ਮਃ ੧ ॥
ਆਪਿ ਬੁਝਾਏ ਸੋਈ ਬੂਝੈ ॥
ਜਿਸੁ ਆਪਿ ਸੁਝਾਏ ਤਿਸੁ ਸਭੁ ਕਿਛੁ ਸੂਝੈ ॥
ਕਹਿ ਕਹਿ ਕਥਨਾ ਮਾਇਆ ਲੂਝੈ ॥
ਹੁਕਮੀ ਸਗਲ ਕਰੇ ਆਕਾਰ ॥
ਆਪੇ ਜਾਣੈ ਸਰਬ ਵੀਚਾਰ ॥
ਅਖਰ ਨਾਨਕ ਅਖਿਓ ਆਪਿ ॥
ਲਹੈ ਭਰਾਤਿ ਹੋਵੈ ਜਿਸੁ ਦਾਤਿ ॥੨॥

Sahib Singh
ਲੂਝੈ = ਸੜਦਾ ਹੈ, ਦੁਖੀ ਰਹਿੰਦਾ ਹੈ ।
ਆਕਾਰ = ਸਰੂਪ, ਜੀਅ ਜੰਤ ।
ਸਰਬ ਵੀਚਾਰ = ਸਭ ਜੀਵਾਂ ਬਾਰੇ ਵਿਚਾਰਾਂ ।
ਅਖਰ = (ਸੰ: ਅ™ਰ) ਨਾ ਨਾਸ ਹੋਣ ਵਾਲਾ ।
ਅਖਿਓ = ‘ਅਖਿਉ’ ਤੋਂ {ਜੋ ਫ਼ਰਕ ( ੁ) ਤੇ ( ੋ ) ਵਿਚ ਹੈ, ਉਹੀ ਫ਼ਰਕ (ਉ) ਅਤੇ (ਓ) ਵਿਚ ਹੈ} ।
    {ਲਫ਼ਜ਼ ‘ਲਖਿਉ’ ਲਫ਼ਜ਼ ‘ਅਖÎਯ’ ਦਾ ਪ੍ਰਾਕਿ੍ਰਤ ਰੂਪ ਹੈ ।
    ‘ਖÎਯ’ ਦਾ ਅਰਥ ਹੈ ‘ਨਾਸ’ ।
    ਪੰਜਾਬੀ ਰੂਪ ਹੈ ‘ਖਉ’ ।
    ‘ਅਖਿਉ’ ਦਾ ਅਰਥ ਹੈ ‘ਜਿਸ ਦਾ ਖੈ ਨਾ ਹੋ ਸਕੇ’ ।
    ਲਫ਼ਜ਼ ‘ਅਖਿਓ’ ਦਾ ਅਰਥ ਕਰਨਾ ‘ਆਖਿਆ’—ਇਹ ਗ਼ਲਤ ਹੈ; ਗੁਰਬਾਣੀ ਵਿਚ ਕਿਸੇ ਹੋਰ ਥਾਂ ਤੋਂ ਇਹ ਸਹਾਇਤਾ ਨਹੀਂ ਮਿਲਦੀ ।
    ‘ਪਾਇਆ’ ਤੋਂ ‘ਪਾਇਓ’ ਹੋ ਸਕਦਾ ਹੈ, ‘ਪਇਓ’ ਨਹੀਂ ਹੋ ਸਕਦਾ, ਤਿਵੇਂ ਹੀ ‘ਆਖਿਆ’ ਤੋਂ ‘ਅਖਿਓ’ ਹੋ ਸਕਦਾ ਹੈ ‘ਆਖਿਓ’ ਨਹੀਂ} ।
ਲਹੈ = ਲਹਿ ਜਾਂਦੀ ਹੈ ।
ਭਰਾਤਿ = ਮਨ ਦੀ ਭਟਕਣਾ ।
    
Sahib Singh
ਜਿਸ ਮਨੁੱਖ ਨੂੰ ਪ੍ਰਭੂ ਆਪ ਮਤਿ ਦੇਂਦਾ ਹੈ, ਉਸ ਨੂੰ ਹੀ ਮਤਿ ਆਉਂਦੀ ਹੈ; ਜਿਸ ਮਨੁੱਖ ਨੂੰ ਆਪ ਸੂਝ ਬਖ਼ਸ਼ਦਾ ਹੈ, ਉਸ ਨੂੰ (ਜੀਵਨ-ਸਫ਼ਰ ਦੀ) ਹਰੇਕ ਗੱਲ ਦੀ ਸੂਝ ਆ ਜਾਂਦੀ ਹੈ ।
(ਜੇ ਇਹ ਮਤਿ ਤੇ ਸੂਝ ਨਹੀਂ, ਤਾਂ ਇਸ ਦੀ ਪ੍ਰਾਪਤੀ ਬਾਰੇ) ਆਖੀ ਜਾਣਾ ਆਖੀ ਜਾਣਾ (ਕੋਈ ਲਾਭ ਨਹੀਂ ਦੇਂਦਾ) (ਮਨੁੱਖ ਅਮਲੀ ਜੀਵਨ ਵਿਚ) ਮਾਇਆ ਵਿਚ ਹੀ ਸੜਦਾ ਰਹਿੰਦਾ ਹੈ ।
ਸਾਰੇ ਜੀਅ-ਜੰਤ ਪ੍ਰਭੂ ਆਪ ਹੀ ਆਪਣੇ ਹੁਕਮ-ਅਨੁਸਾਰ ਪੈਦਾ ਕਰਦਾ ਹੈ, ਸਾਰੇ ਜੀਵਾਂ ਬਾਰੇ ਵਿਚਾਰਾਂ (ਉਹਨਾਂ ਨੂੰ ਕੀਹ ਕੁਝ ਦੇਣਾ ਹੈ) ਪ੍ਰਭੂ ਆਪ ਹੀ ਜਾਣਦਾ ਹੈ ।
ਹੇ ਨਾਨਕ! ਜਿਸ ਮਨੁੱਖ ਨੂੰ ਉਸ ਅਵਿਨਾਸ਼ੀ ਤੇ ਅਖੈ ਪ੍ਰਭੂ ਪਾਸੋਂ (‘ਸੂਝ ਬੂਝ’ ਦੀ) ਦਾਤਿ ਮਿਲਦੀ ਹੈ, ਉਸ ਦੀ ਮਨ ਦੀ ਭਟਕਣਾ ਦੂਰ ਹੋ ਜਾਂਦੀ ਹੈ ।੨ ।
Follow us on Twitter Facebook Tumblr Reddit Instagram Youtube