ਗਉੜੀ ਮਹਲਾ ੧ ॥
ਉਲਟਿਓ ਕਮਲੁ ਬ੍ਰਹਮੁ ਬੀਚਾਰਿ ॥
ਅੰਮ੍ਰਿਤ ਧਾਰ ਗਗਨਿ ਦਸ ਦੁਆਰਿ ॥
ਤ੍ਰਿਭਵਣੁ ਬੇਧਿਆ ਆਪਿ ਮੁਰਾਰਿ ॥੧॥

ਰੇ ਮਨ ਮੇਰੇ ਭਰਮੁ ਨ ਕੀਜੈ ॥
ਮਨਿ ਮਾਨਿਐ ਅੰਮ੍ਰਿਤ ਰਸੁ ਪੀਜੈ ॥੧॥ ਰਹਾਉ ॥

ਜਨਮੁ ਜੀਤਿ ਮਰਣਿ ਮਨੁ ਮਾਨਿਆ ॥
ਆਪਿ ਮੂਆ ਮਨੁ ਮਨ ਤੇ ਜਾਨਿਆ ॥
ਨਜਰਿ ਭਈ ਘਰੁ ਘਰ ਤੇ ਜਾਨਿਆ ॥੨॥

ਜਤੁ ਸਤੁ ਤੀਰਥੁ ਮਜਨੁ ਨਾਮਿ ॥
ਅਧਿਕ ਬਿਥਾਰੁ ਕਰਉ ਕਿਸੁ ਕਾਮਿ ॥
ਨਰ ਨਾਰਾਇਣ ਅੰਤਰਜਾਮਿ ॥੩॥

ਆਨ ਮਨਉ ਤਉ ਪਰ ਘਰ ਜਾਉ ॥
ਕਿਸੁ ਜਾਚਉ ਨਾਹੀ ਕੋ ਥਾਉ ॥
ਨਾਨਕ ਗੁਰਮਤਿ ਸਹਜਿ ਸਮਾਉ ॥੪॥੮॥

Sahib Singh
ਉਲਟਿਓ = ਪਰਤਿਆ ਹੈ, ਮਾਇਆ ਦੇ ਮੋਹ ਵਲੋਂ ਹਟਿਆ ਹੈ ।
ਕਮਲੁ = ਹਿਰਦਾ = ਕਮਲ ।
ਬ੍ਰਹਮੁ ਬੀਚਾਰਿ = ਬ੍ਰਹਮ ਨੂੰ ਵਿਚਾਰ ਕੇ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਿਚ ਚਿੱਤ ਜੋੜਿਆਂ ।
ਅੰਮਿ੍ਰਤ ਧਾਰ = ਅੰਮਿ੍ਰਤ ਦੀ ਧਾਰ, ਨਾਮ-ਅੰਮਿ੍ਰਤ ਦੀ ਵਰਖਾ ।
ਗਗਨਿ = ਗਗਨ ਵਿਚ, ਆਕਾਸ਼ ਵਿਚ, ਚਿੱਤ-ਰੂਪ ਆਕਾਸ਼ ਵਿਚ, ਚਿਦਾਕਾਸ਼ ਵਿਚ ।
ਦਸ ਦੁਆਰਿ = ਦਸਵੇਂ ਦੁਆਰ ਵਿਚ, ਦਿਮਾਗ਼ ਵਿਚ ।
ਅੰਮਿ੍ਰਤਧਾਰ ਦਸ ਦੁਆਰਿ = ਦਿਮਾਗ਼ ਵਿਚ ਨਾਮ ਦੀ ਵਰਖਾ ਹੁੰਦੀ ਹੈ, ਦਿਮਾਗ਼ ਵਿਚ ਠੰਢ ਪੈਂਦੀ ਹੈ (ਭਾਵ, ਦਿਮਾਗ਼ ਵਿਚ ਪਹਿਲਾਂ ਦੁਨੀਆ ਦੇ ਝੰਮੇਲਿਆਂ ਦੀ ਤੇਜ਼ੀ ਸੀ, ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਸ਼ਾਂਤੀ ਹੋ ਗਈ) ।
