ਗਉੜੀ ਮਹਲਾ ੧ ॥
ਕਿਰਤੁ ਪਇਆ ਨਹ ਮੇਟੈ ਕੋਇ ॥
ਕਿਆ ਜਾਣਾ ਕਿਆ ਆਗੈ ਹੋਇ ॥
ਜੋ ਤਿਸੁ ਭਾਣਾ ਸੋਈ ਹੂਆ ॥
ਅਵਰੁ ਨ ਕਰਣੈ ਵਾਲਾ ਦੂਆ ॥੧॥

ਨਾ ਜਾਣਾ ਕਰਮ ਕੇਵਡ ਤੇਰੀ ਦਾਤਿ ॥
ਕਰਮੁ ਧਰਮੁ ਤੇਰੇ ਨਾਮ ਕੀ ਜਾਤਿ ॥੧॥ ਰਹਾਉ ॥

ਤੂ ਏਵਡੁ ਦਾਤਾ ਦੇਵਣਹਾਰੁ ॥
ਤੋਟਿ ਨਾਹੀ ਤੁਧੁ ਭਗਤਿ ਭੰਡਾਰ ॥
ਕੀਆ ਗਰਬੁ ਨ ਆਵੈ ਰਾਸਿ ॥
ਜੀਉ ਪਿੰਡੁ ਸਭੁ ਤੇਰੈ ਪਾਸਿ ॥੨॥

ਤੂ ਮਾਰਿ ਜੀਵਾਲਹਿ ਬਖਸਿ ਮਿਲਾਇ ॥
ਜਿਉ ਭਾਵੀ ਤਿਉ ਨਾਮੁ ਜਪਾਇ ॥
ਤੂੰ ਦਾਨਾ ਬੀਨਾ ਸਾਚਾ ਸਿਰਿ ਮੇਰੈ ॥
ਗੁਰਮਤਿ ਦੇਇ ਭਰੋਸੈ ਤੇਰੈ ॥੩॥

ਤਨ ਮਹਿ ਮੈਲੁ ਨਾਹੀ ਮਨੁ ਰਾਤਾ ॥
ਗੁਰ ਬਚਨੀ ਸਚੁ ਸਬਦਿ ਪਛਾਤਾ ॥
ਤੇਰਾ ਤਾਣੁ ਨਾਮ ਕੀ ਵਡਿਆਈ ॥
ਨਾਨਕ ਰਹਣਾ ਭਗਤਿ ਸਰਣਾਈ ॥੪॥੧੦॥

Sahib Singh
ਕਿਰਤੁ = ਕੀਤਾ ਹੋਇਆ ਕੰਮ, ਜਨਮਾਂ ਜਨਮਾਂਤਰਾਂ ਦੇ ਕੀਤੇ ਕੰਮਾਂ ਦੇ ਸੰਸਕਾਰਾਂ ਦਾ ਸਮੂਹ ।
ਪਇਆ = ਜੋ ਮਨ ਵਿਚ ਇਕੱਠਾ ਹੋਇਆ ਪਿਆ ਹੈ ।
ਕਿਆ ਜਾਣਾ = ਮੈਂ ਕੀਹ ਸਮਝ ਸਕਦਾ ਹਾਂ ?
    (ਕੋਈ ਨਹੀਂ ਸਮਝ ਸਕਦਾ) ।
ਆਗੈ = ਆਉਣ ਵਾਲੇ ਜੀਵਨ = ਸਮੇ ਵਿਚ ।
ਕਿਆ ਹੋਇ = ਕੀਹ ਵਾਪਰੇਗਾ?।੧ ।
ਨਾ ਜਾਣਾ ਕਰਮ = ਮੈਂ ਆਪਣੇ (ਪਿਛਲੇ ਕੀਤੇ) ਕਰਮ ਨਹੀਂ ਸਮਝ ਸਕਦਾ (ਕਰਮਾਂ ਦੀ ਸਹੀ ਕੀਮਤ ਨਹੀਂ ਪਾ ਸਕਦਾ, ਮੈਂ ਕੀਤੇ ਕਰਮਾਂ ਨੂੰ ਬਹੁਤ ਮਹੱਤਤਾ ਦੇ ਰਿਹਾ ਹਾਂ) ।
    ਨਾ ਜਾਣਾ ਕੇਵਡ ਤੇਰੀ ਦਾਤਿ—ਹੇ ਪ੍ਰਭੂ !
