ਗਉੜੀ ਮਹਲਾ ੧ ॥
ਜਾਤੋ ਜਾਇ ਕਹਾ ਤੇ ਆਵੈ ॥
ਕਹ ਉਪਜੈ ਕਹ ਜਾਇ ਸਮਾਵੈ ॥
ਕਿਉ ਬਾਧਿਓ ਕਿਉ ਮੁਕਤੀ ਪਾਵੈ ॥
ਕਿਉ ਅਬਿਨਾਸੀ ਸਹਜਿ ਸਮਾਵੈ ॥੧॥

ਨਾਮੁ ਰਿਦੈ ਅੰਮ੍ਰਿਤੁ ਮੁਖਿ ਨਾਮੁ ॥
ਨਰਹਰ ਨਾਮੁ ਨਰਹਰ ਨਿਹਕਾਮੁ ॥੧॥ ਰਹਾਉ ॥

ਸਹਜੇ ਆਵੈ ਸਹਜੇ ਜਾਇ ॥
ਮਨ ਤੇ ਉਪਜੈ ਮਨ ਮਾਹਿ ਸਮਾਇ ॥
ਗੁਰਮੁਖਿ ਮੁਕਤੋ ਬੰਧੁ ਨ ਪਾਇ ॥
ਸਬਦੁ ਬੀਚਾਰਿ ਛੁਟੈ ਹਰਿ ਨਾਇ ॥੨॥

ਤਰਵਰ ਪੰਖੀ ਬਹੁ ਨਿਸਿ ਬਾਸੁ ॥
ਸੁਖ ਦੁਖੀਆ ਮਨਿ ਮੋਹ ਵਿਣਾਸੁ ॥
ਸਾਝ ਬਿਹਾਗ ਤਕਹਿ ਆਗਾਸੁ ॥
ਦਹ ਦਿਸਿ ਧਾਵਹਿ ਕਰਮਿ ਲਿਖਿਆਸੁ ॥੩॥

ਨਾਮ ਸੰਜੋਗੀ ਗੋਇਲਿ ਥਾਟੁ ॥
ਕਾਮ ਕ੍ਰੋਧ ਫੂਟੈ ਬਿਖੁ ਮਾਟੁ ॥
ਬਿਨੁ ਵਖਰ ਸੂਨੋ ਘਰੁ ਹਾਟੁ ॥
ਗੁਰ ਮਿਲਿ ਖੋਲੇ ਬਜਰ ਕਪਾਟ ॥੪॥

ਸਾਧੁ ਮਿਲੈ ਪੂਰਬ ਸੰਜੋਗ ॥
ਸਚਿ ਰਹਸੇ ਪੂਰੇ ਹਰਿ ਲੋਗ ॥
ਮਨੁ ਤਨੁ ਦੇ ਲੈ ਸਹਜਿ ਸੁਭਾਇ ॥
ਨਾਨਕ ਤਿਨ ਕੈ ਲਾਗਉ ਪਾਇ ॥੫॥੬॥

Sahib Singh
ਜਾਤੋ ਜਾਇ = (ਕਿਵੇਂ) ਜਾਤੋ ਜਾਇ, ਕਿਵੇਂ ਸਮਝਿਆ ਜਾਏ ?
    {“ਤੇਰਾ ਕੀਤਾ ਜਾਤੋ ਨਾਹੀ”} ।
ਕਹ ਉਪਜੈ = ਕਿਥੋਂ ਪੈਦਾ ਹੁੰਦੀ ਹੈ (ਕਾਮਨਾ) ?
ਕਿਉ ਬਾਧਿਓ = ਕਿਵੇਂ (ਕਾਮਨਾ ਵਿਚ) ਬੱਝ ਜਾਂਦਾ ਹੈ ?
