ਮਃ ੧ ॥
ਸੁਇਨੇ ਕਾ ਬਿਰਖੁ ਪਤ ਪਰਵਾਲਾ ਫੁਲ ਜਵੇਹਰ ਲਾਲ ॥
ਤਿਤੁ ਫਲ ਰਤਨ ਲਗਹਿ ਮੁਖਿ ਭਾਖਿਤ ਹਿਰਦੈ ਰਿਦੈ ਨਿਹਾਲੁ ॥
ਨਾਨਕ ਕਰਮੁ ਹੋਵੈ ਮੁਖਿ ਮਸਤਕਿ ਲਿਖਿਆ ਹੋਵੈ ਲੇਖੁ ॥
ਅਠਿਸਠਿ ਤੀਰਥ ਗੁਰ ਕੀ ਚਰਣੀ ਪੂਜੈ ਸਦਾ ਵਿਸੇਖੁ ॥
ਹੰਸੁ ਹੇਤੁ ਲੋਭੁ ਕੋਪੁ ਚਾਰੇ ਨਦੀਆ ਅਗਿ ॥
ਪਵਹਿ ਦਝਹਿ ਨਾਨਕਾ ਤਰੀਐ ਕਰਮੀ ਲਗਿ ॥੨॥

Sahib Singh
ਬਿਰਖੁ = ਰੁੱਖ ।
ਪਤ = ਪੱਤਰ ।
ਪਰਵਾਲਾ = ਮੂੰਗਾ (ਗੁਰੂ ਦੇ ਬਚਨ) ।
ਤਿਤੁ = ਉਸ (ਗੁਰੂ = ਰੂਪ) ਰੁੱਖ ਨੂੰ ।
ਮੁਖਿ ਭਾਖਿਤ = ਮੂੰਹੋਂ ਉਚਾਰੇ ਹੋਏ ਬਚਨ ।
ਨਿਹਾਲੁ = ਪ੍ਰਸੰਨ ।
ਕਰਮੁ = ਬਖ਼ਸ਼ਸ਼ ।
ਮੁਖਿ = ਮੂੰਹ ਤੇ ।
ਮਸਤਕਿ = ਮੱਥੇ ਤੇ ।
ਅਠਸਠਿ = ਅਠਾਹਠ ।
ਵਿਸੇਖੁ = ਵਿਸ਼ੇਸ਼, ਵਧੀਆ ।
ਹੰਸੁ = ਨਿਰਦਇਤਾ ।
ਹੇਤੁ = ਮੋਹੁ ।
ਕੋਪੁ = ਗੁੱਸਾ ।
ਦਝਹਿ = ਸੜਦੇ ਹਨ ।
ਕਰਮੀ = ਬਖ਼ਸ਼ਸ਼ ਦੁਆਰਾ ।
ਲਗਿ = (ਚਰਨੀਂ) ਲੱਗ ਕੇ ।
    
Sahib Singh
(ਗੁਰੂ, ਮਾਨੋ,) ਸੋਨੇ ਦਾ ਰੁੱਖ ਹੈ; ਮੋਂਗਾ (ਸ੍ਰੇਸ਼ਟ ਬਚਨ) ਉਸ ਦੇ ਪੱਤਰ ਹਨ, ਲਾਲ ਜਵਾਹਰ (ਗੁਰੂ-ਵਾਕ) ਉਸ ਦੇ ਫੁੱਲ ਹਨ, ਉਸ (ਗੁਰੂ) ਰੁੱਖ ਨੂੰ ਮੂੰਹੋਂ ਉਚਾਰੇ ਹੋਏ (ਸ੍ਰੇਸ਼ਟ ਬਚਨ-ਰੂਪ) ਫਲ ਲੱਗਦੇ ਹਨ, (ਗੁਰੂ) ਆਪਣੇ ਹਿਰਦੇ ਵਿਚ ਸਦਾ ਖਿੜਿਆ ਰਹਿੰਦਾ ਹੈ ।
ਹੇ ਨਾਨਕ! ਜਿਸ ਮਨੁੱਖ ਉੱਤੇ ਪ੍ਰਭੂ ਦੀ ਮਿਹਰ ਹੋਵੇ, ਜਿਸ ਦੇ ਮੂੰਹ ਮੱਥੇ ਤੇ ਭਾਗ ਹੋਵੇ, ਉਹ ਗੁਰੂ ਦੀ ਚਰਨੀਂ ਲੱਗ ਕੇ (ਗੁਰੂ ਦੇ ਚਰਨਾਂ ਨੂੰ) ਅਠਾਹਠ ਤੀਰਥਾਂ ਨਾਲੋਂ ਵਿਸ਼ੇਸ਼ ਜਾਣ ਕੇ (ਗੁਰੂ-ਚਰਨਾਂ ਨੂੰ) ਪੂਜਦਾ ਹੈ ।
ਨਿਰਦਇਤਾ, ਮੋਹ, ਲੋਭ ਤੇ ਕ੍ਰੋਧ—ਇਹ ਚਾਰੇ ਅੱਗ ਦੀਆਂ ਨਦੀਆਂ (ਜਗਤ ਵਿਚ ਚੱਲ ਰਹੀਆਂ) ਹਨ, ਜੋ ਜੋ ਮਨੁੱਖ ਇਹਨਾਂ ਨਦੀਆਂ ਵਿਚ ਵੜਦੇ ਹਨ ਸੜ ਜਾਂਦੇ ਹਨ, ਹੇ ਨਾਨਕ! ਪ੍ਰਭੂ ਦੀ ਮਿਹਰ ਨਾਲ (ਗੁਰੂ ਦੇ ਚਰਨੀਂ) ਲੱਗ ਕੇ (ਇਹਨਾਂ ਨਦੀਆਂ ਤੋਂ) ਪਾਰ ਲੰਘੀਦਾ ਹੈ ।੨ ।
Follow us on Twitter Facebook Tumblr Reddit Instagram Youtube