ਗਉੜੀ ਚੇਤੀ ਮਹਲਾ ੧ ॥
ਅੰਮ੍ਰਿਤ ਕਾਇਆ ਰਹੈ ਸੁਖਾਲੀ ਬਾਜੀ ਇਹੁ ਸੰਸਾਰੋ ॥
ਲਬੁ ਲੋਭੁ ਮੁਚੁ ਕੂੜੁ ਕਮਾਵਹਿ ਬਹੁਤੁ ਉਠਾਵਹਿ ਭਾਰੋ ॥
ਤੂੰ ਕਾਇਆ ਮੈ ਰੁਲਦੀ ਦੇਖੀ ਜਿਉ ਧਰ ਉਪਰਿ ਛਾਰੋ ॥੧॥

ਸੁਣਿ ਸੁਣਿ ਸਿਖ ਹਮਾਰੀ ॥
ਸੁਕ੍ਰਿਤੁ ਕੀਤਾ ਰਹਸੀ ਮੇਰੇ ਜੀਅੜੇ ਬਹੁੜਿ ਨ ਆਵੈ ਵਾਰੀ ॥੧॥ ਰਹਾਉ ॥

ਹਉ ਤੁਧੁ ਆਖਾ ਮੇਰੀ ਕਾਇਆ ਤੂੰ ਸੁਣਿ ਸਿਖ ਹਮਾਰੀ ॥
ਨਿੰਦਾ ਚਿੰਦਾ ਕਰਹਿ ਪਰਾਈ ਝੂਠੀ ਲਾਇਤਬਾਰੀ ॥
ਵੇਲਿ ਪਰਾਈ ਜੋਹਹਿ ਜੀਅੜੇ ਕਰਹਿ ਚੋਰੀ ਬੁਰਿਆਰੀ ॥
ਹੰਸੁ ਚਲਿਆ ਤੂੰ ਪਿਛੈ ਰਹੀਏਹਿ ਛੁਟੜਿ ਹੋਈਅਹਿ ਨਾਰੀ ॥੨॥

ਤੂੰ ਕਾਇਆ ਰਹੀਅਹਿ ਸੁਪਨੰਤਰਿ ਤੁਧੁ ਕਿਆ ਕਰਮ ਕਮਾਇਆ ॥
ਕਰਿ ਚੋਰੀ ਮੈ ਜਾ ਕਿਛੁ ਲੀਆ ਤਾ ਮਨਿ ਭਲਾ ਭਾਇਆ ॥
ਹਲਤਿ ਨ ਸੋਭਾ ਪਲਤਿ ਨ ਢੋਈ ਅਹਿਲਾ ਜਨਮੁ ਗਵਾਇਆ ॥੩॥

ਹਉ ਖਰੀ ਦੁਹੇਲੀ ਹੋਈ ਬਾਬਾ ਨਾਨਕ ਮੇਰੀ ਬਾਤ ਨ ਪੁਛੈ ਕੋਈ ॥੧॥ ਰਹਾਉ ॥

ਤਾਜੀ ਤੁਰਕੀ ਸੁਇਨਾ ਰੁਪਾ ਕਪੜ ਕੇਰੇ ਭਾਰਾ ॥
ਕਿਸ ਹੀ ਨਾਲਿ ਨ ਚਲੇ ਨਾਨਕ ਝੜਿ ਝੜਿ ਪਏ ਗਵਾਰਾ ॥
ਕੂਜਾ ਮੇਵਾ ਮੈ ਸਭ ਕਿਛੁ ਚਾਖਿਆ ਇਕੁ ਅੰਮ੍ਰਿਤੁ ਨਾਮੁ ਤੁਮਾਰਾ ॥੪॥

ਦੇ ਦੇ ਨੀਵ ਦਿਵਾਲ ਉਸਾਰੀ ਭਸਮੰਦਰ ਕੀ ਢੇਰੀ ॥
ਸੰਚੇ ਸੰਚਿ ਨ ਦੇਈ ਕਿਸ ਹੀ ਅੰਧੁ ਜਾਣੈ ਸਭ ਮੇਰੀ ॥
ਸੋਇਨ ਲੰਕਾ ਸੋਇਨ ਮਾੜੀ ਸੰਪੈ ਕਿਸੈ ਨ ਕੇਰੀ ॥੫॥

