ਗਉੜੀ ਚੇਤੀ ਮਹਲਾ ੧ ॥
ਕਤ ਕੀ ਮਾਈ ਬਾਪੁ ਕਤ ਕੇਰਾ ਕਿਦੂ ਥਾਵਹੁ ਹਮ ਆਏ ॥
ਅਗਨਿ ਬਿੰਬ ਜਲ ਭੀਤਰਿ ਨਿਪਜੇ ਕਾਹੇ ਕੰਮਿ ਉਪਾਏ ॥੧॥

ਮੇਰੇ ਸਾਹਿਬਾ ਕਉਣੁ ਜਾਣੈ ਗੁਣ ਤੇਰੇ ॥
ਕਹੇ ਨ ਜਾਨੀ ਅਉਗਣ ਮੇਰੇ ॥੧॥ ਰਹਾਉ ॥

ਕੇਤੇ ਰੁਖ ਬਿਰਖ ਹਮ ਚੀਨੇ ਕੇਤੇ ਪਸੂ ਉਪਾਏ ॥
ਕੇਤੇ ਨਾਗ ਕੁਲੀ ਮਹਿ ਆਏ ਕੇਤੇ ਪੰਖ ਉਡਾਏ ॥੨॥

ਹਟ ਪਟਣ ਬਿਜ ਮੰਦਰ ਭੰਨੈ ਕਰਿ ਚੋਰੀ ਘਰਿ ਆਵੈ ॥
ਅਗਹੁ ਦੇਖੈ ਪਿਛਹੁ ਦੇਖੈ ਤੁਝ ਤੇ ਕਹਾ ਛਪਾਵੈ ॥੩॥

ਤਟ ਤੀਰਥ ਹਮ ਨਵ ਖੰਡ ਦੇਖੇ ਹਟ ਪਟਣ ਬਾਜਾਰਾ ॥
ਲੈ ਕੈ ਤਕੜੀ ਤੋਲਣਿ ਲਾਗਾ ਘਟ ਹੀ ਮਹਿ ਵਣਜਾਰਾ ॥੪॥

ਜੇਤਾ ਸਮੁੰਦੁ ਸਾਗਰੁ ਨੀਰਿ ਭਰਿਆ ਤੇਤੇ ਅਉਗਣ ਹਮਾਰੇ ॥
ਦਇਆ ਕਰਹੁ ਕਿਛੁ ਮਿਹਰ ਉਪਾਵਹੁ ਡੁਬਦੇ ਪਥਰ ਤਾਰੇ ॥੫॥

ਜੀਅੜਾ ਅਗਨਿ ਬਰਾਬਰਿ ਤਪੈ ਭੀਤਰਿ ਵਗੈ ਕਾਤੀ ॥
ਪ੍ਰਣਵਤਿ ਨਾਨਕੁ ਹੁਕਮੁ ਪਛਾਣੈ ਸੁਖੁ ਹੋਵੈ ਦਿਨੁ ਰਾਤੀ ॥੬॥੫॥੧੭॥

Sahib Singh
ਕਤ ਕੀ = ਕਦੋਂ ਦੀ ?
ਕੇਰਾ = ਦਾ ।
ਕਤ ਕੇਰਾ = ਕਦੋਂ ਦਾ । ?
ਕਿਦੂ = ਕਿਸ ਤੋਂ ?
ਕਿਦੂ ਥਾਵਹੁ = ਕਿਸ ਥਾਂ ਤੋਂ ?
ਬਿੰਬ = ਮੰਡਲ {ਬਿੰਬ—ੳ ਜੳਰ} ।
ਅਗਨਿ ਬਿੰਬ = ਮਾਂ ਦੇ ਪੇਟ ਦੀ ਅੱਗ, ਜਠਰਾਗਨੀ ।
ਜਲ = ਪਿਤਾ ਦਾ ਬੀਰਜ ।
ਨਿਪਜੇ = ਨਿੰਮੇ, ਮਾਂ ਦੇ ਪੇਟ ਵਿਚ ਟਿਕਾਏ ਗਏ ।
ਕਾਹੇ ਕੰਮਿ = ਕਿਸ ਵਾਸਤੇ ?
    ।੧ ।
ਜਾਣੈ = ਡੂੰਘੀ ਸਾਂਝ ਪਾ ਸਕਦਾ ਹੈ ।
ਕਹੇ ਨ ਜਾਨੀ = ਕਹੇ ਨ ਜਾਨਿ, ਗਿਣੇ ਨਹੀਂ ਜਾਂਦੇ ।੧।ਰਹਾਉ ।
ਚੀਨੇ = ਵੇਖੇ ।
ਨਾਗ = ਸੱਪ ।
ਪੰਖ = ਪੰਛੀ ।੨ ।
ਪਟਣ = ਸ਼ਹਰ ।
ਬਿਜ = ਪੱਕੇ ।
ਮੰਦਰ = ਘਰ ।੩ ।
ਨਵ ਖੰਡ = ਨੌ ਖੰਡਾਂ ਵਾਲੀ ਸਾਰੀ ਧਰਤੀ ।
ਘਟ ਹੀ ਮਹਿ = ਆਪਣੇ ਅੰਦਰ ਹੀ ।੪ ।
ਸਾਗਰੁ = ਸਮੁੰਦਰ ।
ਨੀਰਿ = ਨੀਰ ਨਾਲ, ਪਾਣੀ ਨਾਲ ।
ਤੇਤੇ = ਉਤਨੇ, ਬੇਅੰਤ ।੫ ।
ਵਗੈ = ਚੱਲ ਰਹੀ ਹੈ ।
ਕਾਤੀ = ਛੁਰੀ, ਤ੍ਰਿਸ਼ਨਾ ਦੀ ਛੁਰੀ ।੬ ।
    
