ਸਲੋਕੁ ਮਃ ੧ ॥
ਸਬਾਹੀ ਸਾਲਾਹ ਜਿਨੀ ਧਿਆਇਆ ਇਕ ਮਨਿ ॥
ਸੇਈ ਪੂਰੇ ਸਾਹ ਵਖਤੈ ਉਪਰਿ ਲੜਿ ਮੁਏ ॥
ਦੂਜੈ ਬਹੁਤੇ ਰਾਹ ਮਨ ਕੀਆ ਮਤੀ ਖਿੰਡੀਆ ॥
ਬਹੁਤੁ ਪਏ ਅਸਗਾਹ ਗੋਤੇ ਖਾਹਿ ਨ ਨਿਕਲਹਿ ॥
ਤੀਜੈ ਮੁਹੀ ਗਿਰਾਹ ਭੁਖ ਤਿਖਾ ਦੁਇ ਭਉਕੀਆ ॥
ਖਾਧਾ ਹੋਇ ਸੁਆਹ ਭੀ ਖਾਣੇ ਸਿਉ ਦੋਸਤੀ ॥
ਚਉਥੈ ਆਈ ਊਂਘ ਅਖੀ ਮੀਟਿ ਪਵਾਰਿ ਗਇਆ ॥
ਭੀ ਉਠਿ ਰਚਿਓਨੁ ਵਾਦੁ ਸੈ ਵਰ੍ਹਿਆ ਕੀ ਪਿੜ ਬਧੀ ॥
ਸਭੇ ਵੇਲਾ ਵਖਤ ਸਭਿ ਜੇ ਅਠੀ ਭਉ ਹੋਇ ॥
ਨਾਨਕ ਸਾਹਿਬੁ ਮਨਿ ਵਸੈ ਸਚਾ ਨਾਵਣੁ ਹੋਇ ॥੧॥

Sahib Singh
ਸਬਾਹੀ = ਸੁਬਹ ਵੇਲੇ, ਅੰਮਿ੍ਰਤ ਵੇਲੇ ।
ਇਕਿ ਮਨਿ = ਇਕ = ਮਨ ਹੋ ਕੇ ।
ਵਖਤੈ ਉਪਰਿ = ਵੇਲੇ ਸਿਰ ।
ਦੂਜੈ = ਦੂਜੇ ਪਹਰ (ਭਾਵ, ਦਿਨ ਚੜ੍ਹੇ) ।
ਅਸਗਾਹ = ਜਗਤ ਦੇ ਝੰਬੇਲੇ (-ਰੂਪ) ਅਥਾਹ ਸਮੁੰਦਰ ।
ਤੀਜੈ = ਤੀਜੇ ਪਹਿਰ ।
ਮੁਹਿ = ਮੂੰਹ ਵਿਚ ।
ਗਿਰਾਹ = ਗਾਹੀਆਂ, ਰੋਟੀ ।
ਭਉਕੀਆ = ਚਮਕੀਆਂ ।
ਊਂਘ = ਨੀਂਦਰ ।
ਪਵਾਰਿ = ਪਰਲੋਕ ਵਿਚ, (ਭਾਵ,) ਡੂੰਘੀ ਨੀਂਦਰ ਵਿਚ ।
    {ਇਹ ਆਮ ਪ੍ਰਚਲਤ ਹੈ ਕਿ ਕਈ ਵਾਰੀ ਕਿਸੇ ਬੰਦੇ ਦੇ ਪ੍ਰਾਣ ਜਮ ਭੁਲੇਖੇ ਨਾਲ ਲੈ ਜਾਂਦੇ ਹਨ ਤੇ ਫਿਰ ਮੋੜ ਜਾਂਦੇ ਹਨ ।
    ਇਤਨਾਂ ਸਮਾਂ ਉਸ ਬੰਦੇ ਨੂੰੂ ‘ਪਵਾਰਿ ਗਿਆ’ ਆਖੀਦਾ ਹੈ} ।
ਵਾਦੁ = ਝਗੜਾ ।
ਪਿੜ = ਅਖਾੜਾ ।
    
Sahib Singh
ਜੋ ਮਨੁੱਖ ਸਵੇਰੇ ਹੀ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦੇ ਹਨ, ਇਕ-ਮਨ ਹੋ ਕੇ ਪ੍ਰਭੂ ਨੂੰ ਸਿਮਰਦੇ ਹਨ, ਵੇਲੇ-ਸਿਰ (ਭਾਵ, ਅੰਮਿ੍ਰਤ ਵੇਲੇ) ਮਨ ਨਾਲ ਜੰਗ ਕਰਦੇ ਹਨ (ਭਾਵ, ਆਲਸ ਵਿਚੋਂ ਨਿਕਲ ਕੇ ਬੰਦਗੀ ਦਾ ਆਹਰ ਕਰਦੇ ਹਨ), ਉਹੀ ਪੂਰੇ ਸ਼ਾਹ ਹਨ ।