ਸੁਣਿ ਮੂਰਖ ਮੰਨ ਅਜਾਣਾ ॥
ਹੋਗੁ ਤਿਸੈ ਕਾ ਭਾਣਾ ॥੧॥ ਰਹਾਉ ॥

ਸਾਹੁ ਹਮਾਰਾ ਠਾਕੁਰੁ ਭਾਰਾ ਹਮ ਤਿਸ ਕੇ ਵਣਜਾਰੇ ॥
ਜੀਉ ਪਿੰਡੁ ਸਭ ਰਾਸਿ ਤਿਸੈ ਕੀ ਮਾਰਿ ਆਪੇ ਜੀਵਾਲੇ ॥੬॥੧॥੧੩॥

Sahib Singh
ਨੋਟ: = ਇਸ ਸ਼ਬਦ ਦੇ ਅਖ਼ਰੀਲੇ ਅੰਕ ਵੇਖੋ !
    ਅੰਕ ੬ ਦੱਸਦਾ ਹੈ ਕਿ ਸ਼ਬਦ ਦੇ ੬ ਬੰਦ ਹਨ ।
    ਅੰਕ ੧੩ ਦੱਸਦਾ ਹੈ ਕਿ ਗਉੜੀ ਰਾਗ ਵਿਚ ਗੁਰੂ ਨਾਨਕ ਦੇਵ ਜੀ ਦਾ ਇਹ ੧੩ਵਾਂ ਸ਼ਬਦ ਹੈ ।
    ਅੰਕ ੧ ਨਵਾਂ ਆਇਆ ਹੈ ।
    ਇਹ ਦੱਸਦਾ ਹੈ ਕਿ ਕੋਈ ਨਵੀਂ ਤਬਦੀਲੀ ਆਈ ਹੈ ।
    ਹੁਣ ਤਕ ਦੇ ਸ਼ਬਦ “ਗਉੜੀ” ਦੇ ਸਨ ।
    ਪਰ ਸ਼ਬਦ ਨੰ: ੧੩ “ਗਉੜੀ ਚੇਤੀ” ਦਾ ਹੈ ।
    “ਗਉੜੀ ਚੇਤੀ” ਦਾ ਇਹ ਪਹਿਲਾ ਹੀ ਸ਼ਬਦ ਹੈ ।
    ੧੨ ਸ਼ਬਦ “ਗਉੜੀ” ਦੇ; ੧ ਸ਼ਬਦ “ਗਉੜੀ ਚੇਤੀ” ਦਾ; ਜੋੜ ੧੩ ।
    “ਗਉੜੀ ਚੇਤੀ” ਦੇ ਕੁਲ ੫ ਸ਼ਬਦ ਹੈ ।
    ਉਥੇ ਅਖ਼ੀਰਲਾ ਜੋੜ ਹੈ ।੫।੧੭।, ਭਾਵ, ੧੨ ਸ਼ਬਦ ‘ਗਉੜੀ’ ਦੇ ਅਤੇ ੫ ਸ਼ਬਦ “ਗਉੜੀ ਚੇਤੀ” ਦੇ, ਜੋੜ ੧੭ ।
    ਇਸ ਸ਼ਬਦ ਵਿਚ ਕਦੇ ਕਾਇਆਂ ਨੂੰ ਸੰਬੋਧਨ ਕੀਤਾ ਹੈ ਕਦੇ ਜੀਵਾਤਮਾ ਨੂੰ ।
ਅੰਮਿ੍ਰਤ = (ਆਪਣੇ ਆਪ ਨੂੰ) ਅਮਰ ਸਮਝਣ ਵਾਲੀ ।
ਕਾਇਆ = ਦੇਹ, ਸਰੀਰ ।
ਸੁਖਾਲੀ = ਸੁਖ = ਆਲਯ, ਸੁਖਾਂ ਦਾ ਘਰ, ਸੁਖ ਮਾਣਨ ਵਾਲੀ ।
ਬਾਜੀ = ਖੇਡ ।
ਮੁਚੁ = ਬਹੁਤ ।