ਮੁਕਤੀ = ਖ਼ਲਾਸੀ, ਆਜ਼ਾਦੀ ।
ਅਬਿਨਾਸੀ ਸਹਜਿ = ਅਟੱਲ ਸਹਜ ਵਿਚ, ਸਦਾ-ਥਿਰ ਰਹਿਣ ਵਾਲੀ ਅਡੋਲ ਅਵਸਥਾ ਵਿਚ ।੧।ਅੰਮਿ੍ਰਤੁ—ਆਤਮਕ ਜੀਵਨ ਦੇਣ ਵਾਲਾ ।
ਨਰਹਰ ਨਾਮੁ = ਪਰਮਾਤਮਾ ਦਾ ਨਾਮ ।
ਨਿਹਕਾਮੁ = ਕਾਮਨਾ = ਰਹਿਤ, ਵਾਸਨਾ-ਰਹਿਤ ।੧।ਰਹਾਉ ।
ਸਹਜੇ = ਕੁਦਰਤੀ ਨਿਯਮ ਅਨੁਸਾਰ ।
ਆਵੈ = (ਵਾਸਨਾ) ਪੈਦਾ ਹੁੰਦੀ ਹੈ ।
ਮਨ ਤੇ = ਮਨ ਤੋਂ ।
ਗੁਰਮੁਖਿ = ਜੋ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ ।
ਮੁਕਤੋ = ਵਾਸਨਾ ਤੋਂ ਮੁਕਤ ।
ਬੰਧੁ = ਵਾਸਨਾ ਦੀ ਕੈਦ ।
ਬੀਚਾਰਿ = ਵਿਚਾਰ ਕੇ ।
ਨਾਇ = ਨਾਮ ਦੀ ਰਾਹੀਂ ।੨ ।
ਤਰਵਰ ਪੰਖੀ ਬਹੁ = ਰੁੱਖਾਂ ਉੱਤੇ ਅਨੇਕਾਂ ਪੰਛੀ ।
ਨਿਸਿ = ਰਾਤ ਵੇਲੇ ।
ਵਿਣਾਸੁ = ਆਤਮਕ ਮੌਤ ।
ਸਾਝ = ਸ਼ਾਮ ।
ਬਿਹਾਗ = ਸਵੇਰ ।
ਤਕਹਿ = ਤੱਕਦੇ ਹਨ ।
ਦਹਦਿਸਿ = ਦਸੀਂ ਪਾਸੀਂ ।
ਕਰਮਿ = ਕੀਤੇ ਕਰਮ ਅਨੁਸਾਰ ।
ਕਰਮਿ ਲਿਖਿਆਸੁ = ਕੀਤੇ ਕਰਮ ਅਨੁਸਾਰ ਜੋ ਸੰਸਕਾਰ ਮਨ ਵਿਚ ਉੱਕਰਿਆ ਹੁੰਦਾ ਹੈ ।੩ ।
ਨਾਮ ਸੰਜੋਗੀ = ਨਾਮ ਦੀ ਸਾਂਝ ਬਣਾਣ ਵਾਲੇ ।
ਗੋਇਲਿ = ਗੋਇਲ ਵਿਚ ।
ਥਾਟੁ = ਥਾਂ ।
ਗੋਇਲ = ਅੌੜ ਸਮੇ ਲੋਕ ਦਰਿਆਵਾਂ ਕੰਢੇ ਆਪਣਾ ਮਾਲ-ਡੰਗਰ ਹਰਾ ਘਾਹ ਚਾਰਨ ਲਈ ਲੈ ਆਉਂਦੇ ਹਨ; ਉਸ ਹਰਿਆਵਲ ਵਾਲੇ ਥਾਂ ਨੂੰ ਗੋਇਲ ਕਹਿੰਦੇ ਹਨ; ਇਹ ਪ੍ਰਬੰਧ ਆਰਜ਼ੀ ਹੀ ਹੁੰਦਾ ਹੈ; ਜਦੋਂ ਮੀਂਹ ਪੈਂਦਾ ਹੈ ਲੋਕ ਆਪੋ ਆਪਣੇ ਵਤਨ ਵਾਪਸ ਚਲੇ ਜਾਂਦੇ ਹਨ ।
