ਮਹਲਾ ੨ ॥
ਨਾਨਕ ਪਰਖੇ ਆਪ ਕਉ ਤਾ ਪਾਰਖੁ ਜਾਣੁ ॥
ਰੋਗੁ ਦਾਰੂ ਦੋਵੈ ਬੁਝੈ ਤਾ ਵੈਦੁ ਸੁਜਾਣੁ ॥
ਵਾਟ ਨ ਕਰਈ ਮਾਮਲਾ ਜਾਣੈ ਮਿਹਮਾਣੁ ॥
ਮੂਲੁ ਜਾਣਿ ਗਲਾ ਕਰੇ ਹਾਣਿ ਲਾਏ ਹਾਣੁ ॥
ਲਬਿ ਨ ਚਲਈ ਸਚਿ ਰਹੈ ਸੋ ਵਿਸਟੁ ਪਰਵਾਣੁ ॥
ਸਰੁ ਸੰਧੇ ਆਗਾਸ ਕਉ ਕਿਉ ਪਹੁਚੈ ਬਾਣੁ ॥
ਅਗੈ ਓਹੁ ਅਗੰਮੁ ਹੈ ਵਾਹੇਦੜੁ ਜਾਣੁ ॥੨॥

Sahib Singh
ਸੁਜਾਣੁ = ਸਿਆਣਾ ।
ਮਾਮਲਾ = ਝੰਬੇਲਾ, ਝੇੜਾ ।
ਵਾਟ = ਰਾਹ ਵਿਚ ।
ਮੂਲੁ = ਅਸਲਾ ।
ਲਬਿ = ਲੱਬ ਨਾਲ, ਲੱਬ ਦੇ ਆਸਰੇ ।
ਵਿਸਟੁ = ਵਿਚੋਲਾ ।
ਪਰਵਾਣੁ = ਮੰਨਿਆ ਪ੍ਰਮੰਨਿਆ ।
ਸਰੁ = ਤੀਰੁ ।
ਸੰਧੈ = ਚਲਾਏ ।
ਬਾਣੁ = ਤੀਰ ।
ਅੰਗਮੁ = ਜਿਸ ਤਕ ਪਹੁੰਚਿਆ ਨਾਹ ਜਾ ਸਕੇ ।
ਵਾਹੇਦੜੁ = ਤੀਰ ਵਾਹਣ ਵਾਲਾ ।
ਹਾਣੁ = ਉਮਰ, ਜ਼ਿੰਦਗੀ ਦਾ ਸਮਾ ।
ਹਾਣਿ = ਹਾਣੀ, ਹਮ = ਉਮਰ, ਆਪਣੇ ਸੁਭਾਉ ਵਾਲੇ, ਸਤ-ਸੰਗੀ ।
    
Sahib Singh
ਹੇ ਨਾਨਕ! (ਦੂਜਿਆਂ ਦੀ ਪੜਚੋਲ ਕਰਨ ਦੇ ਥਾਂ) ਜੇ ਮਨੁੱਖ ਆਪਣੇ ਆਪ ਨੂੰ ਪਰਖੇ, ਤਾਂ ਉਸ ਨੂੰ (ਅਸਲ) ਪਾਰਖੂ ਸਮਝੋ, (ਦੂਜਿਆਂ ਦੇ ਵਿਕਾਰ-ਰੂਪ ਰੋਗ ਲੱਭਣ ਦੇ ਥਾਂ) ਜੇ ਮਨੁੱਖ ਆਪਣਾ (ਆਤਮਕ) ਰੋਗ ਤੇ ਰੋਗ ਦਾ ਇਲਾਜ ਦੋਵੇਂ ਸਮਝ ਲਏ ਤਾਂ ਉਸ ਨੂੰ ਸਿਆਣਾ ਹਕੀਮ ਜਾਣ ਲਵੋ ।
(ਇਹੋ ਜਿਹਾ ‘ਸੁਜਾਣ ਵੈਦ’) (ਜ਼ਿੰਦਗੀ ਦੇ) ਰਾਹ ਵਿਚ (ਹੋਰਨਾਂ ਨਾਲ) ਝੇੜੇ ਨਹੀਂ ਪਾ ਬੈਠਦਾ, ਉਹ (ਆਪਣੇ ਆਪ ਨੂੰ ਜਗਤ ਵਿਚ) ਮੁਸਾਫ਼ਿਰ ਜਾਣਦਾ ਹੈ, (ਆਪਣੇ) ਅਸਲੇ (ਪ੍ਰਭੂ) ਨਾਲ ਡੂੰਘੀ ਸਾਂਝ ਪਾ ਕੇ, ਜੋ ਭੀ ਗੱਲ ਕਰਦਾ ਹੈ ਆਪਣਾ ਸਮਾ ਸਤ-ਸੰਗੀਆਂ ਨਾਲ (ਮਿਲ ਕੇ) ਗੁਜ਼ਾਰਦਾ ਹੈ ।
ਉਹ ਮਨੁੱਖ ਲੱਬ ਦੇ ਆਸਰੇ ਨਹੀਂ ਤੁਰਦਾ, ਸੱਚ ਵਿਚ ਟਿਕਿਆ ਰਹਿੰਦਾ ਹੈ (ਐਸਾ ਮਨੁੱਖ ਆਪ ਤਾਂ ਤੁਰਦਾ ਹੀ ਹੈ, ਹੋਰਨਾਂ ਲਈ ਭੀ) ਪਰਮਾਣੀਕ ਵਿਚੋਲਾ ਬਣ ਜਾਂਦਾ ਹੈ ।
(ਪਰ ਜੇ ਆਪ ਹੋਵੇ ਮਨਮੁਖ ਤੇ ਅੜੇ ਗੁਰਮੁਖਾਂ ਨਾਲ, ਉਹ ਇਉਂ ਹੀ ਹੈ ਜਿਵੇਂ ਆਕਾਸ਼ ਨੂੰ ਤੀਰ ਮਾਰਦਾ ਹੈ) ਜੋ ਮਨੁੱਖ ਆਕਾਸ਼ ਵਲ ਤੀਰ ਚਲਾਂਦਾ ਹੈ, (ਉਸ ਦਾ) ਤੀਰ ਕਿਵੇਂ (ਨਿਸ਼ਾਨੇ ਤੇ) ਅੱਪੜੇ ?
ਉਹ ਆਕਾਸ਼ ਤਾਂ ਅੱਗੋਂ ਅਪਹੁੰਚ ਹੈ, ਸੋ, (ਯਕੀਨ) ਜਾਣੋ ਕਿ ਤੀਰ ਚਲਾਣ ਵਾਲਾ ਹੀ (ਵਿੰਨਿ੍ਹਆ ਜਾਂਦਾ ਹੈ) ।੨ ।
Follow us on Twitter Facebook Tumblr Reddit Instagram Youtube