ਮਃ ੨ ॥
ਪਉਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥
ਦਿਨਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ ॥
ਚੰਗਿਆਈਆ ਬੁਰਿਆਈਆ ਵਾਚੇ ਧਰਮੁ ਹਦੂਰਿ ॥
ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ ॥
ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ ॥
ਨਾਨਕ ਤੇ ਮੁਖ ਉਜਲੇ ਹੋਰ ਕੇਤੀ ਛੁਟੀ ਨਾਲਿ ॥੨॥

Sahib Singh
ਨੋਟ: = ਇਹ ਸਲੋਕ ‘ਜਪੁ ਜੀ’ ਦੇ ਅਖ਼ੀਰ ਵਿਚ ਆ ਚੁਕਿਆ ਹੈ} ।
ਹਦੂਰਿ = ਆਪਣੇ ਸਾਹਮਣੇ, (ਭਾਵ, ਬੜੇ ਗਹੁ ਨਾਲ) ।
    
Sahib Singh
ਹਵਾ (ਜੀਵਾਂ ਦਾ, ਮਾਨੋ) ਗੁਰੂ ਹੈ (ਭਾਵ, ਹਵਾ ਸਰੀਰਾਂ ਲਈ ਇਉਂ ਹੈ, ਜਿਵੇਂ ਗੁਰੂ ਜੀਵਾਂ ਦੇ ਆਤਮਾ ਲਈ ਹੈ), ਪਾਣੀ (ਸਭ ਜੀਵਾਂ ਦਾ) ਪਿਉ ਹੈ, ਅਤੇ ਧਰਤੀ (ਸਭ ਦੀ) ਵੱਡੀ ਮਾਂ ਹੈ ।
ਦਿਨ ਅਤੇ ਰਾਤ ਖਿਡਾਵਾ ਤੇ ਖਿਡਾਵੀ ਹਨ, (ਇਹਨਾਂ ਨਾਲ) ਸਾਰਾ ਸੰਸਾਰ ਖੇਡ ਰਿਹਾ ਹੈ (ਭਾਵ, ਸੰਸਾਰ ਦੇ ਸਾਰੇ ਜੀਵ ਰਾਤ ਨੂੰ ਸਉਣ ਵਿਚ ਤੇ ਦਿਨੇ ਕਾਰ-ਵਿਹਾਰ ਵਿਚ ਪਰਚੇ ਪਏ ਹਨ) ।
ਧਰਮਰਾਜ ਬੜੇ ਗਹੁ ਨਾਲ (ਇਹਨਾਂ ਦੇ) ਕੀਤੇ ਹੋਏ ਚੰਗੇ ਤੇ ਮੰਦੇ ਕੰਮ (ਨਿੱਤ) ਵਿਚਾਰਦਾ ਹੈ ।
ਤੇ, ਆਪੋ ਆਪਣੇ (ਇਹਨਾਂ ਕੀਤੇ ਹੋਏ) ਕਰਮਾਂ ਦੇ ਅਨੁਸਾਰ ਕਈ ਜੀਵ ਅਕਾਲ ਪੁਰਖ ਦੇ ਨੇੜੇ ਹੁੰਦੇ ਜਾ ਰਹੇ ਹਨ, ਤੇ ਕਈ ਉਸ ਤੋਂ ਦੂਰ ਹੁੰਦੇ ਜਾ ਰਹੇ ਹਨ ।
ਹੇ ਨਾਨਕ! ਜਿਨ੍ਹਾਂ ਮਨੁੱਖਾਂ ਨੇ ਅਕਾਲ ਪੁਰਖ ਦਾ ਨਾਮ ਸਿਮਰਿਆ ਹੈ, ਉਹ ਆਪਣੀ ਮਿਹਨਤ ਸਫਲੀ ਕਰ ਗਏ ਹਨ, (ਪ੍ਰਭੂ ਦੇ ਦਰ ਤੇ) ਉਹ ਸੁਰਖ਼ਰੂ ਹਨ, ਹੋਰ ਬਥੇਰੀ ਲੁਕਾਈ ਭੀ ਉਹਨਾਂ ਦੀ ਸੰਗਤਿ ਵਿਚ ਰਹਿ ਕੇ ਮੁਕਤ ਹੋ ਜਾਂਦੀ ਹੈ ।੨ ।
Follow us on Twitter Facebook Tumblr Reddit Instagram Youtube