    ਤੇਰੀਆਂ ਕਿਤਨੀਆਂ ਹੀ ਬੇਅੰਤ ਦਾਤਾਂ ਮੈਨੂੰ ਮਿਲ ਰਹੀਆਂ ਹਨ, ਉਹਨਾਂ ਨੂੰ ਮੈਂ ਸਮਝ ਨਹੀਂ ਸਕਦਾ ।੧।ਰਹਾਉ ।
ਏਵਡੁ = ਇਤਨਾ ਵੱਡਾ ।
ਭੰਡਾਰ = ਖ਼ਜਾਨੇ ।
ਨ ਆਵੈ ਰਾਸਿ = ਫਬਦਾ ਨਹੀਂ, ਕੁਝ ਸਵਾਰ ਨਹੀਂ ਸਕਦਾ ।
ਪਿੰਡੁ = ਸਰੀਰ ।
ਤੇਰੈ ਪਾਸਿ = ਤੇਰੇ ਹਵਾਲੇ, ਤੇਰੇ ਆਸਰੇ ।੨ ।
ਮਾਰਿ = ਮੇਰਾ ਆਪਾ = ਭਾਵ ਮਾਰ ਕੇ ।
ਜੀਵਾਲਹਿ = ਤੂੰ ਆਤਮਕ ਜੀਵਨ ਦੇਂਦਾ ਹੈਂ ।
ਬਖਸਿ = ਬਖ਼ਸ਼ ਕੇ, ਮਿਹਰ ਕਰ ਕੇ ।
ਮਿਲਾਇ = (ਆਪਣੇ ਚਰਨਾਂ ਵਿਚ) ਜੋੜ ਕੇ ।
ਜਿਉ ਭਾਵੀ = ਜਿਵੇਂ ਤੈਨੂੰ ਭਾਉਂਦਾ ਹੈ ।
ਜਪਾਇ = ਜਪਾ ਕੇ ।
ਦਾਨਾ = (ਮੇਰੇ ਦਿਲ ਦੀ) ਜਾਣਨ ਵਾਲਾ ।
ਬੀਨਾ = (ਮੇਰੇ ਕੰਮਾਂ ਨੂੰ) ਵੇਖਣ ਵਾਲਾ ।
ਸਿਰਿ = ਸਿਰ ਉਤੇ ।
ਦੇਇ = ਦੇ ਕੇ ।੩ ।
ਰਾਤਾ = ਰੰਗਿਆ ਹੋਇਆ ।
ਸਬਦਿ = ਗੁਰੂ ਦੇ ਸ਼ਬਦ ਵਿਚ (ਜੁੜ ਕੇ) ।
ਤਾਣੁ = ਤਾਕਤ, ਆਸਰਾ ।੪ ।
    
Sahib Singh
ਮੈਂ ਆਪਣੇ ਕੀਤੇ ਕਰਮਾਂ ਦੀ ਠੀਕ ਕੀਮਤ ਨਹੀਂ ਜਾਣਦਾ (ਮੈਂ ਇਹਨਾਂ ਨੂੰ ਬਹੁਤ ਮਹੱਤਤਾ ਦੇਂਦਾ ਹਾਂ), (ਦੂਜੇ ਪਾਸੇ, ਹੇ ਪ੍ਰਭੂ!) ਤੇਰੀਆਂ ਬੇਅੰਤ ਦਾਤਾਂ ਮੈਨੂੰ ਮਿਲ ਰਹੀਆਂ ਹਨ ਉਹਨਾਂ ਨੂੰ ਭੀ ਮੈਂ ਨਹੀਂ ਸਮਝ ਸਕਦਾ (ਇਹ ਖਿ਼ਆਲ ਕਰਨਾ ਮੇਰੀ ਭਾਰੀ ਭੁੱਲ ਹੈ ਕਿ ਮੇਰੇ ਕੀਤੇ ਕਰਮਾਂ ਅਨੁਸਾਰ ਮੈਨੂੰ ਮਿਲ ਰਿਹਾ ਹੈ ।
ਇਹ ਤਾਂ ਤੇਰੀ ਨਿਰੋਲ ਮਿਹਰ ਹੈ ਮਿਹਰ) ।
