ਪਉੜੀ ॥
ਵਿਣੁ ਸਚੇ ਸਭੁ ਕੂੜੁ ਕੂੜੁ ਕਮਾਈਐ ॥
ਵਿਣੁ ਸਚੇ ਕੂੜਿਆਰੁ ਬੰਨਿ ਚਲਾਈਐ ॥
ਵਿਣੁ ਸਚੇ ਤਨੁ ਛਾਰੁ ਛਾਰੁ ਰਲਾਈਐ ॥
ਵਿਣੁ ਸਚੇ ਸਭ ਭੁਖ ਜਿ ਪੈਝੈ ਖਾਈਐ ॥
ਵਿਣੁ ਸਚੇ ਦਰਬਾਰੁ ਕੂੜਿ ਨ ਪਾਈਐ ॥
ਕੂੜੈ ਲਾਲਚਿ ਲਗਿ ਮਹਲੁ ਖੁਆਈਐ ॥
ਸਭੁ ਜਗੁ ਠਗਿਓ ਠਗਿ ਆਈਐ ਜਾਈਐ ॥
ਤਨ ਮਹਿ ਤ੍ਰਿਸਨਾ ਅਗਿ ਸਬਦਿ ਬੁਝਾਈਐ ॥੧੯॥

Sahib Singh
ਵਿਣੁ ਸਚੇ = ਸਦਾ = ਥਿਰ ਰਹਿਣ ਵਾਲੇ ਤੋਂ ਬਿਨਾ, ਜੇ ਪ੍ਰਭੂ ਨੂੰ ਵਿਸਾਰ ਦੇਈਏ, ਪ੍ਰਭੂ ਨੂੰ ਵਿਸਾਰਿਆਂ ।
ਕੂੜਿਆਰ = ਕੂੜ ਦਾ ਵਪਾਰੀ ।
ਬੰਨਿ = ਬੰਨ੍ਹ ਕੇ, ਜਕੜ ਕੇ ।
ਛਾਰੁ = ਮਿੱਟੀ, ਸੁਆਹ ।
ਛਾਰੁ ਰਲਾਈਐ = ਮਿੱਟੀ ਵਿਚ ਰਲ ਜਾਂਦਾ ਹੈ, {ਲਫ਼ਜ਼ ‘ਛਾਰੁ’ ਸਦਾ ੁ -ਅੰਤ ਹੁੰਦਾ ਹੈ, ਅਧਿਕਰਣ ਆਦਿਕ ਕਾਰਕਾਂ ਵਿਚ ਭੀ ਇਹੀ ਰੂਪ ਰਹਿੰਦਾ ਹੈ, ਵੇਖੋ ‘ਗੁਰਬਾਣੀ ਵਿਆਕਰਣ’} ।
ਮਹਲੁ = ਪ੍ਰਭੂ ਦੇ ਰਹਿਣ ਦੀ ਥਾਂ ।
ਖੁਆਈਐ = ਖੁੰਝਾ ਲਈਦਾ ਹੈ, ਗਵਾ ਲਈਦਾ ਹੈ ।
ਠਗਿ = ਠੱਗ ਨੇ, ਕੂੜ = ਰੂਪ ਠੱਗ ਨੇ ।
ਅਗਿ = ਅੱਗ {ਇਸ ਲਫ਼ਜ਼ ਦਾ ਜੋੜ ਸਦਾ -ਿਅੰਤ ਹੈ} ।
    
Sahib Singh
ਜੇ ਪ੍ਰਭੂ ਦਾ ਨਾਮ ਵਿਸਾਰ ਦੇਈਏ, ਤਾਂ ਬਾਕੀ ਸਭ ਕੁਝ ਕੂੜ ਹੀ ਕਮਾਈਦਾ ਹੈ, (ਇਸ ਕੂੜ ਵਿਚ ਮਨ ਇਤਨਾ ਗੱਡਿਆ ਜਾਂਦਾ ਹੈ ਕਿ) ਨਾਮ ਤੋਂ ਖੁੰਝੇ ਹੋਏ ਕੂੜ ਦੇ ਵਪਾਰੀ ਨੂੰ ਮਾਇਆ ਦੇ ਬੰਧਨ ਜਕੜ ਕੇ ਭਟਕਾਉਂਦੇ ਫਿਰਦੇ ਹਨ ।
(ਇਸ ਦਾ) ਇਹ ਨਕਾਰਾ ਸਰੀਰ ਮਿੱਟੀ ਵਿਚ ਹੀ ਰੁਲ ਜਾਂਦਾ ਹੈ (ਭਾਵ, ਐਵੇਂ ਅਜ਼ਾਈਂ ਚਲਾ ਜਾਂਦਾ ਹੈ), ਜੋ ਕੁਝ ਖਾਂਦਾ ਪਹਿਨਦਾ ਹੈ ਉਹ ਸਗੋਂ ਹੋਰ ਤ੍ਰਿਸ਼ਨਾ ਵਧਾਂਦਾ ਹੈ ।
ਪ੍ਰਭੂ ਦਾ ਨਾਮ ਵਿਸਾਰ ਕੇ ਝੂਠ ਵਿਚ ਲੱਗਿਆਂ ਪ੍ਰਭੂ ਦਾ ਦਰਬਾਰ ਪ੍ਰਾਪਤ ਨਹੀਂ ਹੁੰਦਾ ।
ਕੂੜੇ ਲਾਲਚ ਵਿਚ ਫਸ ਕੇ ਪ੍ਰਭੂ ਦਾ ਦਰ ਗਵਾ ਲਈਦਾ ਹੈ (ਤੇ ਇਸ ਕਰ ਕੇ ਇਹ ਜਗਤ) ਜਨਮ ਮਰਨ ਦੇ ਗੇੜ ਵਿਚ ਪਿਆ ਹੋਇਆ ਹੈ ।
(ਮਨੁੱਖਾ) ਸਰੀਰ ਵਿਚ ਇਹ (ਜੋ) ਤ੍ਰਿਸ਼ਨਾ ਦੀ ਅੱਗ ਹੈ, ਇਹ ਕੇਵਲ ਗੁਰੂ ਦੇ ਸ਼ਬਦ ਦੀ ਰਾਹੀਂ ਹੀ ਬੁੱਝ ਸਕਦੀ ਹੈ ।੧੯ ।
Follow us on Twitter Facebook Tumblr Reddit Instagram Youtube