ਗਉੜੀ ਬੈਰਾਗਣਿ ਮਹਲਾ ੧ ॥
ਰੈਣਿ ਗਵਾਈ ਸੋਇ ਕੈ ਦਿਵਸੁ ਗਵਾਇਆ ਖਾਇ ॥
ਹੀਰੇ ਜੈਸਾ ਜਨਮੁ ਹੈ ਕਉਡੀ ਬਦਲੇ ਜਾਇ ॥੧॥

ਨਾਮੁ ਨ ਜਾਨਿਆ ਰਾਮ ਕਾ ॥
ਮੂੜੇ ਫਿਰਿ ਪਾਛੈ ਪਛੁਤਾਹਿ ਰੇ ॥੧॥ ਰਹਾਉ ॥

ਅਨਤਾ ਧਨੁ ਧਰਣੀ ਧਰੇ ਅਨਤ ਨ ਚਾਹਿਆ ਜਾਇ ॥
ਅਨਤ ਕਉ ਚਾਹਨ ਜੋ ਗਏ ਸੇ ਆਏ ਅਨਤ ਗਵਾਇ ॥੨॥

ਆਪਣ ਲੀਆ ਜੇ ਮਿਲੈ ਤਾ ਸਭੁ ਕੋ ਭਾਗਠੁ ਹੋਇ ॥
ਕਰਮਾ ਉਪਰਿ ਨਿਬੜੈ ਜੇ ਲੋਚੈ ਸਭੁ ਕੋਇ ॥੩॥

ਨਾਨਕ ਕਰਣਾ ਜਿਨਿ ਕੀਆ ਸੋਈ ਸਾਰ ਕਰੇਇ ॥
ਹੁਕਮੁ ਨ ਜਾਪੀ ਖਸਮ ਕਾ ਕਿਸੈ ਵਡਾਈ ਦੇਇ ॥੪॥੧॥੧੮॥

Sahib Singh
ਨੋਟ: = ਇਸ ਸ਼ਬਦ ਦੇ ਅਖ਼ਰੀਲੇ ਅੰਕ ਵੇਖੋ ।
    ਅੰਕ ੪ ਦੱਸਦਾ ਹੈ ਕਿ ਇਸ ਸ਼ਬਦ ਦੇ ੪ ਬੰਦ ਹਨ ।
    ਅੰਕ ੧੮ ਦੱਸਦਾ ਹੈ ਕਿ ਗਉੜੀ ਰਾਗਣੀ ਵਿਚ ਗੁਰੂ ਨਾਨਕ ਦੇਵ ਜੀ ਦਾ ਇਹ ੧੮ਵਾਂ ਸ਼ਬਦ ਹੈ ।
    ਇਸ ਤੋਂ ਪਹਿਲਾਂ "ਗਉੜੀ ਚੇਤੀ" ਵਿਚ ੫ ਸ਼ਬਦ ਆ ਚੁਕੇ ਹਨ ।
    ਹੁਣ ਇਹ "ਗਉੜੀ ਬੈਰਾਗਣਿ" ਦਾ ਪਹਿਲਾ ਸ਼ਬਦ ਹੈ ।
ਰੈਣਿ = ਰਾਤ ।
ਦਿਵਸੁ = ਦਿਨ ।
ਖਾਇ = ਖਾ ਕੇ ।
ਬਦਲੇ = ਵੱਟੇ, ਭਾ ।੧ ।
ਨਾਮੁ ਨ ਜਾਨਿਆ = ਨਾਮ ਦੀ ਕਦਰ ਨ ਪਾਈ, ਨਾਮ ਨਾਲ ਡੂੰਘੀ ਸਾਂਝ ਨ ਪਾਈ ।
ਰੇ ਮੂੜੇ = ਹੇ ਮੂਰਖ !
    ।੧।ਰਹਾਉ ।
ਅਨਤਾ ਧਨੁ = ਬੇਅੰਤ ਧਨ ।
ਧਰਣੀ ਧਰੇ = ਧਰਤੀ ਵਿਚ ਰੱਖਦਾ ਹੈ, ਇਕੱਠਾ ਕਰਦਾ ਹੈ ।
ਅਨਤ = ਅਨੰਤ ਪ੍ਰਭੂ ।
ਅਨਤ ਨ ਚਾਹਿਆ ਜਾਇ = ਅਨੰਤ ਪ੍ਰਭੂ ਦੇ ਸਿਮਰਨ ਦੀ ਤਾਂਘ ਨਹੀਂ ਉਪਜਦੀ ।
ਅਨਤ ਕਉ = ਬੇਅੰਤ ਧਨ ਨੂੰ ।
ਅਨਤ ਗਵਾਇ = ਪਰਮਾਤਮਾ ਦੀ ਯਾਦ ਗਵਾ ਕੇ ।੨ ।
ਆਪਣ ਲੀਆ = ਨਿਰੀ ਲੋਚਨਾ ਨਾਲ, ਨਿਰੀ ਇੱਛਾ ਕੀਤਿਆਂ ।
ਜੇ ਮਿਲੈ = ਜੇ (ਨਾਮ ਧਨ) ਮਿਲ ਸਕੇ ।
ਸਭੁ ਕੋ = ਹਰੇਕ ਜੀਵ ।
ਭਾਗਠੁ = ਧਨਾਢ, ਨਾਮ ਖ਼ਜ਼ਾਨੇ ਦਾ ਮਾਲਕ ।
ਕਰਮ = ਅਮਲ, ਆਚਰਨ ।
ਨਿਬੜੈ = ਫ਼ੈਸਲਾ ਹੁੰਦਾ ਹੈ ।
ਜੇ = ਭਾਵੇਂ, ਜੀਕਰ ।
ਲੋਚੈ = ਤਾਂਘ ਕਰੇ ।੩ ।
ਕਰਣਾ = ਜਗਤ ।
ਜਿਨਿ = ਜਿਸ (ਪਰਮਾਤਮਾ) ਨੇ ।
ਸਾਰ = ਸੰਭਾਲ ।
ਕਰੇਇ = ਕਰਦਾ ਹੈ ।
ਨ ਜਾਪੀ = ਸਮਝ ਵਿਚ ਨਹੀਂ ਆ ਸਕਦਾ ।
ਦੇਇ = ਦੇਂਦਾ ਹੈ ।੪ ।
    