ਤੇਰਾ ਨਾਮ ਹੀ ਮੇਰੀ ਜਾਤਿ ਹੈ, ਤੇਰਾ ਨਾਮ ਹੀ ਮੇਰਾ ਕਰਮ-ਧਰਮ ਹੈ (ਮੈਨੂੰ ਤੇਰੇ ਨਾਮ ਦੀ ਹੀ ਓਟ ਹੈ ।
ਨਾਹ ਮਾਣ ਹੈ ਕਿਸੇ ਕੀਤੇ ਕਰਮ-ਧਰਮ ਦਾ, ਨਾਹ ਕਿਸੇ ਉੱਚੀ ਜਾਤਿ ਦਾ) ।੧।ਰਹਾਉ ।
ਜਨਮਾਂ ਜਨਮਾਂਤਰਾਂ ਦੇ ਕੀਤੇ ਕੰਮਾਂ ਦੇ ਸੰਸਕਾਰਾਂ ਦਾ ਸਮੂਹ ਜੋ ਮਨ ਵਿਚ ਇਕੱਠਾ ਹੋਇਆ ਪਿਆ ਹੈ (ਕਰਮਾਂ ਦੀ ਰਾਹੀਂ) ਕੋਈ ਮਨੁੱਖ ਮਿਟਾ ਨਹੀਂ ਸਕਦਾ ।
(ਇਸੇ ਤ੍ਰਹਾਂ ਅਗਾਂਹ ਲਈ ਭੀ ਕਰਮ-ਧਰਮ ਤੋਂ ਚੰਗੇ ਨਤੀਜੇ ਦੀ ਆਸ ਵਿਅਰਥ ਹੈ) ਕੋਈ ਸਮਝ ਨਹੀਂ ਸਕਦਾ ਕਿ ਆਉਣ ਵਾਲੇ ਜੀਵਨ-ਸਮੇ ਵਿਚ ਕੀਹ ਵਾਪਰੇਗਾ ।
(ਕਰਮਾਂ ਦਾ ਆਸਰਾ ਛੱਡੋ, ਪ੍ਰਭੂ ਦੀ ਰਜ਼ਾ ਵਿਚ ਤੁਰਨਾ ਸਿੱਖੋ) ਜਗਤ ਵਿਚ ਜੋ ਕੁਝ ਹੋ ਰਿਹਾ ਹੈ ਪਰਮਾਤਮਾ ਦੀ ਰਜ਼ਾ ਵਿਚ ਹੋ ਰਿਹਾ ਹੈ, ਪ੍ਰਭੂ ਤੋਂ ਬਿਨਾ ਹੋਰ ਕੋਈ ਕੁਝ ਕਰਨ ਵਾਲਾ ਨਹੀਂ ਹੈ (ਉਸੇ ਦੀ ਭਗਤੀ ਕਰੋ) ।੧ ।
ਹੇ ਪ੍ਰਭੂ! ਤੂੰ ਦਾਤਾਂ ਦੇਣ ਵਾਲਾ ਇਤਨਾ ਵੱਡਾ ਦਾਤਾ ਹੈਂ (ਭਗਤੀ ਦੀ ਦਾਤਿ ਭੀ ਤੂੰ ਆਪ ਹੀ ਦੇਂਦਾ ਹੈਂ) ਤੇਰੇ ਖ਼ਜ਼ਾਨਿਆਂ ਵਿਚ ਭਗਤੀ (ਦੀ ਦਾਤਿ) ਦੀ ਕੋਈ ਘਾਟ ਨਹੀਂ ਹੈ, (ਆਪਣੇ ਕਿਸੇ ਚੰਗੇ ਆਚਰਨ ਬਾਰੇ ਮਨੁੱਖ ਦਾ) ਕੀਤਾ ਹੋਇਆ ਅਹੰਕਾਰ ਕੁਝ ਸਵਾਰ ਨਹੀਂ ਸਕਦਾ, ਮਨੁੱਖ ਦੀ ਜਿੰਦ ਤੇ ਸਰੀਰ ਸਭ ਕੁਝ ਤੇਰੇ ਹੀ ਆਸਰੇ ਹੈ ।