ਕਮਾਵਹਿ = (ਹੇ ਕਾਇਆਂ!) ਤੂੰ ਕਮਾਂਦੀ ਹੈਂ ।
ਤੂੰ = ਤੈਨੂੰ ।
ਕਾਇਆ = ਹੇ ਕਾਇਆਂ !
ਧਰ = ਧਰਤੀ ।
ਛਾਰੋ = ਛਾਰ, ਸੁਆਹ ।੧ ।
ਸਿਖ = ਸਿੱਖਿਆ ।
ਸੁਕਿ੍ਰਤੁ = ਨੇਕ ਕਮਾਈ ।
ਰਹਸੀ = ਨਾਲ ਨਿਭੇਗੀ ।
ਬਹੁੜਿ = ਮੁੜ ।੧।ਰਹਾਉ ।
ਹਉ = ਮੈਂ ।
ਨਿੰਦਾ ਚਿੰਦਾ = ਨਿੰਦਾ ਦਾ ਚਿੰਤਨ ।
ਲਾਇਤਬਾਰੀ = ਇਤਬਾਰ ਦੂਰ ਕਰਨ ਵਾਲਾ ਉੱਦਮ, ਚੁਗ਼ਲੀ ।
ਵੇਲਿ = ਇਸਤ੍ਰੀ ।
ਜੋਹਹਿ = ਤੂੰ ਤੱਕਦਾ ਹੈਂ ।
ਬੁਰਿਆਰੀ = ਬੁਰਾਈ, ਭੈੜ ।
ਹੰਸੁ = ਜੀਵਾਤਮਾ ।੨ ।
ਸੁਪਨੰਤਰਿ = ਸੁਪਨ ਅੰਤਰਿ, ਸੁਪਨੇ ਵਿਚ, ਨੀਂਦ ਵਿਚ, ਸੁੱਤੀ ਹੋਈ ।
ਮਨਿ = ਮਨ ਵਿਚ ।
ਭਲਾ ਭਾਇਆ = ਚੰਗਾ ਲੱਗਾ ।
ਹਲਤਿ = ਹਲਤ ਵਿਚ, ਇਸ ਲੋਕ ਵਿਚ ।
ਪਲਤਿ = ਪਲਤ ਵਿਚ, ਪਰਲੋਕ ਵਿਚ ।
ਅਹਿਲਾ = ਉੱਤਮ ।੩ ।
ਖਰੀ ਦੁਹੇਲੀ = ਬਹੁਤ ਦੁਖੀ ।
ਬਾਬਾ = ਹੇ ਬਾਬਾ !
ਬਾਤ = ਵਾਤ ।੧।ਰਹਾਉ ।
ਤਾਜੀ = ਘੋੜੇ ।
ਕੇਰੇ = ਦੇ ।
ਗਵਾਰਾ = ਹੇ ਗਵਾਰ !
    ਹੇ ਮੂਰਖ !
ਕੂਜਾ = ਮਿਸਰੀ ।੪ ।
ਨੀਵ = ਨੀਂਹ ।
ਦਿਵਾਲ = ਦੀਵਾਰ, ਕੰਧ ।
ਭਸ = ਸੁਆਹ ।
ਸੰਚੇ = ਖ਼ਜਾਨੇ ।
ਮਾੜੀ = ਮਹਲ ।
ਸੰਪੈ = ਧਨ ।
    ਕੇਰੀ ਦੀ ।੫ ।
ਹੋਗੁ = ਹੋਵੇਗਾ ।
ਭਾਣਾ = ਰਜ਼ਾ ।੧।ਰਹਾਉ ।
ਵਣਜਾਰੇ = ਵਣਜ ਕਰਨ ਵਾਲੇ ਜੀਵ ।
ਜੀਉ = ਜਿੰਦ ।
ਪਿੰਡੁ = ਸਰੀਰ ।
ਮਾਰਿ = ਮਾਰ ਕੇ ।੬ ।
    
