ਸਲੋਕੁ ਮਃ ੧ ॥
ਪਹਿਰਾ ਅਗਨਿ ਹਿਵੈ ਘਰੁ ਬਾਧਾ ਭੋਜਨੁ ਸਾਰੁ ਕਰਾਈ ॥
ਸਗਲੇ ਦੂਖ ਪਾਣੀ ਕਰਿ ਪੀਵਾ ਧਰਤੀ ਹਾਕ ਚਲਾਈ ॥
ਧਰਿ ਤਾਰਾਜੀ ਅੰਬਰੁ ਤੋਲੀ ਪਿਛੈ ਟੰਕੁ ਚੜਾਈ ॥
ਏਵਡੁ ਵਧਾ ਮਾਵਾ ਨਾਹੀ ਸਭਸੈ ਨਥਿ ਚਲਾਈ ॥
ਏਤਾ ਤਾਣੁ ਹੋਵੈ ਮਨ ਅੰਦਰਿ ਕਰੀ ਭਿ ਆਖਿ ਕਰਾਈ ॥
ਜੇਵਡੁ ਸਾਹਿਬੁ ਤੇਵਡ ਦਾਤੀ ਦੇ ਦੇ ਕਰੇ ਰਜਾਈ ॥
ਨਾਨਕ ਨਦਰਿ ਕਰੇ ਜਿਸੁ ਉਪਰਿ ਸਚਿ ਨਾਮਿ ਵਡਿਆਈ ॥੧॥

Sahib Singh
ਹਿਵੈ = ਹਿਮ, ਬਰਫ਼ ਵਿਚ ।
ਬਾਧਾ = ਬਾਧਾਂ, ਬੰਨ੍ਹ ਲਵਾਂ, ਬਣਾ ਲਵਾਂ ।
ਸਾਰੁ = ਲੋਹਾ ।
ਪਾਣੀ ਕਰਿ = ਪਾਣੀ ਕਰ ਕੇ, ਪਾਣੀ ਵਾਂਗ, (ਭਾਵ,) ਬੜੇ ਸੌਖ ਨਾਲ ।
ਹਾਕ = ਆਵਾਜ਼, (ਭਾਵ, ਹੁਕਮ) ।
    {ਲਫ਼ਜ਼ ‘ਹਾਕ’ ਦਾ ਅਰਥ ‘ਹਿੱਕ ਕੇ’ ਕਰਨਾ ਗ਼ਲਤ ਹੈ, ਇਸ ਹਾਲਤ ਵਿਚ ਇਸ ਦਾ ਜੋੜ ‘ਹਾਕਿ’ ਚਾਹੀਦਾ ਹੈ, ਜਿਵੇਂ ‘ਕਰਿ’ ਕਰ ਕੇ, ਨਥਿ-ਨੱਥ ਕੇ, ਆਖਿ—ਆਖ ਕੇ} ਤਾਰਾਜੀ—ਤਰਾਜੂ ।
ਅੰਬਰੁ = ਆਕਾਸ਼ ।
ਟੰਕੁ = ਚਾਰ ਮਾਸੇ ਦਾ ਤੋਲ ।
ਮਾਵਾ = ਮਾਵਾਂ, ਸਮਾ ਸਕਾਂ ।
ਰਜਾਈ = ਰਜ਼ਾ ਦਾ ਮਾਲਕ ਪ੍ਰਭੂ ।
ਦੇ ਦੇ ਕਰੇ = ਦਾਤਾਂ ਦੇ ਦੇ ਕੇ ਹੋਰ ਦਾਤਾਂ ਦੇਵੇ ।
    
Sahib Singh