ਤਿ੍ਰਭਵਣੁ = ਤਿੰਨ ਭਵਨ, ਸਾਰਾ ਸੰਸਾਰ ।
ਬੇਧਿਆ = ਵਿੰਨ੍ਹ ਲਿਆ, ਵਿਆਪਕ ।
ਮੁਰਾਰਿ = {ਮੁਰ ਦਾ ਅਰੀ} ਪਰਮਾਤਮਾ ।੧ ।
ਭਰਮੁ = ਭਟਕਣਾ, ਮਾਇਆ ਦੀ ਦੌੜ-ਭੱਜ ।
ਮਨਿ ਮਾਨਿਐ = ਜੇ ਮਨ ਮੰਨ ਜਾਏ, ਜੇ ਮਨ ਨਾਮ-ਰਸ ਵਿਚ ਟਿਕ ਜਾਏ ।
ਅੰਮਿ੍ਰਤ ਰਸੁ = ਆਤਮਕ ਜੀਵਨ ਦੇਣ ਵਾਲਾ ਨਾਮ-ਰਸ ।
ਪੀਜੈ = ਪੀ ਲਈਦਾ ਹੈ ।੧।ਰਹਾਉ ।
ਜੀਤਿ = ਜਿੱਤ ਕੇ ।
ਜਨਮੁ ਜੀਤਿ = ਜਨਮ ਜਿੱਤ ਕੇ, ਮਨੁੱਖਾ ਜਨਮ ਦਾ ਮਨੋਰਥ ਹਾਸਲ ਕਰ ਕੇ ।
ਮਰਣਿ = ਮਰਨ ਵਿਚ, ਸੁਆਰਥ ਦੀ ਮੌਤ ਵਿਚ ।
ਮਨੁ ਮਾਨਿਆ = ਮਨ ਪਤੀਜ ਜਾਂਦਾ ਹੈ ।
ਮਰਣਿ ਮਨੁ ਮਾਨਿਆ = ਆਪਾ = ਭਾਵ ਵਲੋਂ ਮੌਤ ਵਿਚ ਮਨ ਪਤੀਜ ਜਾਂਦਾ ਹੈ, ਮਨ ਨੂੰ ਇਹ ਗੱਲ ਪਸੰਦ ਆ ਜਾਂਦੀ ਹੈ ਕਿ ਖ਼ੁਦਗ਼ਰਜ਼ੀ ਨਾਹ ਰਹੇ ।
ਆਪਿ = ਆਪਾ = ਭਾਵ ਵਲੋਂ ।
ਮਨ ਤੇ = ਮਨ ਤੋਂ, ਅੰਦਰੋਂ ਹੀ ।
ਜਾਨਿਆ = ਸਮਝ ਆ ਜਾਂਦੀ ਹੈ ।
ਨਜਰਿ = ਪ੍ਰਭੂ ਦੀ ਮਿਹਰ ਦੀ ਨਜ਼ਰ ।
ਘਰੁ = ਪਰਮਾਤਮਾ ਦਾ ਟਿਕਾਣਾ, ਪ੍ਰਭੂ-ਚਰਨਾਂ ਵਿਚ ਟਿਕਾਓ ।
ਘਰ ਤੇ = ਘਰ ਤੋਂ, ਹਿਰਦੇ ਵਿਚ ਹੀ ।੨ ।
ਜਤੁ = ਇੰਦਿ੍ਰਆਂ ਨੂੰ ਰੋਕਣਾ ।
ਸਤੁ = ਪਵਿਤ੍ਰ ਆਚਰਨ ।
ਮਜਨੁ = ਮੱਜਨੁ, ਚੁੱਭੀ, ਇਸ਼ਨਾਨ ।
ਨਾਮਿ = ਨਾਮ ਵਿਚ ।
ਅਧਿਕ = ਬਹੁਤਾ ।
ਕਰਾਉ = ਕਰਾਉਂ, ਮੈਂ ਕਰਾਂ ।
ਕਿਸੁ ਕਾਮਿ = ਕਿਸ ਕੰਮ ਲਈ ?
