ਗਉੜੀ ਗੁਆਰੇਰੀ ਮਹਲਾ ੩ ॥
ਇਕਿ ਗਾਵਤ ਰਹੇ ਮਨਿ ਸਾਦੁ ਨ ਪਾਇ ॥
ਹਉਮੈ ਵਿਚਿ ਗਾਵਹਿ ਬਿਰਥਾ ਜਾਇ ॥
ਗਾਵਣਿ ਗਾਵਹਿ ਜਿਨ ਨਾਮ ਪਿਆਰੁ ॥
ਸਾਚੀ ਬਾਣੀ ਸਬਦ ਬੀਚਾਰੁ ॥੧॥

ਗਾਵਤ ਰਹੈ ਜੇ ਸਤਿਗੁਰ ਭਾਵੈ ॥
ਮਨੁ ਤਨੁ ਰਾਤਾ ਨਾਮਿ ਸੁਹਾਵੈ ॥੧॥ ਰਹਾਉ ॥

ਇਕਿ ਗਾਵਹਿ ਇਕਿ ਭਗਤਿ ਕਰੇਹਿ ॥
ਨਾਮੁ ਨ ਪਾਵਹਿ ਬਿਨੁ ਅਸਨੇਹ ॥
ਸਚੀ ਭਗਤਿ ਗੁਰ ਸਬਦ ਪਿਆਰਿ ॥
ਅਪਨਾ ਪਿਰੁ ਰਾਖਿਆ ਸਦਾ ਉਰਿ ਧਾਰਿ ॥੨॥

ਭਗਤਿ ਕਰਹਿ ਮੂਰਖ ਆਪੁ ਜਣਾਵਹਿ ॥
ਨਚਿ ਨਚਿ ਟਪਹਿ ਬਹੁਤੁ ਦੁਖੁ ਪਾਵਹਿ ॥
ਨਚਿਐ ਟਪਿਐ ਭਗਤਿ ਨ ਹੋਇ ॥
ਸਬਦਿ ਮਰੈ ਭਗਤਿ ਪਾਏ ਜਨੁ ਸੋਇ ॥੩॥

ਭਗਤਿ ਵਛਲੁ ਭਗਤਿ ਕਰਾਏ ਸੋਇ ॥
ਸਚੀ ਭਗਤਿ ਵਿਚਹੁ ਆਪੁ ਖੋਇ ॥
ਮੇਰਾ ਪ੍ਰਭੁ ਸਾਚਾ ਸਭ ਬਿਧਿ ਜਾਣੈ ॥
ਨਾਨਕ ਬਖਸੇ ਨਾਮੁ ਪਛਾਣੈ ॥੪॥੪॥੨੪॥

Sahib Singh
ਇਕਿ = {ਲਫ਼ਜ਼ ‘ਇਕ’ ਤੋਂ ਬਹੁ-ਵਚਨ} ਕਈ ।
ਮਨਿ = ਮਨ ਵਿਚ ।
ਸਾਦੁ = ਆਨੰਦ, ਸੁਆਦ ।
ਜਾਇ = ਜਾਂਦਾ ਹੈ ।੧ ।
ਸਤਿਗੁਰ ਭਾਵੈ = ਗੁਰੂ ਨੂੰ ਚੰਗਾ ਲੱਗੇ ।
ਨਾਮਿ = ਨਾਮ ਵਿਚ ।
ਸੁਹਾਵੈ = ਸੋਹਣੇ ਜੀਵਨ ਵਾਲਾ ਬਣ ਜਾਂਦਾ ਹੈ ।੧।ਰਹਾਉ ।
ਭਗਤਿ ਕਰੇਹਿ = ਰਾਸਾਂ ਪਾਂਦੇ ਹਨ ।
ਅਸਨੇਹ = {Ôਨੇਹ} ਪਿਆਰ ।
ਪਿਆਰਿ = ਪਿਆਰ ਵਿਚ ।
ਉਰਿ = ਹਿਰਦੇ ਵਿਚ ।੨ ।
ਆਪੁ = ਆਪਣੇ ਆਪ ਨੂੰ ।
ਆਪੁ ਜਣਾਵਹਿ = ਆਪਣੇ ਆਪ ਨੂੰ ਭਗਤ ਜ਼ਾਹਰ ਕਰਦੇ ਹਨ ।
ਮਰੈ = ਆਪਾ = ਭਾਵ ਵਲੋਂ ਮਰਦਾ ਹੈ ।
ਸੋਇ = ਉਹ ਹੀ ।੩ ।
ਵਛਲੁ = {ਵÄਸਲ} ਪਿਆਰ ਕਰਨ ਵਾਲਾ ।
ਸਚੀ = ਸਦਾ = ਥਿਰ ਰਹਿਣ ਵਾਲੀ, ਪਰਵਾਨ ।
ਸਭ ਬਿਧਿ = ਹਰੇਕ ਢੰਗ ।੪ ।
    
