ਸਲੋਕੁ ਮਃ ੧ ॥
ਤੁਧੁ ਭਾਵੈ ਤਾ ਵਾਵਹਿ ਗਾਵਹਿ ਤੁਧੁ ਭਾਵੈ ਜਲਿ ਨਾਵਹਿ ॥
ਜਾ ਤੁਧੁ ਭਾਵਹਿ ਤਾ ਕਰਹਿ ਬਿਭੂਤਾ ਸਿੰਙੀ ਨਾਦੁ ਵਜਾਵਹਿ ॥
ਜਾ ਤੁਧੁ ਭਾਵੈ ਤਾ ਪੜਹਿ ਕਤੇਬਾ ਮੁਲਾ ਸੇਖ ਕਹਾਵਹਿ ॥
ਜਾ ਤੁਧੁ ਭਾਵੈ ਤਾ ਹੋਵਹਿ ਰਾਜੇ ਰਸ ਕਸ ਬਹੁਤੁ ਕਮਾਵਹਿ ॥
ਜਾ ਤੁਧੁ ਭਾਵੈ ਤੇਗ ਵਗਾਵਹਿ ਸਿਰ ਮੁੰਡੀ ਕਟਿ ਜਾਵਹਿ ॥
ਜਾ ਤੁਧੁ ਭਾਵੈ ਜਾਹਿ ਦਿਸੰਤਰਿ ਸੁਣਿ ਗਲਾ ਘਰਿ ਆਵਹਿ ॥
ਜਾ ਤੁਧੁ ਭਾਵੈ ਨਾਇ ਰਚਾਵਹਿ ਤੁਧੁ ਭਾਣੇ ਤੂੰ ਭਾਵਹਿ ॥
ਨਾਨਕੁ ਏਕ ਕਹੈ ਬੇਨੰਤੀ ਹੋਰਿ ਸਗਲੇ ਕੂੜੁ ਕਮਾਵਹਿ ॥੧॥

Sahib Singh
ਤੁਧੁ ਭਾਵੈ = ਜੇ ਤੇਰੀ ਰਜ਼ਾ ਹੋਵੇ ।
ਵਾਵਹਿ = (ਸਾਜ਼) ਵਜਾਂਦੇ ਹਨ ।
ਜਲਿ = ਪਾਣੀ ਵਿਚ ।
ਬਿਭੂਤਾ = ਸੁਆਹ ।
ਰਸ ਕਸ = ਕਈ ਕਿਸਮ ਦੇ ਸੁਆਦਲੇ ਭੋਜਨ ।
ਮੁੰਡੀ = ਧੌਣ ।
ਦਿਸੰਤਰਿ = ਹੋਰ ਦੇਸ਼ ਵਿਚ ।
ਸੁਣਿ = ਸੁਣ ਕੇ ।
ਨਾਇ = ਨਾਮ ਵਿਚ ।
ਤੁਧੁ ਭਾਣੇ = ਜੋ ਤੇਰੇ ਭਾਣੇ (ਰਜ਼ਾ) ਵਿਚ ਹਨ ।
ਤੂੰ = ਤੈਨੂੰ ।
ਨਾਵਹਿ = ਪਿਆਰੇ ਲੱਗਦੇ ਹਨ ।
    
Sahib Singh
ਜਦੋਂ ਤੇਰੀ ਰਜ਼ਾ ਹੁੰਦੀ ਹੈ (ਭਾਵ, ਇਹ ਤੇਰੀ ਰਜ਼ਾ ਹੈ ਕਿ ਕਈ ਜੀਵ ਸਾਜ਼) ਵਜਾਂਦੇ ਹਨ ਤੇ ਗਾਉਂਦੇ ਹਨ, (ਤੀਰਥਾਂ ਦੇ) ਜਲ ਵਿਚ ਇਸ਼ਨਾਨ ਕਰਦੇ ਹਨ, ਕਈ (ਪਿੰਡੇ ਉਤੇ) ਸੁਆਹ ਮਲਦੇ ਹਨ ਤੇ ਸਿੰ|ੀ ਦਾ ਨਾਦ ਵਜਾਂਦੇ ਹਨ ਕਈ ਜੀਵ ਕੁਰਾਨ ਆਦਿਕ ਧਰਮ ਪੁਸਤਕਾਂ ਪੜ੍ਹਦੇ ਹਨ ਤੇ ਆਪਣੇ ਆਪ ਨੂੰ ਮੁੱਲਾਂ ਤੇ ਸ਼ੇਖ਼ ਅਖਵਾਂਦੇ ਹਨ, ਕੋਈ ਰਾਜੇ ਬਣ ਜਾਂਦੇ ਹਨ ਤੇ ਕਈ ਸੁਆਦਾਂ ਦੇ ਭੋਜਨ ਵਰਤਦੇ ਹਨ, ਕੋਈ ਤਲਵਾਰ ਚਲਾਂਦੇ ਹਨ ਤੇ ਧੌਣ ਨਾਲੋਂ ਸਿਰ ਵੱਢੇ ਜਾਂਦੇ ਹਨ, ਕੋਈ ਪਰਦੇਸ ਜਾਂਦੇ ਹਨ (ਉਧਰ ਦੀਆਂ) ਗੱਲਾਂ ਸੁਣ ਕੇ (ਮੁੜ ਆਪਣੇ) ਘਰ ਆੳਂੁਦੇ ਹਨ ।
(ਹੇ ਪ੍ਰਭੂ! ਇਹ ਭੀ ਤੇਰੀ ਹੀ ਰਜ਼ਾ ਹੈ ਕਿ ਕਈ ਜੀਵ) ਤੇਰੇ ਨਾਮ ਵਿਚ ਜੁੜਦੇ ਹਨ, ਜੋ ਤੇਰੀ ਰਜ਼ਾ ਵਿਚ ਤੁਰਦੇ ਹਨ ਤੈਨੂੰ ਪਿਆਰੇ ਲੱਗਦੇ ਹਨ ।
ਨਾਨਕ ਇਕ ਅਰਜ਼ ਕਰਦਾ ਹੈ (ਕਿ ਰਜ਼ਾ ਵਿਚ ਤੁਰਨ ਤੋਂ ਬਿਨਾ) ਹੋਰ ਸਾਰੇ (ਜਿਨ੍ਹਾਂ ਦਾ ਉਪਰ ਜ਼ਿਕਰ ਕੀਤਾ ਹੈ) ਕੂੜ ਕਮਾ ਰਹੇ ਹਨ (ਭਾਵ, ਉਹ ਸਉਦਾ ਕਰਦੇ ਹਨ ਜੋ ਵਿਅਰਥ ਜਾਂਦਾ ਹੈ ) ।੧ ।
Follow us on Twitter Facebook Tumblr Reddit Instagram Youtube