ਬਿਖੁ ਮਾਟੁ = ਵਿਹੁਲਾ ਮਟਕਾ ।
ਫੂਟੈ = ਫੁਟ ਜਾਂਦਾ ਹੈ ।
ਸੂਨੋ = ਸੁੰਞਾ ।
ਹਾਟੁ = ਹੱਟ, ਹਿਰਦਾ ।
ਗੁਰ ਮਿਲਿ = ਗੁਰੂ ਨੂੰ ਮਿਲ ਕੇ ।
ਬਜਰ = ਕਰੜੇ ।
ਕਪਾਟ = ਕਵਾੜ, ਭਿੱਤ ।੪ ।
ਸਾਧੁ = ਗੁਰੂ ।
ਪੂਰਬ ਸੰਜੋਗ = ਪੂਰਬਲੇ ਕੀਤੇ ਕਰਮਾਂ ਦੇ ਸੰਸਕਾਰ ਉੱਘੜਨ ਨਾਲ ।
ਸਚਿ = ਸੱਚ ਵਿਚ, ਸਦਾ = ਥਿਰ ਪ੍ਰਭੂ ਵਿਚ ।
ਰਹਸੇ = ਖਿੜੇ ਹੋਏ, ਪ੍ਰਸੰਨ ।
ਦੇ = ਦੇ ਕੇ, ਅਰਪਨ ਕਰ ਕੇ ।
ਲੈ = (ਜੋ) ਲੈਂਦੇ ਹਨ (ਨਾਮ) ।
ਸਹਜਿ = ਸਹਿਜ ਵਿਚ, ਅਡੋਲਤਾ ਵਿਚ (ਟਿਕ ਕੇ) ।
ਸੁਭਾਇ = ਪ੍ਰੇਮ ਵਿਚ (ਟਿਕ ਕੇ) ।
ਲਾਗਉ = ਲਾਗਉਂ, ਮੈਂ ਲੱਗਦਾ ਹਾਂ ।
ਪਾਇ = ਪੈਰੀਂ ।੫ ।
    
Sahib Singh
ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ-ਅੰਮਿ੍ਰਤ ਵੱਸਦਾ ਹੈ, ਜੋ ਮਨੁੱਖ ਮੂੰਹੋਂ ਪ੍ਰਭੂ ਦਾ ਨਾਮ ਉਚਾਰਦਾ ਹੈ, ਉਹ ਪ੍ਰਭੂ ਦਾ ਨਾਮ ਲੈ ਕੇ ਪ੍ਰਭੂ ਵਾਂਗ ਕਾਮਨਾ-ਰਹਿਤ (ਵਾਸਨਾ-ਰਹਿਤ) ਹੋ ਜਾਂਦਾ ਹੈ ।੧।ਰਹਾਉ ।
(ਪਰ) ਇਹ ਕਿਵੇਂ ਸਮਝ ਆਵੇ ਕਿ (ਇਹ ਵਾਸਨਾ) ਕਿਥੋਂ ਆਉਂਦੀ ਹੈ, (ਵਾਸਨਾ) ਕਿਥੋਂ ਪੈਦਾ ਹੁੰਦੀ ਹੈ, ਕਿਥੇ ਜਾ ਕੇ ਮੁੱਕ ਜਾਂਦੀ ਹੈ ?
ਮਨੁੱਖ ਕਿਵੇਂ ਇਸ ਵਾਸਨਾ ਵਿਚ ਬੱਝ ਜਾਂਦਾ ਹੈ ?
ਕਿਵੇਂ ਇਸ ਤੋਂ ਖ਼ਲਾਸੀ ਹਾਸਲ ਕਰਦਾ ਹੈ ?
