂ ਦੇ ਪੱਲੇ ਚੰਗੇ ਭਾਗ ਹੁੰਦੇ ਹਨ, ਉਹ ਮਨੁੱਖ ਪਰਮਾਤਮਾ ਨਾਲ ਡੂੰਘੀ ਸਾਂਝ ਪਾਂਦੇ ਹਨ, ਉਹ ਉੱਚੀ ਵਿਚਾਰ ਦੇ ਮਾਲਕ ਬਣਦੇ ਹਨ, ਉਹ (ਆਪਣੇ ਅੰਦਰੋਂ) ਹਉਮੈ ਦੂਰ ਕਰ ਲੈਂਦੇ ਹਨ ।
ਹੇ ਨਾਨਕ! (ਆਖ—) ਮੈਂ ਉਹਨਾਂ ਮਨੁੱਖਾਂ ਤੋਂ (ਸਦਾ) ਸਦਕੇ ਹਾਂ, ਜੇਹੜੇ ਪਰਮਾਤਮਾ ਦੇ ਨਾਮ (-ਰੰਗ) ਵਿਚ ਰੰਗੇ ਰਹਿੰਦੇ ਹਨ ।੪।੭।੨੭ ।
Follow us on Twitter Facebook Tumblr Reddit Instagram Youtube