Sahib Singh
ਇਹ ਸਰੀਰ ਆਪਣੇ ਆਪ ਨੂੰ ਅਮਰ ਜਾਣ ਕੇ ਸੁਖ ਮਾਣਨ ਵਿਚ ਹੀ ਲੱਗਾ ਰਹਿੰਦਾ ਹੈ, (ਇਹ ਨਹੀਂ ਸਮਝਦਾ ਕਿ) ਇਹ ਜਗਤ (ਇਕ) ਖੇਡ (ਹੀ) ਹੈ ।
ਹੇ ਮੇਰੇ ਸਰੀਰ! ਤੂੰ ਲੱਬ ਲੋਭ ਕਰ ਰਿਹਾ ਹੈਂ ਤੂੰ ਬਹੁਤ ਕੂੜ ਕਮਾ ਰਿਹਾ ਹੈਂ (ਵਿਅਰਥ ਦੌੜ-ਭੱਜ ਹੀ ਕਰ ਰਿਹਾ ਹੈਂ), ਤੂੰ (ਆਪਣੇ ਉੱਤੇ ਲੱਬ ਲੋਭ ਕੂੜ ਆਦਿਕ ਦੇ ਅਸਰ ਹੇਠ ਕੀਤੇ ਮਾੜੇ ਕੰਮਾਂ ਦਾ) ਭਾਰ ਚੁਕਦਾ ਜਾ ਰਿਹਾ ਹੈਂ ।
ਹੇ ਮੇਰੇ ਸਰੀਰ! ਮੈਂ ਤੇਰੇ ਵਰਗੇ ਇਉਂ ਰੁਲਦੇ ਵੇਖੇ ਹਨ ਜਿਵੇਂ ਧਰਤੀ ਉਤੇ ਸੁਆਹ ।੧ ।
ਹੇ ਮੇਰੀ ਜਿੰਦੇ! ਮੇਰੀ ਸਿੱਖਿਆ ਧਿਆਨ ਨਾਲ ਸੁਣ ।
ਕੀਤੀ ਹੋਈ ਨੇਕ ਕਮਾਈ ਹੀ ਤੇਰੇ ਨਾਲ ਨਿਭੇਗੀ ।
(ਜੇ ਇਹ ਮਨੁੱਖਾ ਜਨਮ ਗਵਾ ਲਿਆ), ਤਾਂ ਮੁੜ (ਛੇਤੀ) ਵਾਰੀ ਨਹੀਂ ਮਿਲੇਗੀ ।੧।ਰਹਾਉ ।
ਹੇ ਮੇਰੇ ਸਰੀਰ! ਮੈਂ ਤੈਨੂੰ ਸਮਝਾਂਦਾ ਹਾਂ, ਮੇਰੀ ਨਸੀਹਤ ਸੁਣ ।
ਤੂੰ ਪਰਾਈ ਨਿੰਦਿਆ ਦਾ ਧਿਆਨ ਰੱਖਦਾ ਹੈਂ, ਤੂੰ (ਹੋਰਨਾਂ ਦੀ) ਝੂਠੀ ਚੁਗ਼ਲੀ ਕਰਦਾ ਰਹਿੰਦਾ ਹੈਂ ।
ਹੇ ਜੀਵ! ਤੂੰ ਪਰਾਈ ਇਸਤ੍ਰੀ ਨੂੰ (ਭੈੜੀ ਨਿਗਾਹ ਨਾਲ) ਤੱਕਦਾ ਹੈਂ, ਤੂੰ ਚੋਰੀਆਂ ਕਰਦਾ ਹੈਂ, ਹੋਰ ਬੁਰਾਈਆਂ ਕਰਦਾ ਹੈਂ ।
ਹੇ ਮੇਰੀ ਕਾਇਆਂ! ਜਦੋਂ ਜੀਵਾਤਮਾ ਤੁਰ ਜਾਇਗਾ, ਤੂੰ ਇਥੇ ਹੀ ਰਹਿ ਜਾਇਂਗੀ, ਤੂੰ (ਤਦੋਂ) ਛੁੱਟੜ ਇਸਤ੍ਰੀ ਵਾਂਗ ਹੋ ਜਾਇਂਗੀ ।
ਹੇ ਮੇਰੇ ਸਰੀਰ! ਤੂੰ (ਮਾਇਆ ਦੀ) ਨੀਂਦ ਵਿਚ ਹੀ ਸੁੱਤਾ ਰਿਹਾ (ਤੈਨੂੰ ਸਮਝ ਹੀ ਨ ਆਈ ਕਿ) ਤੂੰ ਕੀਹ ਕਰਤੂਤਾਂ ਕਰਦਾ ਰਿਹਾ ।
ਚੋਰੀ ਆਦਿਕ ਕਰ ਕੇ ਜੋ ਮਾਲ-ਧਨ ਮੈਂ ਲਿਆਉਂਦਾ ਰਿਹਾ, ਤੈਨੂੰ ਉਹ ਮਨ ਵਿਚ ਪਸੰਦ ਆਉਂਦਾ ਰਿਹਾ ।
(ਇਸ ਤ੍ਰਹਾਂ) ਨਾਹ ਇਸ ਲੋਕ ਵਿਚ ਸੋਭਾ ਖੱਟੀ, ਨਾਹ ਪਰਲੋਕ ਵਿਚ ਆਸਰਾ (ਮਿਲਣ ਦਾ ਪ੍ਰਬੰਧ) ਹੋਇਆ ।
