ਪਉੜੀ ॥
ਜਾ ਤੂੰ ਤਾ ਕਿਆ ਹੋਰਿ ਮੈ ਸਚੁ ਸੁਣਾਈਐ ॥
ਮੁਠੀ ਧੰਧੈ ਚੋਰਿ ਮਹਲੁ ਨ ਪਾਈਐ ॥
ਏਨੈ ਚਿਤਿ ਕਠੋਰਿ ਸੇਵ ਗਵਾਈਐ ॥
ਜਿਤੁ ਘਟਿ ਸਚੁ ਨ ਪਾਇ ਸੁ ਭੰਨਿ ਘੜਾਈਐ ॥
ਕਿਉ ਕਰਿ ਪੂਰੈ ਵਟਿ ਤੋਲਿ ਤੁਲਾਈਐ ॥
ਕੋਇ ਨ ਆਖੈ ਘਟਿ ਹਉਮੈ ਜਾਈਐ ॥
ਲਈਅਨਿ ਖਰੇ ਪਰਖਿ ਦਰਿ ਬੀਨਾਈਐ ॥
ਸਉਦਾ ਇਕਤੁ ਹਟਿ ਪੂਰੈ ਗੁਰਿ ਪਾਈਐ ॥੧੭॥

Sahib Singh
ਕਿਆ ਹੋਰਿ = ਹੋਰ ਜੀਵ ਕੀਹ ਹਨ ?
    ਮੈਨੂੰ ਕਿਸੇ ਦੀ ਮੁਥਾਜੀ ਨਹੀਂ ।
ਧੰਧੈ ਚੋਰਿ = ਧੰਧੇ = ਰੂਪ ਚੋਰ ਨੇ ।
ੲੈਨੇ = ਏਸ ਨੇ ।
ਚਿਤਿ ਕਠੋਰਿ = ਕਠੋਰ ਚਿੱਤ ਦੇ ਕਾਰਨ ।
ਜਿਤੁ ਘਟਿ = ਜਿਸ ਸਰੀਰ ਵਿਚ ।
ਭੰਨਿ ਘੜਾਈਐ = ਭੱਜਦਾ ਘੜੀਦਾ ਰਹਿੰਦਾ ਹੈ ।
ਪੂਰੈ ਵਟਿ = ਪੂਰੇ ਵੱਟੇ ਨਾਲ ।
ਤੁਲਾਈਐ = ਤੁਲ ਸਕੇ, ਪੂਰਾ ਉਤਰ ਸਕੇ ।
ਜਾਈਐ = ਜੇ ਚਲੀ ਜਾਏ ।
ਲਈਅਨਿ ਪਰਖਿ = ਪਰਖ ਲਏ ਜਾਂਦੇ ਹਨ ।
ਦਰਿ ਬੀਨਾਈਐ = ਬੀਨਾਈ ਵਾਲੇ ਦੇ ਦਰ ਤੇ, ਸਿਆਣੇ ਪ੍ਰਭੂ ਦੇ ਦਰ ਤੇ ।
    
Sahib Singh
(ਹੇ ਪ੍ਰਭੂ!) ਮੈਂ ਸੱਚ ਕਹਿੰਦਾ ਹਾਂ ਕਿ ਜਦੋਂ ਤੂੰ (ਮੇਰਾ ਰਾਖਾ) ਹੈਂ ਤਾਂ ਮੈਨੂੰ ਕਿਸੇ ਹੋਰ ਦੀ ਮੁਥਾਜੀ ਨਹੀਂ ।
ਪਰ ਜਿਸ (ਜੀਵ-ਇਸਤ੍ਰੀ) ਨੂੰ ਜਗਤ ਦੇ ਧੰਧੇ-ਰੂਪ ਚੋਰ ਨੇ ਮੋਹ ਲਿਆ ਹੈ, ਉਸ ਨੂੰ ਤੇਰਾ ਦਰ (ਮਹਲ) ਲੱਭਦਾ ਨਹੀਂ, ਉਸ ਨੇ ਕਠੋਰ ਚਿੱਤ ਦੇ ਕਾਰਨ (ਆਪਣੀ ਸਾਰੀ) ਮਿਹਨਤ ਵਿਅਰਥ ਗਵਾ ਲਈ ਹੈ ।
ਜਿਸ ਹਿਰਦੇ ਵਿਚ ਸੱਚ ਨਹੀਂ ਵੱਸਿਆ, ਉਹ ਹਿਰਦਾ ਸਦਾ ਭੱਜਦਾ ਘੜੀਂਦਾ ਰਹਿੰਦਾ ਹੈ (ਭਾਵ, ਉਸ ਦਾ ਜਨਮ ਮਰਨ ਦਾ ਚੱਕਰ ਬਣਿਆ ਰਹਿੰਦਾ ਹੈ), (ਜਦੋਂ) ਉਸ ਦੇ ਕੀਤੇ ਕਰਮਾਂ ਦਾ ਲੇਖਾ ਹੋਵੇ) ਪੂਰੇ ਵੱਟੇ ਨਾਲ ਤੋਲ ਵਿਚ ਕਿਵੇਂ ਪੂਰਾ ਉਤਰੇ ?
ਹਾਂ, ਜੇ ਜੀਵ ਦੀ ਹਉਮੈ ਦੂਰ ਹੋ ਜਾਏ, ਤਾਂ ਕੋਈ ਇਸ ਨੂੰ (ਤੋਲੋਂ) ਘੱਟ ਨਹੀਂ ਆਖਦਾ ।
ਖਰੇ ਜੀਵ ਸਿਆਣੇ ਪ੍ਰਭੂ ਦੇ ਦਰ ਤੇ ਪਰਖ ਲਏ ਜਾਂਦੇ ਹਨ, (ਇਹ) ਸਉਦਾ (ਜਿਸ ਨਾਲ ਪ੍ਰਭੂ ਦੇ ਦਰ ਤੇ ਕਬੂਲ ਹੋ ਸਕੀਦਾ ਹੈ) ਇੱਕੋ ਹੀ ਹੱਟੀ ਤੋਂ ਪੂਰੇ ਗੁਰੂ ਤੋਂ ਹੀ ਮਿਲਦਾ ਹੈ ।੧੭ ।
Follow us on Twitter Facebook Tumblr Reddit Instagram Youtube