Sahib Singh
ਹੇ ਮੇਰੇ ਮਾਲਕ ਪ੍ਰਭੂ! ਮੇਰੇ ਅੰਦਰ ਇਤਨੇ ਅੌਗੁਣ ਹਨ ਕਿ ਉਹ ਗਿਣੇ ਨਹੀਂ ਜਾ ਸਕਦੇ ।
(ਤੇ, ਜਿਸ ਜੀਵ ਦੇ ਅੰਦਰ ਅਣਗਿਣਤ ਅੌਗੁਣ ਹੋਣ, ਉਹ ਐਸਾ) ਕੋਈ ਭੀ ਨਹੀਂ ਹੁੰਦਾ ਜੋ ਤੇਰੇ ਗੁਣਾਂ ਨਾਲ ਡੂੰਘੀ ਸਾਂਝ ਪਾ ਸਕੇ (ਜੋ ਤੇਰੀ ਸਿਫ਼ਤਿ-ਸਾਲਾਹ ਵਿਚ ਜੁੜ ਸਕੇ) ।੧।ਰਹਾਉ ।
(ਹੇ ਮੇਰੇ ਸਾਹਿਬ! ਅਣਗਿਣਤ ਅੌਗੁਣਾਂ ਦੇ ਕਾਰਨ ਹੀ ਸਾਨੂੰ ਅਨੇਕਾਂ ਜੂਨਾਂ ਵਿਚ ਭਟਕਣਾ ਪੈਂਦਾ ਹੈ, ਅਸੀਂ ਕੀਹ ਦੱਸੀਏ ਕਿ) ਕਦੋਂ ਦੀ ਸਾਡੀ (ਕੋਈ) ਮਾਂ ਹੈ ਕਦੋਂ ਦਾ (ਭਾਵ, ਕਿਸ ਜੂਨ ਦਾ) ਸਾਡਾ ਕੋਈ ਪਿਉ ਹੈ, ਕਿਸ ਕਿਸ ਥਾਂ ਤੋਂ (ਜੂਨ ਵਿਚੋਂ ਹੋ ਕੇ) ਅਸੀ (ਹੁਣ ਇਸ ਮਨੁੱਖਾ ਜਨਮ ਵਿਚ) ਆਏ ਹਾਂ ?
(ਇਨ੍ਹਾਂ ਅੌਗੁਣਾਂ ਦੇ ਕਾਰਨ ਹੀ ਸਾਨੂੰ ਇਹ ਵਿਚਾਰ ਭੀ ਨਹੀਂ ਫੁਰਦੀ ਕਿ) ਅਸੀ ਕਿਸ ਮਨੋਰਥ ਵਾਸਤੇ ਪਿਤਾ ਦੇ ਬੀਰਜ ਨਾਲ ਮਾਂ ਦੇ ਪੇਟ ਦੀ ਅੱਗ ਵਿਚ ਨਿੰਮੇ, ਤੇ ਕਾਹਦੇ ਵਾਸਤੇ ਪੈਦਾ ਕੀਤੇ ਗਏ ।੧ ।
(ਅਣਗਿਣਤ ਅੌਗੁਣਾਂ ਦੇ ਕਾਰਨ) ਅਸਾਂ ਅਨੇਕਾਂ ਰੁੱਖਾਂ ਬਿਰਖਾਂ ਦੀਆਂ ਜੂਨਾਂ ਵੇਖੀਆਂ, ਅਨੇਕਾਂ ਵਾਰੀ ਪਸ਼ੂ-ਜੂਨਾਂ ਵਿਚ ਅਸੀ ਜੰਮੇ, ਅਨੇਕਾਂ ਵਾਰੀ ਸੱਪਾਂ ਦੀਆਂ ਕੁਲਾਂ ਵਿਚ ਪੈਦਾ ਹੋਏ, ਤੇ ਅਨੇਕਾਂ ਵਾਰੀ ਪੰਛੀ ਬਣ ਬਣ ਕੇ ਉਡਦੇ ਰਹੇ ।੨ ।
(ਜਨਮ ਜਨਮਾਂਤਰਾਂ ਵਿਚ ਕੀਤੇ ਕੁਕਰਮਾਂ ਦੇ ਅਸਰ ਹੇਠ ਹੀ) ਮਨੁੱਖ ਸ਼ਹਰਾਂ ਦੀਆਂ ਹੱਟੀਆਂ ਭੰਨਦਾ ਹੈ, ਪੱਕੇ ਘਰ ਭੰਨਦਾ ਹੈ (ਸੰਨ੍ਹ ਲਾਂਦਾ ਹੈ), ਚੋਰੀ ਕਰ ਕੇ (ਮਾਲ ਲੈ ਕੇ) ਆਪਣੇ ਘਰ ਆਉਂਦਾ ਹੈ, (ਚੋਰੀ ਦਾ ਮਾਲ ਲਿਆਉਂਦਾ) ਅੱਗੇ ਪਿੱਛੇ ਤੱਕਦਾ ਹੈ (ਕਿ ਕੋਈ ਆਦਮੀ ਵੇਖ ਨ ਲਏ, ਪਰ ਮੂਰਖ ਇਹ ਨਹੀਂ ਸਮਝਦਾ ਕਿ ਹੇ ਪ੍ਰਭੂ!) ਤੇਰੇ ਪਾਸੋਂ ਕਿਤੇ ਲੁਕਾ ਨਹੀਂ ਕਰ ਸਕਦਾ ।੩ ।