(ਖ਼ਲਾਸੀ ਪਾ ਕੇ) ਕਿਵੇਂ ਅਟੱਲ ਅਡੋਲ ਅਵਸਥਾ ਵਿਚ ਟਿਕ ਜਾਂਦਾ ਹੈ ?
।੧ ।
(ਗੁਰੂ ਦੇ ਸਨਮੁਖ ਹੋਇਆਂ ਇਹ ਸਮਝ ਆਉਂਦੀ ਹੈ ਕਿ) ਵਾਸਨਾ ਕੁਦਰਤੀ ਨਿਯਮ ਅਨੁਸਾਰ ਪੈਦਾ ਹੋ ਜਾਂਦੀ ਹੈ ।
ਕੁਦਰਤੀ ਨਿਯਮ ਅਨੁਸਾਰ ਹੀ ਮੁੱਕ ਜਾਂਦੀ ਹੈ (ਮਨਮੁਖਤਾ ਦੀ ਹਾਲਤ ਵਿਚ) ਮਨ ਤੋਂ ਪੈਦਾ ਹੁੰਦੀ ਹੈ (ਗੁਰੂ ਦੇ ਸਨਮੁਖ ਹੋਇਆਂ) ਮਨ ਵਿਚ ਹੀ ਖ਼ਤਮ ਹੋ ਜਾਂਦੀ ਹੈ ।
ਜੋ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ, ਉਹ ਵਾਸਨਾ ਤੋਂ ਬਚਿਆ ਰਹਿੰਦਾ ਹੈ, ਵਾਸਨਾ (ਉਸ ਦੇ ਰਾਹ ਵਿਚ) ਬੰਨ੍ਹ ਨਹੀਂ ਮਾਰ ਸਕਦੀ ।
ਗੁਰੂ ਦੇ ਸ਼ਬਦ ਨੂੰ ਵਿਚਾਰ ਕੇ ਉਹ ਮਨੁੱਖ ਪ੍ਰਭੂ ਦੇ ਨਾਮ ਦੀ ਰਾਹੀਂ ਵਾਸਨਾ (ਦੇ ਜਾਲ) ਵਿਚੋਂ ਬਚ ਜਾਂਦਾ ਹੈ ।੨ ।
(ਜਿਵੇਂ) ਰਾਤ ਵੇਲੇ ਅਨੇਕਾਂ ਪੰਛੀ ਰੁੱਖਾਂ ਉੱਤੇ ਵਸੇਰਾ ਕਰ ਲੈਂਦੇ ਹਨ (ਤਿਵੇਂ ਜੀਵ ਜਗਤ ਵਿਚ ਰੈਣ-ਬਸੇਰੇ ਲਈ ਆਉਂਦੇ ਹਨ), ਕੋਈ ਸੁਖੀ ਹਨ ਕੋਈ ਦੁਖੀ ਹਨ, ਕਈਆਂ ਦੇ ਮਨ ਵਿਚ ਮਾਇਆ ਦਾ ਮੋਹ ਬਣ ਜਾਂਦਾ ਹੈ, ਤੇ ਉਹ ਆਤਮਕ ਮੌਤ ਸਹੇੜ ਲੈਂਦੇ ਹਨ ।
ਪੰਛੀ ਸ਼ਾਮ ਵੇਲੇ ਰੁੱਖਾਂ ਤੇ ਆ ਟਿਕਦੇ ਹਨ, ਸਵੇਰੇ ਅਕਾਸ਼ ਨੂੰਤੱਕਦੇ ਹਨ (ਚਾਨਣ ਵੇਖ ਕੇ) ਦਸੀਂ ਪਾਸੀਂ ਉੱਡ ਜਾਂਦੇ ਹਨ, ਤਿਵੇਂ ਜੀਵ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਦਸੀਂ ਪਾਸੀਂ ਭਟਕਦੇ ਫਿਰਦੇ ਹਨ ।੩ ।