ਦਿਨ-ਚੜ੍ਹੇ ਮਨ ਦੀਆਂ ਵਾਸਨਾਂ ਖਿੱਲਰ ਜਾਂਦੀਆਂ ਹਨ, ਮਨ ਕਈ ਰਾਹੀਂ ਦੌੜਦਾ ਹੈ; ਮਨੁੱਖ ਦੁਨੀਆ ਦੇ ਧੰਧਿਆਂ ਦੇ ਡੂੰਘੇ ਸਮੁੰਦਰ ਵਿਚ ਪੈ ਜਾਂਦੇ ਹਨ, ਇਥੇ ਹੀ ਅਜੇਹੇ ਗੋਤੇ ਖਾਂਦੇ ਹਨ (ਭਾਵ, ਫਸਦੇ ਹਨ) ਕਿ ਨਿਕਲ ਨਹੀਂ ਸਕਦੇ ।
ਤੀਜੇ ਪਹਰ ਭੁੱਖ ਤੇ ਤਿ੍ਰਹ ਦੋਵੇਂ ਚਮਕ ਪੈਂਦੀਆਂ ਹਨ, ਰੋਟੀ ਖਾਣ ਦੇ ਆਹਰੇ (ਜੀਵ) ਲੱਗ ਜਾਂਦੇ ਹਨ, (ਜਦੋਂ) ਜੋ ਕੁੱਝ ਖਾਧਾ ਹੁੰਦਾ ਹੈ ਭਸਮ ਹੋ ਜਾਂਦਾ ਹੈ, ਤਾਂ ਹੋਰ ਖਾਣ ਦੀ ਤਾਂਘ ਪੈਦਾ ਹੁੰਦੀ ਹੈ ।
ਚਉਥੇ ਪਹਰ ਨੀਂਦ ਆ ਦਬਾਂਦੀ ਹੈ, ਅੱਖਾਂ ਮੀਟ ਕੇ ਘੂਕ ਨੀਂਦਰ ਵਿਚ ਸਉਂ ਜਾਂਦਾ ਹੈ; ਨੀਂਦਰੋਂ ਉਠ ਕੇ ਮੁੜ ਜਗਤ ਦੇ ਧੰਧਿਆਂ ਦਾ ਉਹੀ ਝਮੇਲਾ, ਮਾਨੋ, ਮਨੁੱਖ ਨੇ (ਇਥੇ) ਸੈਂਕੜੇ ਵਰਿ੍ਹਆਂ ਦੇ ਜੀਊਣ ਦਾ ਘੋਲ ਮਚਾਇਆ ਹੋਇਆ ਹੈ ।
(ਸੋ, ਅੰਮਿ੍ਰਤ ਵੇਲਾ ਹੀ ਸਿਮਰਨ ਲਈ ਜ਼ਰੂਰੀ ਹੈ, ਪਰ) ਜਦੋਂ (ਅੰਮਿ੍ਰਤ ਵੇਲੇ ਦੇ ਅੱਭਿਆਸ ਨਾਲ) ਅੱਠੇ ਪਹਰ ਪਰਮਾਤਮਾ ਦਾ ਡਰ-ਅਦਬ (ਮਨ ਵਿਚ) ਟਿਕ ਜਾਏ ਤਾਂ ਸਾਰੇ ਵੇਲੇ ਵਕਤਾਂ ਵਿਚ (ਮਨ ਪ੍ਰਭੂ-ਚਰਨਾਂ ਵਿਚ ਜੁੜ ਸਕਦਾ ਹੈ) ।
(ਇਸ ਤ੍ਰਹਾਂ) ਹੇ ਨਾਨਕ! (ਜੇ ਅੱਠੇ ਪਹਰ) ਮਾਲਕ ਮਨ ਵਿਚ ਵੱਸਿਆ ਰਹੇ, ਤਾਂ ਸਦਾ ਟਿਕੇ ਰਹਿਣ ਵਾਲਾ (ਆਤਮਕ) ਇਸ਼ਨਾਨ ਪ੍ਰਾਪਤ ਹੁੰਦਾ ਹੈ ।੧ ।
Follow us on Twitter Facebook Tumblr Reddit Instagram Youtube