ਜੇ ਮੈਂ ਅੱਗ (ਭੀ) ਪਹਿਨ ਲਵਾਂ, (ਜਾਂ) ਬਰਫ਼ ਵਿਚ ਘਰ ਬਣਾ ਲਵਾਂ (ਭਾਵ, ਜੇ ਮੇਰੇ ਮਨ ਵਿਚ ਇਤਨੀ ਤਾਕਤ ਆ ਜਾਏ ਕਿ ਅੱਗ ਵਿਚ ਤੇ ਬਰਫ਼ ਵਿਚ ਬੈਠ ਸਕਾਂ) ਲੋਹੇ ਨੂੰ ਭੋਜਨ ਬਣਾ ਲਵਾਂ (ਲੋਹਾ ਖਾ ਸਕਾਂ), ਜੇ ਮੈਂ ਸਾਰੇ ਹੀ ਦੁੱਖ ਬੜੇ ਸੌਖ ਨਾਲ ਸਹਾਰ ਸਕਾਂ, ਸਾਰੀ ਧਰਤੀ ਨੂੰ ਆਪਣੇ ਹੁਕਮ ਵਿਚ ਤੋਰ ਸਕਾਂ, ਜੇ ਮੈਂ ਸਾਰੇ ਅਸਮਾਨ ਨੂੰ ਤੱਕੜੀ ਵਿਚ ਰੱਖ ਕੇ ਤੇ ਪਿਛਲੇ ਛਾਬੇ ਵਿਚ ਚਾਰ ਮਾਸੇ ਦਾ ਵੱਟਾ ਪਾ ਕੇ ਤੋਲ ਸਕਾਂ, ਜੇ ਮੈਂ ਆਪਣੇ ਸਰੀਰ ਨੂੰ ਇਤਨਾ ਵਧਾ ਸਕਾਂ ਕਿ ਕਿਤੇ ਸਮਾ ਹੀ ਨ ਸਕਾਂ, ਸਾਰੇ ਜੀਵਾਂ ਨੂੰ ਨੱਥ ਕੇ ਤੋਰਾਂ (ਭਾਵ, ਆਪਣੇ ਹੁਕਮ ਵਿਚ ਚਲਾਵਾਂ) ਜੇ ਮੇਰੇ ਮਨ ਵਿਚ ਇਤਨਾ ਬਲ ਹੋ ਜਾਏ, ਕਿ ਜੋ ਚਾਹੇ ਕਰਾਂ ਤੇ ਆਖ ਕੇ ਹੋਰਨਾਂ ਪਾਸੋਂ ਕਰਾਵਾਂ (ਤਾਂ ਭੀ ਇਹ ਸਭ ਕੁਝ ਤੁੱਛ ਹੈ), ਖਸਮ ਪ੍ਰਭੂ ਜੇਡਾ ਵੱਡਾ ਆਪ ਹੈ ਉਤਨੀਆਂ ਹੀ ਉਸ ਦੀਆਂ ਬਖ਼ਸ਼ਸ਼ਾਂ ਹਨ, ਜੇ ਰਜ਼ਾ ਦਾ ਮਾਲਕ ਸਾਈਂ ਹੋਰ ਭੀ ਬੇਅੰਤ (ਤਾਕਤਾਂ ਦੀਆਂ) ਦਾਤਾਂ ਮੈਨੂੰ ਦੇ ਦੇਵੇ, (ਤਾਂ ਭੀ ਇਹ ਤੁੱਛ ਹਨ) ।
(ਅਸਲ ਗੱਲ) ਹੇ ਨਾਨਕ! (ਇਹ ਹੈ ਕਿ) ਜਿਸ ਬੰਦੇ ਉਤੇ ਮਿਹਰ ਦੀ ਨਜ਼ਰ ਕਰਦਾ ਹੈ, ਉਸ ਨੂੰ (ਆਪਣੇ) ਸੱਚੇ ਨਾਮ ਦੀ ਰਾਹੀਂ ਵਡਿਆਈ ਬਖ਼ਸ਼ਦਾ ਹੈ (ਭਾਵ, ਇਹਨਾਂ ਮਾਨਸਕ ਤਾਕਤਾਂ ਨਾਲੋਂ ਵਧ ਕੇ ਨਾਮ ਦੀ ਬਰਕਤਿ ਹੈ) ।੧ ।
Follow us on Twitter Facebook Tumblr Reddit Instagram Youtube