Sahib Singh
ਜੇ ਗੁਰੂ ਨੂੰ ਚੰਗਾ ਲੱਗੇ (ਜੇ ਗੁਰੂ ਮਿਹਰ ਕਰੇ ਤਾਂ ਉਸ ਦੀ ਮਿਹਰ ਦਾ ਸਦਕਾ ਉਸ ਦੀ ਸਰਨ ਆਇਆ ਮਨੁੱਖ) ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ, ਉਸ ਦਾ ਮਨ ਉਸ ਦਾ ਤਨ ਪ੍ਰਭੂ ਦੇ ਨਾਮ ਵਿਚ ਰੰਗਿਆ ਜਾਂਦਾ ਹੈ ਤੇ ਉਸ ਦਾ ਜੀਵਨ ਸੋਹਣਾ ਬਣ ਜਾਂਦਾ ਹੈ ।੧।ਰਹਾਉ ।
ਕਈ ਮਨੁੱਖ ਐਸੇ ਹਨ ਜੋ (ਭਗਤੀ ਦੇ ਗੀਤ) ਗਾਂਦੇ (ਤਾਂ) ਰਹਿੰਦੇ ਹਨ (ਪਰ ਉਹਨਾਂ ਦੇ) ਮਨ ਵਿਚ ਕੋਈ ਆਨੰਦ ਪੈਦਾ ਨਹੀਂ ਹੁੰਦਾ (ਕਿਉਂਕਿ ਉਹ ਆਪਣੇ ਭਗਤ ਹੋਣ ਦੀ) ਹਉਮੈ ਵਿਚ (ਭਗਤੀ ਦੇ ਗੀਤ) ਗਾਂਦੇ ਹਨ (ਉਹਨਾਂ ਦਾ ਇਹ ਉੱਦਮ) ਵਿਅਰਥ ਚਲਾ ਜਾਂਦਾ ਹੈ ।
(ਸਿਫ਼ਤਿ-ਸਾਲਾਹ ਦੇ ਗੀਤ) ਅਸਲ ਵਿਚ ਉਹ ਮਨੁੱਖ ਗਾਂਦੇ ਹਨ, ਜਿਨ੍ਹਾਂ ਦਾ ਪਰਮਾਤਮਾ ਦੇ ਨਾਮ ਨਾਲ ਪਿਆਰ ਹੈ, ਜੇਹੜੇ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਦਾ, ਸ਼ਬਦ ਦਾ ਵਿਚਾਰ (ਆਪਣੇ ਹਿਰਦੇ ਵਿਚ ਟਿਕਾਂਦੇ ਹਨ) ।੧ ।
ਕਈ ਮਨੁੱਖ ਐਸੇ ਹਨ ਜੋ (ਭਗਤੀ ਦੇ ਗੀਤ) ਗਾਂਦੇ ਹਨ ਤੇ ਰਾਸਾਂ ਪਾਂਦੇ ਹਨ, ਪਰ ਪ੍ਰਭੂ-ਚਰਨਾਂ ਦੇ ਪਿਆਰ ਤੋਂ ਬਿਨਾ ਉਹਨਾਂ ਨੂੰ ਪਰਮਾਤਮਾ ਦਾ ਨਾਮ ਪ੍ਰਾਪਤ ਨਹੀਂ ਹੁੰਦਾ ।
