ਮਃ ੧ ਸਲੋਕੁ ॥
ਮਛੀ ਤਾਰੂ ਕਿਆ ਕਰੇ ਪੰਖੀ ਕਿਆ ਆਕਾਸੁ ॥
ਪਥਰ ਪਾਲਾ ਕਿਆ ਕਰੇ ਖੁਸਰੇ ਕਿਆ ਘਰ ਵਾਸੁ ॥
ਕੁਤੇ ਚੰਦਨੁ ਲਾਈਐ ਭੀ ਸੋ ਕੁਤੀ ਧਾਤੁ ॥
ਬੋਲਾ ਜੇ ਸਮਝਾਈਐ ਪੜੀਅਹਿ ਸਿੰਮ੍ਰਿਤਿ ਪਾਠ ॥
ਅੰਧਾ ਚਾਨਣਿ ਰਖੀਐ ਦੀਵੇ ਬਲਹਿ ਪਚਾਸ ॥
ਚਉਣੇ ਸੁਇਨਾ ਪਾਈਐ ਚੁਣਿ ਚੁਣਿ ਖਾਵੈ ਘਾਸੁ ॥
ਲੋਹਾ ਮਾਰਣਿ ਪਾਈਐ ਢਹੈ ਨ ਹੋਇ ਕਪਾਸ ॥
ਨਾਨਕ ਮੂਰਖ ਏਹਿ ਗੁਣ ਬੋਲੇ ਸਦਾ ਵਿਣਾਸੁ ॥੧॥

Sahib Singh
    ਤਾਰੂ ਤਾਰੂ ਪਾਣੀ, ਬਹੁਤ ਡੂੰਘਾ ਪਾਣੀ ਜਿਸ ਵਿਚੋਂ ਤਰ ਕੇ ਹੀ ਲੰਘਿਆ ਜਾ ਸਕੇ ।
ਧਾਤੁ = ਅਸਲਾ, ਖਮੀਰ ।
ਪੜਿਅਹਿ = ਪੜ੍ਹੇ ਜਾਣ ।
ਚਉਣਾ = ਗਾਈਆਂ ਦਾ ਵੱਗ ਜੋ ਪਿੰਡੋਂ ਬਾਹਰ ਘਾਹ ਚੁਗਣ ਲਈ ਛੱਡਿਆ ਜਾਂਦਾ ਹੈ ।
ਮਾਰਣਿ = ਮਾਰਨ ਲਈ, ਕੁਸ਼ਤਾ ਕਰਨ ਲਈ ।
ਢਹੈ = ਢਹਿ, ਢਲ ਕੇ ।
ਗੁਣ = ਖ਼ੋਆਂ, ਵਾਦੀਆਂ ।
ਵਿਣਾਸੁ = ਨੁਕਸਾਨ ।
    
Sahib Singh
ਤਾਰੂ ਪਾਣੀ ਮੱਛੀ ਨੂੰ ਕੀਹ ਕਰ ਸਕਦਾ ਹੈ ?
(ਭਾਵੇਂ ਕਿਤਨਾ ਹੀ ਡੂੰਘਾ ਹੋਵੇ ਮੱਛੀ ਨੂੰ ਪਰਵਾਹ ਨਹੀਂ) ।
ਆਕਾਸ਼ ਪੰਛੀ ਨੂੰ ਕੀਹ ਕਰ ਸਕਦਾ ਹੈ ?
(ਆਕਾਸ਼ ਕਿਤਨਾ ਹੀ ਖੁਲ੍ਹਾ ਹੋਵੇ ਪੰਛੀ ਨੂੰ ਪਰਵਾਹ ਨਹੀਂ) (ਪਾਣੀ ਆਪਣੀ ਡੂੰਘਾਈ ਦਾ ਤੇ ਆਕਾਸ਼ ਆਪਣੀ ਖੁਲ੍ਹਾ ਦਾ ਅਸਰ ਨਹੀਂ ਪਾ ਸਕਦਾ) ।
ਪਾਲਾ (ਕੱਕਰ) ਪੱਥਰ ਉਤੇ ਅਸਰ ਨਹੀਂ ਪਾ ਸਕਦਾ, ਘਰ ਦੇ ਵਸੇਬੇ ਦਾ ਅਸਰ ਖੁਸਰੇ (ਹੀਜੜੇ) ਉਤੇ ਨਹੀਂ ਪੈਂਦਾ ।
ਜੇ ਕੁੱਤੇ ਨੂੰ ਚੰਦਨ ਭੀ ਲਾ ਦੇਈਏ, ਤਾਂ ਭੀ ਉਸ ਦਾ ਅਸਲਾ ਕੁੱਤਿਆਂ ਵਾਲਾ ਹੀ ਰਹਿੰਦਾ ਹੈ ।
ਬੋਲੇ ਮਨੁੱਖ ਨੂੰ ਜੇ ਮੱਤਾਂ ਦੇਈਏ ਤੇ ਸਿੰਮਿ੍ਰਤੀਆਂ ਦੇ ਪਾਠ ਉਸ ਦੇ ਕੋਲ ਕਰੀਏ (ਉਹ ਤਾਂ ਸੁਣ ਹੀ ਨਹੀਂ ਸਕਦਾ) ।
ਅੰਨ੍ਹੇ ਮਨੁੱਖ ਨੂੰ ਚਾਨਣ ਵਿਚ ਰੱਖਿਆ ਜਾਏ, (ਉਸ ਦੇ ਪਾਸ ਭਾਵੇਂ) ਪੰਜਾਹ ਦੀਵੇ ਪਏ ਬਲਣ (ਉਸ ਨੂੰ ਕੁਝ ਨਹੀਂ ਦਿੱਸਣਾ) ।
ਚੁਗਣ ਗਏ ਪਸ਼ੂਆਂ ਦੇ ਵੱਗ ਅਗੇ ਜੇ ਸੋਨਾ ਖਿਲਾਰ ਦੇਈਏ, ਤਾਂ ਭੀ ਉਹ ਘਾਹ ਚੁਗ ਚੁਗ ਕੇ ਹੀ ਖਾਏਗਾ (ਸੋਨੇ ਦੀ ਉਸ ਨੂੰ ਕਦਰ ਨਹੀਂ ਪੈ ਸਕਦੀ) ।
ਲੋਹੇ ਦਾ ਕੁਸ਼ਤਾ ਕਰ ਦੇਈਏ, ਤਾਂ ਭੀ ਢਲ ਕੇ ਉਹ ਕਪਾਹ (ਵਰਗਾ ਨਰਮ) ਨਹੀਂ ਬਣ ਸਕਦਾ ।
ਹੇ ਨਾਨਕ! ਇਹੀ ਖ਼ੋਆਂ ਮੂਰਖ ਦੀਆਂ ਹਨ, ਕਿਤਨੀ ਮਤ ਦਿਓ, ਉਹ ਜਦੋਂ ਭੀ ਬੋਲਦਾ ਹੈ ਸਦਾ (ਉਹੀ ਬੋਲਦਾ ਹੈ ਜਿਸ ਨਾਲ ਕਿਸੇ ਦਾ) ਨੁਕਸਾਨ ਹੀ ਹੋਵੇ ।੬ ।
Follow us on Twitter Facebook Tumblr Reddit Instagram Youtube