Sahib Singh
ਹੇ ਮੂਰਖ! ਤੂੰ ਪਰਮਾਤਮਾ ਦੇ ਨਾਮ ਨਾਲ ਡੂੰਘੀ ਸਾਂਝ ਨਹੀਂ ਪਾਈ, (ਇਹ ਮਨੁੱਖਾ ਜੀਵਨ ਹੀ ਸਿਮਰਨ ਦਾ ਸਮਾ ਹੈ, ਜਦੋਂ ਇਹ ਉਮਰ ਸਿਮਰਨ ਤੋਂ ਬਿਨਾ ਹੀ ਲੰਘ ਗਈ, ਤਾਂ) ਮੁੜ ਸਮਾ ਬੀਤ ਜਾਣ ਤੇ ਅਫ਼ਸੋਸ ਕਰੇਂਗਾ ।੧।ਰਹਾਉ ।
(ਹੇ ਮੂਰਖ!) ਤੂੰ ਰਾਤ ਸੌਂ ਕੇ ਗੁਜ਼ਾਰਦਾ ਜਾ ਰਿਹਾ ਹੈਂ ਤੇ ਦਿਨ ਖਾ ਖਾ ਕੇ ਵਿਅਰਥ ਬਿਤਾਂਦਾ ਜਾਂਦਾ ਹੈਂ, ਤੇਰਾ ਇਹ ਮਨੁੱਖਾ ਜਨਮ ਹੀਰੇ ਵਰਗਾ ਕੀਮਤੀ ਹੈ, ਪਰ (ਸਿਮਰਨ-ਹੀਨ ਹੋਣ ਕਰਕੇ) ਕੌਡੀ ਦੇ ਭਾ ਜਾ ਰਿਹਾ ਹੈ ।੧ ।
ਜੋ ਮਨੁੱਖ (ਨਿਰਾ) ਬੇਅੰਤ ਧਨ ਹੀ ਇਕੱਠਾ ਕਰਦਾ ਰਹਿੰਦਾ ਹੈ, ਉਸ ਦੇ ਅੰਦਰ ਬੇਅੰਤ ਪ੍ਰਭੂ ਨੂੰ ਸਿਮਰਨ ਦੀ ਤਾਂਘ ਪੈਦਾ ਨਹੀਂ ਹੋ ਸਕਦੀ ।
ਜੋ ਜੋ ਭੀ ਬੇਅੰਤ ਦੌਲਤ ਦੀ ਲਾਲਸਾ ਵਿਚ ਦੌੜੇ ਫਿਰਦੇ ਹਨ, ਉਹ ਬੇਅੰਤ ਪ੍ਰਭੂ ਦੇ ਨਾਮ-ਧਨ ਨੂੰ ਗਵਾ ਲੈਂਦੇ ਹਨ ।੨ ।
(ਪਰ) ਜੇ ਨਿਰੀ ਇੱਛਾ ਕੀਤਿਆਂ ਹੀ ਨਾਮ-ਧਨ ਮਿਲ ਸਕਦਾ ਹੋਵੇ, ਤਾਂ ਹਰੇਕ ਜੀਵ ਨਾਮ-ਧਨ ਦੇ ਖ਼ਜ਼ਾਨਿਆਂ ਦਾ ਮਾਲਕ ਬਣ ਜਾਏ ।