ਜਿਵੇਂ ਅੌੜ ਲੱਗਣ ਤੇ ਲੋਕ ਦਰਿਆਵਾਂ ਕੰਢੇ ਹਰਿਆਵਲੇ ਥਾਂ ਵਿਚ ਚਾਰ ਦਿਨਾਂ ਦਾ ਟਿਕਾਣਾ ਬਣਾ ਲੈਂਦੇ ਹਨ, ਤਿਵੇਂ ਪ੍ਰਭੂ ਦੇ ਨਾਮ ਨਾਲ ਸਾਂਝ ਪਾਣ ਵਾਲੇ ਬੰਦੇ ਜਗਤ ਵਿਚ ਚੰਦ-ਰੋਜ਼ਾ ਟਿਕਾਣਾ ਸਮਝਦੇ ਹਨ ।
ਉਹਨਾਂ ਦੇ ਅੰਦਰੋਂ ਕਾਮ ਕ੍ਰੋਧ ਆਦਿਕ ਦਾ ਵਿਹੁਲਾ ਮਟਕਾ ਭੱਜ ਜਾਂਦਾ ਹੈ (ਭਾਵ, ਉਹਨਾਂ ਦੇ ਅੰਦਰ ਕਾਮਾਦਿਕ ਵਿਕਾਰ ਜ਼ੋਰ ਨਹੀਂ ਪਾਂਦੇ) ।
ਜੋ ਮਨੁੱਖ ਨਾਮ-ਵੱਖਰ ਤੋਂ ਵਾਂਜੇ ਰਹਿੰਦੇ ਹਨ ਉਹਨਾਂ ਦਾ ਹਿਰਦਾ-ਹੱਟ ਸੱਖਣਾ ਹੁੰਦਾ ਹੈ (ਉਹਨਾਂ ਦੇ ਸੁੰਞੇ ਹਿਰਦੇ-ਘਰ ਨੂੰ, ਮਾਨੋ, ਜੰਦਰੇ ਵੱਜੇ ਰਹਿੰਦੇ ਹਨ) ।
ਗੁਰੂ ਨੂੰ ਮਿਲ ਕੇ ਉਹ ਕਰੜੇ ਕਵਾੜ ਖੁਲ੍ਹ ਜਾਂਦੇ ਹਨ ।੪ ।
ਜਿਨ੍ਹਾਂ ਮਨੁੱਖਾਂ ਨੂੰ ਪੂਰਬਲੇ ਕੀਤੇ ਕਰਮਾਂ ਦੇ ਸੰਸਕਾਰ ਉੱਘੜਨ ਤੇ ਗੁਰੂ ਮਿਲਦਾ ਹੈ, ਉਹ ਪੂਰੇ ਪੁਰਸ਼ ਸਦਾ-ਥਿਰ ਪ੍ਰਭੂ ਵਿਚ ਜੁੜ ਕੇ ਖਿੜੇ ਰਹਿੰਦੇ ਹਨ ।
ਹੇ ਨਾਨਕ! (ਆਖ—) ਜੋ ਮਨੁੱਖ ਮਨ ਗੁਰੂ ਦੇ ਹਵਾਲੇ ਕਰ ਕੇ ਸਰੀਰ ਗੁਰੂ ਦੇ ਹਵਾਲੇ ਕਰ ਕੇ ਅਡੋਲਤਾ ਵਿਚ ਟਿਕ ਕੇ ਪ੍ਰੇਮ ਵਿਚ ਜੁੜ ਕੇ (ਨਾਮ ਦੀ ਦਾਤਿ ਗੁਰੂ ਤੋਂ) ਲੈਂਦੇ ਹਨ, ਮੈਂ ਉਹਨਾਂ ਦੀ ਚਰਨੀਂ ਲੱਗਦਾ ਹਾਂ ।੫।੬ ।
Follow us on Twitter Facebook Tumblr Reddit Instagram Youtube