(ਜਿਵੇਂ ਤੂੰ ਸਰੀਰ ਦੀ ਪਰਵਰਿਸ਼ ਲਈ ਰੋਜ਼ੀ ਦੇਂਦਾ ਹੈਂ, ਤਿਵੇਂ ਜਿੰਦ ਨੂੰ ਭੀ ਭਗਤੀ ਦੀ ਖ਼ੁਰਾਕ ਦੇਣ ਵਾਲਾ ਤੂੰ ਹੀ ਹੈਂ) ।੨ ।
(ਹੇ ਪ੍ਰਭੂ!) ਤੂੰ ਆਪ ਹੀ ਮੈਨੂੰ ਗੁਰੂ ਦੀ ਮਤਿ ਦੇ ਕੇ, ਮੇਰੇ ਉੱਤੇ ਮਿਹਰ ਕਰ ਕੇ ਮੈਨੂੰ ਆਪਣੇ ਚਰਨਾਂ ਵਿਚ ਜੋੜ ਕੇ, ਮੇਰਾ ਆਪਾ-ਭਾਵ ਮਾਰ ਕੇ, ਤੇ ਜਿਵੇਂ ਤੈਨੂੰ ਭਾਉਂਦਾ ਹੈ ਮੈਨੂੰ ਆਪਣਾ ਨਾਮ ਜਪਾ ਕੇ ਮੈਨੂੰ ਆਤਮਕ ਜੀਵਨਦੇਂਦਾ ਹੈਂ ।
ਤੂੰ ਮੇਰੇ ਦਿਲ ਦੀ ਜਾਣਦਾ ਹੈਂ, ਤੂੰ (ਮੇਰੀ ਹਾਲਤ) ਵੇਖਦਾ ਹੈਂ, ਤੂੰ ਮੇਰੇ ਸਿਰ ਉੱਤੇ (ਰਾਖਾ) ਹੈਂ, ਮੈਂ ਸਦਾ ਤੇਰੇ ਹੀ ਆਸਰੇ ਹਾਂ (ਮੈਨੂੰ ਆਪਣੇ ਕਿਸੇ ਕਰਮਾਂ ਦਾ ਆਸਰਾ ਨਹੀਂ ਹੈ) ।੩ ।
(ਹੇ ਪ੍ਰਭੂ!) ਜਿਨ੍ਹਾਂ ਦਾ ਮਨ (ਤੇਰੇ ਪਿਆਰ ਵਿਚ) ਰੰਗਿਆ ਹੋਇਆ ਹੈ, ਉਹਨਾਂ ਦੇ ਸਰੀਰ ਵਿਚ ਵਿਕਾਰਾਂ ਦੀ ਮੈਲ ਨਹੀਂ ।
ਗੁਰੂ ਦੇ ਬਚਨਾਂ ਉੱਤੇ ਤੁਰ ਕੇ ਗੁਰੂ ਦੇ ਸ਼ਬਦ ਵਿਚ ਜੁੜ ਕੇ ਉਹਨਾਂ ਨੇ ਤੈਨੂੰ ਸਦਾ ਕਾਇਮ ਰਹਿਣ ਵਾਲੇ ਨੂੰ ਪਛਾਣ ਲਿਆ ਹੈ (ਤੇਰੇ ਨਾਲ ਸਾਂਝ ਪਾ ਲਈ ਹੈ), (ਕਰਮਾਂ ਦਾ ਆਸਰਾ ਲੈਣ ਦੇ ਥਾਂ) ਉਹਨਾਂ ਨੂੰ ਤੇਰੇ ਨਾਮ ਦਾ ਹੀ ਆਸਰਾ ਹੈ, ਉਹ ਸਦਾ ਤੇਰੇ ਨਾਮ ਦੀ ਵਡਿਆਈ ਕਰਦੇ ਹਨ ।
ਹੇ ਨਾਨਕ! (ਆਖ—) ਉਹ ਮਨੁੱਖ ਪ੍ਰਭੂ ਦੀ ਭਗਤੀ ਵਿਚ ਰੱਤੇ ਰਹਿੰਦੇ ਹਨ, ਉਹ ਪ੍ਰਭੂ ਦੀ ਸਰਨ ਰਹਿੰਦੇ ਹਨ ।੪।੧੦ ।
Follow us on Twitter Facebook Tumblr Reddit Instagram Youtube