    ਕਾਹਦੇ ਲਈ ?
ਨਰ ਨਾਰਾਇਣੁ = ਪਰਮਾਤਮਾ ।
ਅੰਤਰਜਾਮਿ = ਦਿਲਾਂ ਦੀ ਜਾਣਨ ਵਾਲਾ ।੩ ।
ਆਨ = ਕੋਈ ਹੋਰ (ਆਸਰਾ) ।
ਮਨਉ = ਜੇ ਮੈਂ ਮੰਨਾਂ ।
ਪਰ ਘਰਿ = ਦੂਜੇ ਘਰ ਵਿਚ, ਕਿਸੇ ਹੋਰ ਥਾਂ ।
ਜਾਉ = ਜਾਉਂ, ਮੈਂ ਜਾਵਾਂ ।
ਜਾਚਉ = ਮੈਂ ਮੰਗਾਂ ।
ਸਹਜਿ = ਸਹਜ ਵਿਚ, ਅਡੋਲਤਾ ਵਿਚ ।
ਸਮਾਉ = ਸਮਾਉਂ, ਮੈਂ ਲੀਨ ਹੁੰਦਾ ਹਾਂ ।੪ ।
    
Sahib Singh
ਹੇ ਮੇਰੇ ਮਨ! (ਮਾਇਆ ਦੀ ਖ਼ਾਤਰ) ਭਟਕਣ ਛੱਡ ਦੇ (ਅਤੇ ਪ੍ਰਭੂ ਦੀ ਸਿਫ਼ਤਿ-ਸਾਲਾਹ ਵਿਚ ਜੁੜ) ।
(ਹੇ ਭਾਈ!) ਜਦੋਂ ਮਨ ਨੂੰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਚੰਗੀ ਲੱਗਣ ਲੱਗ ਪੈਂਦੀ ਹੈ, ਤਦੋਂ ਇਹ ਸਿਫ਼ਤਿ-ਸਾਲਾਹ ਦਾ ਸੁਆਦ ਮਾਣਨ ਲੱਗ ਪੈਂਦਾ ਹੈ ।੧।ਰਹਾਉ ।
ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਿਚ ਚਿੱਤ ਜੋੜਿਆਂ ਹਿਰਦਾ-ਕਮਲ ਮਾਇਆ ਦੇ ਮੋਹ ਵਲੋਂ ਹਟ ਜਾਂਦਾ ਹੈ, ਦਿਮਾਗ਼ ਵਿਚ ਭੀ (ਸਿਫ਼ਤਿ-ਸਾਲਾਹ ਦੀ ਬਰਕਤ ਨਾਲ) ਨਾਮ-ਅੰਮਿ੍ਰਤ ਦੀ ਵਰਖਾ ਹੁੰਦੀ ਹੈ (ਤੇ ਮਾਇਆ ਵਾਲੇ ਝੰਬੇਲਿਆਂ ਦੀ ਅਸ਼ਾਂਤੀ ਮਿੱਟ ਕੇ ਠੰਢ ਪੈਂਦੀ ਹੈ) ।
(ਫਿਰ ਦਿਲ ਨੂੰ ਭੀ ਤੇ ਦਿਮਾਗ਼ ਨੂੰ ਭੀ ਇਹ ਯਕੀਨ ਹੋ ਜਾਂਦਾ ਹੈ ਕਿ) ਪ੍ਰਭੂ ਆਪ ਸਾਰੇ ਜਗਤ (ਦੇ ਜ਼ੱਰੇ ਜ਼ੱਰੇ) ਵਿਚ ਮੌਜੂਦ ਹੈ ।੧ ।