ਉਹਨਾਂ ਦੀ ਹੀ ਭਗਤੀ ਪਰਵਾਨ ਹੁੰਦੀ ਹੈ, ਜੇਹੜੇ ਗੁਰੂ ਦੇ ਸ਼ਬਦ ਦੇ ਪਿਆਰ ਵਿਚ ਜੁੜੇ ਰਹਿੰਦੇ ਹਨ, ਜਿਨ੍ਹਾਂ ਨੇ ਆਪਣੇ ਪ੍ਰਭੂ-ਪਤੀ ਨੂੰ ਸਦਾ ਆਪਣੇ ਹਿਰਦੇ ਵਿਚ ਟਿਕਾ ਕੇ ਰੱਖਿਆ ਹੋਇਆ ਹੈ ।੨ ।
ਮੂਰਖ ਲੋਕ ਰਾਸਾਂ ਪਾਂਦੇ ਹਨ ਤੇ ਆਪਣੇ ਆਪ ਨੂੰ ਭਗਤ ਪਰਗਟ ਕਰਦੇ ਹਨ, (ਉਹ ਮੂਰਖ ਰਾਸਾਂ ਪਾਣ ਵੇਲੇ) ਨੱਚ ਨੱਚ ਕੇ ਟੱਪਦੇ ਹਨ (ਪਰ ਅੰਤਰ ਆਤਮੇ ਹਉਮੈ ਦੇ ਕਾਰਨ ਆਤਮਕ ਆਨੰਦ ਦੇ ਥਾਂ) ਦੁਖ ਹੀ ਦੁਖ ਪਾਂਦੇ ਹਨ ।
ਨੱਚਣ ਟੱਪਣ ਨਾਲ ਭਗਤੀ ਨਹੀਂ ਹੁੰਦੀ ।
ਪਰਮਾਤਮਾ ਦੀ ਭਗਤੀ ਉਹੀ ਮਨੁੱਖ ਪ੍ਰਾਪਤ ਕਰ ਸਕਦਾ ਹੈ, ਜੇਹੜਾ ਗੁਰੂ ਦੇ ਸ਼ਬਦ ਵਿਚ ਜੁੜ ਕੇ (ਆਪਾ-ਭਾਵ ਵਲੋਂ, ਹਉਮੈ ਵਲੋਂ) ਮਰਦਾ ਹੈ ।੩ ।
(ਪਰ ਜੀਵਾਂ ਦੇ ਕੀਹ ਵੱਸ?) ਭਗਤੀ ਨਾਲ ਪਿਆਰ ਕਰਨ ਵਾਲਾ ਉਹ ਪਰਮਾਤਮਾ ਸਭ ਜੀਵਾਂ ਦੇ ਢੰਗ ਜਾਣਦਾ ਹੈ (ਕਿ ਇਹ ਭਗਤੀ ਕਰਦੇ ਹਨ ਜਾਂ ਪਖੰਡ) ।
ਹੇ ਨਾਨਕ! ਜਿਸ ਮਨੁੱਖ ਉਤੇ ਪ੍ਰਭੂ ਬਖ਼ਸ਼ਸ਼ ਕਰਦਾ ਹੈ ਉਹ ਮਨੁੱਖ ਉਸ ਦੇ ਨਾਮ ਨੂੰ ਪਛਾਣਦਾ ਹੈ (ਨਾਮ ਨਾਲ) ਡੂੰਘੀ ਸਾਂਝ ਪਾ ਲੈਂਦਾ ਹੈ ।੪।੪।੨੪ ।
Follow us on Twitter Facebook Tumblr Reddit Instagram Youtube