ਕੀਮਤੀ ਮਨੁੱਖਾ ਜਨਮ ਜ਼ਾਇਆ ਕਰ ਲਿਆ ।੩ ।
ਹੇ ਭਾਈ! (ਜੀਵਾਤਮਾ ਦੇ ਤੁਰ ਜਾਣ ਤੇ ਹੁਣ) ਮੈਂ ਕਾਂਇਆਂ ਬਹੁਤ ਦੁਖੀ ਹੋਈ ਹਾਂ ।
ਹੇ ਨਾਨਕ! ਮੇਰੀ ਹੁਣ ਕੋਈ ਵਾਤ ਨਹੀਂ ਪੁੱਛਦਾ ।੧।ਰਹਾਉ ।
ਹੇ ਨਾਨਕ! (ਆਖ—) ਹੇ ਮੂਰਖ! ਵਧੀਆ ਘੋੜੇ, ਸੋਨਾ ਚਾਂਦੀ, ਕੱਪੜਿਆਂ ਦੇ ਲੱਦ—ਕੋਈ ਭੀ ਸ਼ੈ (ਮੌਤ ਵੇਲੇ) ਕਿਸੇ ਦੇ ਨਾਲ ਨਹੀਂ ਜਾਂਦੀ ।
ਸਭ ਇਥੇ ਹੀ ਰਹਿ ਜਾਂਦੇ ਹਨ ।
ਮਿਸਰੀ ਮੇਵੇ ਆਦਿਕ ਭੀ ਮੈਂ ਸਭ ਕੁਝ ਚੱਖ ਕੇ ਵੇਖ ਲਿਆ ਹੈ ।
(ਇਹਨਾਂ ਵਿਚ ਭੀ ਇਤਨਾ ਸਵਾਦ ਨਹੀਂ ਜਿਤਨਾ ਹੇ ਪ੍ਰਭੂ!) ਤੇਰਾ ਨਾਮ ਮਿੱਠਾ ਹੈ ।੪ ।
ਨੀਹਾਂ ਰੱਖ ਰੱਖ ਕੇ ਮਕਾਨਾਂ ਦੀਆਂ ਕੰਧਾਂ ਉਸਾਰੀਆਂ, ਪਰ (ਮੌਤ ਆਇਆਂ) ਇਹ ਸੁਆਹ ਦੇ ਮੰਦਰਾਂ ਦੀ ਢੇਰੀ ਵਾਂਗ ਹੀ ਹੋ ਗਏ ।
(ਮਾਇਆ ਦੇ) ਖ਼ਜ਼ਾਨੇ ਇਕੱਠੇ ਕੀਤੇ ਕਿਸੇ ਨੂੰ (ਹਥੋਂ) ਨਹੀਂ ਦੇਂਦਾ, ਮੂਰਖ ਸਮਝਦਾ ਹੈ ਕਿ ਇਹ ਸਭ ਕੁਝ ਮੇਰਾ ਹੈ (ਪਰ ਇਹ ਨਹੀਂ ਜਾਣਦਾ ਕਿ) ਸੋਨੇ ਦੀ ਲੰਕਾ ਸੋਨੇ ਦੇ ਮਹਲ (ਰਾਵਣ ਦੇ ਭੀ ਨਾਹ ਰਹੇ, ਤੂੰ ਕਿਸ ਦਾ ਵਿਚਾਰਾ ਹੈਂ) ਇਹ ਧਨ ਕਿਸੇ ਦਾ ਭੀ ਨਹੀਂ ਬਣਿਆ ਰਹਿੰਦਾ ।੫ ।
ਹੇ ਮੂਰਖ ਅੰਞਾਣ ਮਨ! ਸੁਣ ।
ਉਸ ਪਰਮਾਤਮਾ ਦੀ ਰਜ਼ਾ ਹੀ ਵਰਤੇਗੀ (ਲੋਬ ਲੋਭ ਆਦਿਕ ਛੱਡ ਕੇ ਉਸ ਦੀ ਰਜ਼ਾ ਵਿਚ ਤੁਰਨਾ ਸਿੱਖ) ।੧।ਰਹਾਉ ।
ਸਾਡਾ ਮਾਲਕ-ਪ੍ਰਭੂ ਵੱਡਾ ਸਾਹੂਕਾਰ ਹੈ, ਅਸੀ ਸਾਰੇ ਜੀਵ ਉਸ ਦੇ ਭੇਜੇ ਹੋਏ ਵਣਜਾਰੇ-ਵਪਾਰੀ ਹਾਂ (ਇਥੇ ਨਾਮ-ਵਪਾਰ ਕਰਨ ਆਏ ਹੋਏ ਹਾਂ) ।
ਇਹ ਜਿੰਦ ਇਹ ਸਰੀਰ ਉਸੇ ਸ਼ਾਹ ਦੀ ਦਿੱਤੀ ਹੋਈ ਰਾਸ-ਪੂੰਜੀ ਹੈ ।
ਉਹ ਆਪ ਹੀ ਮਾਰਦਾ ਤੇ ਆਪ ਹੀ ਜਿੰਦ ਦੇਂਦਾ ਹੈ ।੬।੧।੧੩ ।
Follow us on Twitter Facebook Tumblr Reddit Instagram Youtube