ਪਉੜੀ ॥
ਭਗਤਾ ਤੈ ਸੈਸਾਰੀਆ ਜੋੜੁ ਕਦੇ ਨ ਆਇਆ ॥
ਕਰਤਾ ਆਪਿ ਅਭੁਲੁ ਹੈ ਨ ਭੁਲੈ ਕਿਸੈ ਦਾ ਭੁਲਾਇਆ ॥
ਭਗਤ ਆਪੇ ਮੇਲਿਅਨੁ ਜਿਨੀ ਸਚੋ ਸਚੁ ਕਮਾਇਆ ॥
ਸੈਸਾਰੀ ਆਪਿ ਖੁਆਇਅਨੁ ਜਿਨੀ ਕੂੜੁ ਬੋਲਿ ਬੋਲਿ ਬਿਖੁ ਖਾਇਆ ॥
ਚਲਣ ਸਾਰ ਨ ਜਾਣਨੀ ਕਾਮੁ ਕਰੋਧੁ ਵਿਸੁ ਵਧਾਇਆ ॥
ਭਗਤ ਕਰਨਿ ਹਰਿ ਚਾਕਰੀ ਜਿਨੀ ਅਨਦਿਨੁ ਨਾਮੁ ਧਿਆਇਆ ॥
ਦਾਸਨਿ ਦਾਸ ਹੋਇ ਕੈ ਜਿਨੀ ਵਿਚਹੁ ਆਪੁ ਗਵਾਇਆ ॥
ਓਨਾ ਖਸਮੈ ਕੈ ਦਰਿ ਮੁਖ ਉਜਲੇ ਸਚੈ ਸਬਦਿ ਸੁਹਾਇਆ ॥੧੬॥

Sahib Singh
ਮੇਲਿਅਨੁ = ਮੇਲੇ ਹਨ ਉਸ (ਪ੍ਰਭੂ) ਨੇ ।
ਖੁਆਇਅਨੁ = ਖੁੰਝਾਏ ਹਨ ਉਸ ਨੇ ।
ਬਿਖੁ = ਵਿਹੁ ।
ਸਾਰ = ਸਮਝ ।
ਵਿਸੁ = ਵਿਹੁ ।
ਅਨਦਿਨੁ = ਹਰ ਰੋਜ਼, ਹਰ ਵੇਲੇ ।
ਦਾਸਨਿਦਾਸ = ਦਾਸਾਂ ਦੇ ਦਾਸ ।
ਸੁਹਾਇਆ = ਸੋਹਣੇ ਲੱਗਦੇ ਹਨ ।
    
Sahib Singh
(ਜਗਤ ਵਿਚ ਇਹ ਨਿੱਤ ਵੇਖ ਰਹੇ ਹਾਂ ਕਿ) ਭਗਤਾਂ ਤੇ ਦੁਨੀਆਦਾਰਾਂ ਦਾ ਕਦੇ ਜੋੜ ਨਹੀਂ ਬਣਦਾ (ਪਰ, ਜਗਤ-ਰਚਨਾ ਵਿਚ ਪ੍ਰਭੂ ਵਲੋਂ ਇਹ ਕੋਈ ਉਕਾਈ ਨਹੀਂ ਹੈ) ।
ਕਰਤਾਰ ਆਪ ਤਾਂ ਉਕਾਈ ਖਾਣ ਵਾਲਾ ਨਹੀਂ ਹੈ, ਤੇ ਕਿਸੇ ਦਾ ਖੁੰਝਾਇਆ (ਭੀ) ਖੁੰਝਦਾ ਨਹੀਂ (ਇਹ ਉਸ ਦੀ ਆਪਣੀ ਰਜ਼ਾ ਹੈ ਕਿ) ਉਸ ਨੇ ਆਪ ਹੀ ਭਗਤ (ਆਪਣੇ ਚਰਨਾਂ ਵਿਚ) ਜੋੜੇ ਹੋਏ ਹਨ, ਉਹ ਨਿਰੋਲ ਬੰਦਗੀ-ਰੂਪ ਕਾਰ ਕਰਦੇ ਹਨ, ਦੁਨੀਆਦਾਰ ਭੀ ਉਸ ਨੇ ਆਪ ਹੀ ਖੁੰਝਾਏ ਹਨ, ਉਹ ਝੂਠ ਬੋਲ ਬੋਲ ਕੇ (ਆਤਮਕ ਮੌਤ ਦਾ ਮੂਲ) ਵਿਹੁ ਖਾ ਰਹੇ ਹਨ ।
ਉਹਨਾਂ ਨੂੰ ਇਹ ਸਮਝ ਹੀ ਨਹੀਂ ਆਈ, ਕਿ ਇਥੋਂ ਤੁਰ ਭੀ ਜਾਣਾ ਹੈ ।
ਸੋ, ਉਹ ਕਾਮ ਕਰੋਧ-ਰੂਪ ਜ਼ਹਿਰ (ਜ਼ਗਤ ਵਿਚ) ਵਧਾ ਰਹੇ ਹਨ ।
(ਉਸ ਦੀ ਆਪਣੀ ਰਜ਼ਾ ਵਿਚ) ਭਗਤ ਉਸ ਪ੍ਰਭੂ ਦੀ ਬੰਦਗੀ ਕਰ ਰਹੇ ਹਨ, ਉਹ ਹਰ ਵੇਲੇ ਨਾਮ ਸਿਮਰ ਰਹੇ ਹਨ ।
ਜਿਨ੍ਹਾਂ ਮਨੁੱਖਾਂ ਨੇ ਪ੍ਰਭੂ ਦੇ ਸੇਵਕਾਂ ਦਾ ਸੇਵਕ ਬਣ ਕੇ ਆਪਣੇ ਅੰਦਰੋਂ ਹਉਮੈ ਦੂਰ ਕੀਤੀ ਹੈ, ਪ੍ਰਭੂ ਦੇ ਦਰ ਤੇ ਉਹਨਾਂ ਦੇ ਮੂੰਹ ਉਜਲੇ ਹੁੰਦੇ ਹਨ, ਸੱਚੇ ਸ਼ਬਦ ਦੇ ਕਾਰਨ ਉਹ ਪ੍ਰਭੂ-ਦਰ ਤੇ ਸੋਭਾ ਪਾਂਦੇ ਹਨ ।੧੬ ।
Follow us on Twitter Facebook Tumblr Reddit Instagram Youtube