ਮਃ ੨ ॥
ਸੇਈ ਪੂਰੇ ਸਾਹ ਜਿਨੀ ਪੂਰਾ ਪਾਇਆ ॥
ਅਠੀ ਵੇਪਰਵਾਹ ਰਹਨਿ ਇਕਤੈ ਰੰਗਿ ॥
ਦਰਸਨਿ ਰੂਪਿ ਅਥਾਹ ਵਿਰਲੇ ਪਾਈਅਹਿ ॥
ਕਰਮਿ ਪੂਰੈ ਪੂਰਾ ਗੁਰੂ ਪੂਰਾ ਜਾ ਕਾ ਬੋਲੁ ॥
ਨਾਨਕ ਪੂਰਾ ਜੇ ਕਰੇ ਘਟੈ ਨਾਹੀ ਤੋਲੁ ॥੨॥

Sahib Singh
ਅਠੀ = ਅੱਠੇ ਪਹਰ ।
ਪਾਈਅਹਿ = ਲੱਭਦੇ ਹਨ ।
ਅਥਾਹ ਦਰਸਨਿ ਰੂਪਿ = ਅੱਤ ਡੂੰਘੇ ਪ੍ਰਭੂ ਦੇ ਦਰਸਨ ਵਿਚ ਤੇ ਸਰੂਪ ਵਿਚ (ਜੁੜੇ ਹੋਏ) ।
ਕਰਮਿ = ਬਖ਼ਸ਼ਸ਼ ਨਾਲ ।
    
Sahib Singh
ਜਿਨ੍ਹਾਂ ਮਨੁੱਖਾਂ ਨੂੰ ਪ੍ਰਭੂ ਮਿਲ ਪੈਂਦਾ ਹੈ ਉਹੀ ਪੂਰੇ ਸ਼ਾਹ ਹਨ, ਉਹ ਇੱਕ ਪਰਮਾਤਮਾ ਦੇ ਰੰਗ (ਪਿਆਰ) ਵਿਚ ਅੱਠੇ ਪਹਰ (ਦੁਨੀਆ ਵਲੋਂ) ਬੇ-ਪਰਵਾਹ ਰਹਿੰਦੇ ਹਨ (ਭਾਵ, ਕਿਸੇ ਦੇ ਮੁਥਾਜ ਨਹੀਂ ਹੁੰਦੇ) ।
(ਪਰ ਅਜੇਹੇ ਬੰਦੇ) ਬੜੇ ਘੱਟ ਮਿਲਦੇ ਹਨ, ਜੋ ਅਥਾਹ ਪ੍ਰਭੂ ਦੇ ਦੀਦਾਰ ਵਿਚ ਤੇ ਸਰੂਪ ਵਿਚ (ਹਰ ਵੇਲੇ ਜੁੜੇ ਰਹਿਣ) ।
ਪੂਰੇ ਬੋਲ ਵਾਲਾ ਪੂਰਨ ਗੁਰੂ ਪੂਰੇ ਭਾਗਾਂ ਨਾਲ, ਹੇ ਨਾਨਕ! ਜਿਸ ਮਨੁੱਖ ਨੂੰ ਪੂਰਨ ਬਣਾ ਦੇਂਦਾ ਹੈ, ਉਸ ਦਾ ਤੋਲ ਘਟਦਾ ਨਹੀਂ, (ਭਾਵ, ਰੱਬ ਨਾਲ ਉਸ ਦਾ ਅੱਠੇ ਪਹਰ ਦਾ ਸੰਬੰਧ ਘਟਦਾ ਨਹੀਂ) ।੨ ।

ਨੋਟ: ਇਸ ਸਲੋਕ ਦੇ ਲਫ਼ਜ਼ ਗਹੁ ਨਾਲ ਪਹਿਲੇ ਸਲੋਕ ਦੇ ਲਫ਼ਜ਼ਾਂ ਨਾਲ ਰਲਾ ਕੇ ਵੇਖੋ ।
ਸਾਫ਼ ਪਿਆ ਦਿੱਸਦਾ ਹੈ ਕਿ ਇਹ ਸਲੋਕ ਉਚਾਰਨ ਵੇਲੇ ਗੁਰੂ ਅੰਗਦ ਸਾਹਿਬ ਦੇ ਸਾਹਮਣੇ ਗੁਰੂ ਨਾਨਕ ਦੇਵ ਜੀ ਦਾ ਸ਼ਲੋਕ ਮੌਜੂਦ ਸੀ ।
ਤੇ ਇਹ ਇਕੱਲਾ ਸਲੋਕ ਕਿਉਂ ਹੋਵੇਗਾ ?
ਗੂਰੂ ਨਾਨਕ ਸਾਹਿਬ ਦੀ ਸਾਰੀ ਬਾਣੀ ਉਹਨਾਂ ਪਾਸ ਹੋਵੇਗੀ ।
ਸੋ, ਗੁਰੂ ਅਰਜਨ ਸਾਹਿਬ ਤੋਂ ਪਹਿਲਾਂ ਹੀ ਹਰੇਕ ਗੁਰੂ ਦੇ ਪਾਸ ਆਪਣੇ ਤੋਂ ਪਹਿਲੇ ਗੁਰ-ਵਿਅਕਤੀਆਂ ਦੀ ਸਾਰੀ ਬਾਣੀ ਗੁਰਿਆਈ ਦੇ ਵਿਰਸੇ ਵਿਚ ਚਲੀ ਆ ਰਹੀ ਸੀ ।
(ਵੇਖੋ, ਪੁਸਤਕ ‘ਗੁਰਬਾਣੀ ਅਤੇ ਇਤਿਹਾਸ ਬਾਰੇ’) ।
Follow us on Twitter Facebook Tumblr Reddit Instagram Youtube