(ਸਿਫ਼ਤਿ-ਸਾਲਾਹ ਵਿਚ ਜੁੜਿਆਂ) ਜਨਮ-ਮਨੋਰਥ ਪ੍ਰਾਪਤ ਕਰ ਕੇ ਮਨ ਨੂੰ ਸੁਆਰਥ ਦਾ ਮੁੱਕ ਜਾਣਾ ਪਸੰਦ ਆ ਜਾਂਦਾ ਹੈ ।
ਇਸ ਗੱਲ ਦੀ ਸੂਝ ਮਨ ਅੰਦਰੋਂ ਹੀ ਪੈ ਜਾਂਦੀ ਹੈ ਕਿ ਆਪਾ-ਭਾਵ ਮੁੱਕ ਗਿਆ ਹੈ ।
ਜਦੋਂ ਪ੍ਰਭੂਦੀ ਮਿਹਰ ਦੀ ਨਜ਼ਰ ਹੁੰਦੀ ਹੈ ਤਾਂ ਹਿਰਦੇ ਵਿਚ ਹੀ ਇਹ ਅਨੁਭਵ ਹੋ ਜਾਂਦਾ ਹੈ ਕਿ ਸੁਰਤਿ ਪ੍ਰਭੂ-ਚਰਨਾਂ ਵਿਚ ਜੁੜੀ ਹੋਈ ਹੈ ।੨ ।
ਪਰਮਾਤਮਾ ਦੇ ਨਾਮ ਵਿਚ ਜੁੜਨਾ ਹੀ ਜਤ ਸਤ ਤੇ ਤੀਰਥ-ਇਸ਼ਨਾਨ (ਦਾ ਉੱਦਮ) ਹੈ ।
ਮੈਂ (ਜਤ ਸਤ ਆਦਿਕ ਵਾਲਾ) ਬਹੁਤਾ ਖਿਲਾਰਾ ਖਿਲਾਰਾਂ ਭੀ ਕਿਉਂ ?
(ਇਹ ਸਾਰੇ ਉੱਦਮ ਤਾਂ ਲੋਕ-ਵਿਖਾਵੇ ਦੇ ਹੀ ਹਨ, ਤੇ) ਪਰਮਾਤਮਾ ਹਰੇਕ ਦੇ ਦਿਲ ਦੀ ਜਾਣਦਾ ਹੈ ।੩ ।
(ਮਾਇਆ ਵਾਲੀ ਭਟਕਣਾ ਮੁਕਾਣ ਵਾਸਤੇ ਪ੍ਰਭੂ-ਦਰ ਤੋਂ ਬਿਨਾ ਹੋਰ ਕੋਈ ਥਾਂ ਨਹੀਂ ਹੋਰ ਕੋਈ ਆਸਰਾ ਨਹੀਂ, ਸੋ) ਮੈਂ ਤਦੋਂ ਹੀ ਕਿਸੇ ਹੋਰ ਥਾਂ ਜਾਵਾਂ ਜੇ ਮੈਂ (ਪ੍ਰਭੂ ਤੋਂ ਬਿਨਾ) ਕੋਈ ਹੋਰ ਥਾਂ ਮੰਨ ਹੀ ਲਵਾਂ ।
ਕੋਈ ਹੋਰ ਥਾਂ ਹੀ ਨਹੀਂ, ਮੈਂ ਕਿਸ ਪਾਸੋਂ ਇਹ ਮੰਗ ਮੰਗਾਂ (ਕਿ ਮੇਰਾ ਮਨ ਭਟਕਣੋਂ ਹਟ ਜਾਏ) ?
ਹੇ ਨਾਨਕ! (ਮੈਨੂੰ ਯਕੀਨ ਹੈ ਕਿ ਗੁਰੂ ਦਾ ਉਪਦੇਸ਼ ਹਿਰਦੇ ਵਿਚ ਵਸਾ ਕੇ ਉਸ ਆਤਮਕ ਅਵਸਥਾ ਵਿਚ ਲੀਨ ਰਹਿ ਸਕੀਦਾ ਹੈ (ਜਿਥੇ ਮਾਇਆ ਵਾਲੀ ਭਟਕਣਾ ਦੀ ਅਣਹੋਂਦ ਹੈ) ਜਿਥੇ ਅਡੋਲਤਾ ਹੈ ।੪।੮ ।
Follow us on Twitter Facebook Tumblr Reddit Instagram Youtube