ਸਲੋਕੁ ਮਃ ੧ ॥
ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ ॥
ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ ॥
ਹਉ ਭਾਲਿ ਵਿਕੁੰਨੀ ਹੋਈ ॥
ਆਧੇਰੈ ਰਾਹੁ ਨ ਕੋਈ ॥
ਵਿਚਿ ਹਉਮੈ ਕਰਿ ਦੁਖੁ ਰੋਈ ॥
ਕਹੁ ਨਾਨਕ ਕਿਨਿ ਬਿਧਿ ਗਤਿ ਹੋਈ ॥੧॥

Sahib Singh
ਕਲਿ = ਕਲਜੁਗੀ ਸੁਭਾਉ ।
ਕਾਤੀ = ਛੁਰੀ ।
ਕਾਸਾਈ = ਕਸਾਈ, ਕੁਹਣ ਵਾਲੇ, ਜ਼ਾਲਮ ।
ਪੰਖ = ਖੰਭ ।
ਅਮਾਵਸ = ਹਨੇਰੀ ਰਾਤ ।
ਕਹ = ਕਿਥੇ ?
ਹਉ = ਮੈ ।
ਵਿਕੁੰਨੀ = ਵਿਆਕੁਲ ।
ਦੁਖੁ ਰੋਈ = ਦੁੱਖ ਰੋ ਰਹੀ ਹੈ ।
ਕਿਨਿ ਬਿਧਿ = ਕਿਸ ਤ੍ਰਹਾਂ ?
ਗਤਿ = ਮੁਕਤਿ, ਖ਼ਲਾਸੀ ।
    
Sahib Singh
ਇਹ ਘੋਰ ਕਲ-ਜੁਗੀ ਸੁਭਾਉ (ਮਾਨੋਂ) ਛੁਰੀ ਹੈ (ਜਿਸ ਦੇ ਕਾਰਨ) ਰਾਜੇ ਜ਼ਾਲਮ ਹੋ ਰਹੇ ਹਨ, (ਇਸ ਵਾਸਤੇ) ਧਰਮ ਖੰਭ ਲਾ ਕੇ ਉੱਡ ਗਿਆ ਹੈ ।
ਕੂੜ (ਮਾਨੋ) ਮੱਸਿਆ ਦੀ ਰਾਤ ਹੈ, (ਇਸ ਵਿਚ) ਸੱਚ-ਰੂਪ ਚੰਦ੍ਰਮਾ ਕਿਤੇ ਚੜਿ੍ਹਆ ਦਿੱਸਦਾ ਨਹੀਂ ਹੈ ।
ਮੈਂ ਇਸ ਚੰਦ੍ਰਮਾ ਨੂੰ ਲੱਭ ਲੱਭ ਕੇ ਵਿਆਕੁਲ ਹੋ ਗਈ ਹਾਂ, ਹਨੇਰੇ ਵਿਚ ਕੋਈ ਰਾਹ ਦਿੱਸਦਾ ਨਹੀਂ ।
(ਇਸ ਹਨੇਰੇ) ਵਿਚ (ਸਿ੍ਰਸ਼ਟੀ) ਹਉਮੈ ਦੇ ਕਾਰਨ ਦੁਖੀ ਹੋ ਰਹੀ ਹੈ, ਹੇ ਨਾਨਕ! ਕਿਵੇਂ ਇਸ ਤੋਂ ਖਲਾਸੀ ਹੋਵੇ?।੧ ।
Follow us on Twitter Facebook Tumblr Reddit Instagram Youtube