ਭਾਵੇਂ ਜੀਕਰ ਹਰੇਕ ਮਨੁੱਖ (ਨਿਰਾ ਜ਼ਬਾਨੀ ਜ਼ਬਾਨੀ) ਨਾਮ-ਧਨ ਦੀ ਲਾਲਸਾ ਕਰੇ, ਪਰ ਇਹ ਹਰੇਕ ਦੇ ਅਮਲਾਂ ਉੱਤੇ ਹੀ ਫ਼ੈਸਲਾ ਹੁੰਦਾ ਹੈ (ਕਿ ਕਿਸ ਨੂੰ ਪ੍ਰਾਪਤੀ ਹੋਵੇਗੀ ।
ਸੋ, ਨਿਰਾ ਦੁਨੀਆ ਦੀ ਖ਼ਾਤਰ ਨਾਹ ਭਟਕੋ) ।੩ ।
ਹੇ ਨਾਨਕ! (ਉੱਦਮ ਕਰਦਿਆਂ ਭੀ ਹੱਕ ਨਹੀਂ ਸਮਝਿਆ ਜਾ ਸਕਦਾ ।
ਇਹ ਨਹੀਂ ਕਿਹਾ ਜਾ ਸਕਦਾ ਕਿ ਕਿਸ ਨੂੰ ਮਿਲੇਗਾ ।
ਉੱਦਮ ਦਾ ਮਾਣ ਹੀ ਸਾਰੇ ਉੱਦਮ ਨੂੰ ਵਿਅਰਥ ਕਰ ਦੇਂਦਾ ਹੈ) ਜਿਸ ਪਰਮਾਤਮਾ ਨੇ ਇਹ ਜਗਤ ਰਚਿਆ ਹੈ, ਉਹ ਹਰੇਕ ਜੀਵ ਦੀ ਸੰਭਾਲ ਕਰਦਾ ਹੈ (ਉੱਦਮ ਦੇ ਫਲ ਬਾਰੇ) ਉਸ ਖਸਮ ਦਾ ਹੁਕਮ ਸਮਝਿਆ ਨਹੀਂ ਜਾ ਸਕਦਾ, (ਇਹ ਪਤਾ ਨਹੀਂ ਲੱਗ ਸਕਦਾ) ਕਿ ਕਿਸ ਮਨੁੱਖ ਨੂੰ ਉਹ (ਨਾਮ ਜਪਣ ਦੀ) ਵਡਿਆਈ ਦੇ ਦੇਂਦਾ ਹੈ (ਅਸੀ ਜੀਵ ਕਿਸੇ ਮਨੁੱਖ ਦੇ ਦਿੱਸਦੇ ਉੱਦਮ ਤੇ ਗ਼ਲਤੀ ਖਾ ਸਕਦੇ ਹਾਂ ।
ਉੱਦਮ ਕਰਦੇ ਹੋਏ ਭੀ ਪ੍ਰਭੂ ਪਾਸੋਂ ਮਿਹਰ ਦੀ ਦਾਤਿ ਮੰਗਦੇ ਰਹੋ) ।੪।੧।੧੮ ।
Follow us on Twitter Facebook Tumblr Reddit Instagram Youtube