(ਇਹਨਾਂ ਕੀਤੇ ਕੁਕਰਮਾਂ ਨੂੰ ਧੋਣ ਲਈ ਅਸੀ ਜੀਵ) ਸਾਰੀ ਧਰਤੀ ਦੇ ਸਾਰੇ ਤੀਰਥਾਂ ਦੇ ਦਰਸਨ ਕਰਦੇ ਫਿਰਦੇ ਹਾਂ, ਸਾਰੇ ਸ਼ਹਰਾਂ ਬਜ਼ਾਰਾਂ ਦੀ ਹੱਟੀ ਹੱਟੀ ਵੇਖਦੇ ਹਾਂ (ਭਾਵ, ਭੀਖ ਮੰਗਦੇ ਫਿਰਦੇ ਹਾਂ, ਪਰ ਇਹ ਕੁਕਰਮ ਫਿਰ ਭੀ ਖ਼ਲਾਸੀ ਨਹੀਂ ਕਰਦੇ) ।
(ਜਦੋਂ ਕੋਈ ਭਾਗਾਂ ਵਾਲਾ ਜੀਵ-) ਵਣਜਾਰਾ (ਤੇਰੀ ਮਿਹਰ ਦਾ ਸਦਕਾ) ਚੰਗੀਤ੍ਰਹਾਂ ਪਰਖ-ਵਿਚਾਰ ਕਰਦਾ ਹੈ (ਤਾਂ ਉਸ ਨੂੰ ਸਮਝ ਪੈਂਦੀ ਹੈ ਕਿ ਤੂੰ ਤਾਂ) ਸਾਡੇ ਹਿਰਦੇ ਵਿਚ ਹੀ ਵੱਸਦਾ ਹੈਂ ।੪ ।
(ਹੇ ਮੇਰੇ ਸਾਹਿਬ!) ਜਿਵੇਂ (ਅਮਿਣਵੇਂ) ਪਾਣੀ ਨਾਲ ਸਮੁੰਦਰ ਭਰਿਆ ਹੋਇਆ ਹੈ, ਤਿਵੇਂ ਹੀ ਸਾਡੇ ਜੀਵਾਂ ਦੇ ਅਣਗਿਣਤ ਹੀ ਅੌਗੁਣ ਹਨ ।
(ਅਸੀ ਇਹਨਾਂ ਨੂੰ ਧੋ ਸਕਣ ਤੋਂ ਅਸਮਰਥ ਹਾਂ), ਤੂੰ ਆਪ ਹੀ ਦਇਆ ਕਰ ਮਿਹਰ ਕਰ ।
ਤੂੰ ਤਾਂ ਡੁੱਬਦੇ ਪੱਥਰਾਂ ਨੂੰ ਭੀ ਤਾਰ ਸਕਦਾ ਹੈਂ ।੫ ।
(ਹੇ ਮੇਰੇ ਸਾਹਿਬ!) ਮੇਰੀ ਜਿੰਦ ਅੱਗ ਵਾਂਗ ਤਪ ਰਹੀ ਹੈ, ਮੇਰੇ ਅੰਦਰ ਤ੍ਰਿਸ਼ਨਾ ਦੀ ਛੁਰੀ ਚੱਲ ਰਹੀ ਹੈ ।
ਨਾਨਕ ਬੇਨਤੀ ਕਰਦਾ ਹੈ—ਜੋ ਮਨੁੱਖ ਪਰਮਾਤਮਾ ਦੀ ਰਜ਼ਾ ਨੂੰ ਸਮਝ ਲੈਂਦਾ ਹੈ, ਉਸ ਦੇ ਅੰਦਰ ਦਿਨ ਰਾਤ (ਹਰ ਵੇਲੇ ਹੀ) ਆਤਮਕ ਆਨੰਦ ਬਣਿਆ ਰਹਿੰਦਾ ਹੈ ।੬।੫।੧੭ ।
Follow us on Twitter Facebook Tumblr Reddit Instagram Youtube