ਮਃ ੧ ॥
ਵੇਖੁ ਜਿ ਮਿਠਾ ਕਟਿਆ ਕਟਿ ਕੁਟਿ ਬਧਾ ਪਾਇ ॥
ਖੁੰਢਾ ਅੰਦਰਿ ਰਖਿ ਕੈ ਦੇਨਿ ਸੁ ਮਲ ਸਜਾਇ ॥
ਰਸੁ ਕਸੁ ਟਟਰਿ ਪਾਈਐ ਤਪੈ ਤੈ ਵਿਲਲਾਇ ॥
ਭੀ ਸੋ ਫੋਗੁ ਸਮਾਲੀਐ ਦਿਚੈ ਅਗਿ ਜਾਲਾਇ ॥
ਨਾਨਕ ਮਿਠੈ ਪਤਰੀਐ ਵੇਖਹੁ ਲੋਕਾ ਆਇ ॥੨॥

Sahib Singh
ਮਿਠਾ = ਗੰਨਾ ।
ਕਟਿ ਕੁਟਿ = ਕੱਟ ਕੁੱਟ ਕੇ (ਭਾਵ,) ਵੱਢਣ ਤੋਂ ਪਿਛੋਂ ਬਾਕੀ ਦੀ ਤਿਆਰੀ ਕਰ ਕੇ, ਛਿੱਲ ਛਿੱਲ ਕੇ ।
ਪਾਇ = ਪਾ ਕੇ, ਰੱਸੀਆਂ ਪਾ ਕੇ ।
ਖੁੰਢਾ = ਵੇਲਣੇ ਦੀਆਂ ਲੱਠਾਂ ।
ਮਲ = ਮੱਲ, ਭਲਵਾਨ ।
ਰਸੁ ਕਸੁ = ਕੱਢੀ ਹੋਈ ਰਹੁ ।
ਟਟਰਿ = ਕੜਾਹੇ ਵਿਚ ।
ਸਮਾਲੀਐ = ਇਕੱਠਾ ਕਰ ਲਈਦਾ ਹੈ ।
ਮਿਠੈ = ਮਿੱਠੇ ਦੇ ਕਾਰਣ ।
ਪਤਰੀਐ = ਖ਼ੁਆਰ ਹੋਈਦਾ ਹੈ {ਸੰ: ਪ੍ਰ+ਤ੍ਰੀ, ਇਸ ਧਾਤੂ ਤੋਂ ‘ਪ੍ਰੇਰਣਾਰਥਕ ਕਿ੍ਰਆ’ ਦਾ ਰੂਪ ਹੈ ‘ਪ੍ਰਤਾਰੀਯ’ ਜਿਸ ਤੋਂ ਪੰਜਾਬੀ ਲਫ਼ਜ਼ ਹੈ ‘ਪਤਾਰਨਾ’ ।
    ਇਸ ਦਾ ਅਰਥ ਹੈ ‘ਖ਼ੁਆਰ ਕਰਨਾ, ਬਦਨਾਮ ਕਰਨਾ, ਧੋਖਾ ਦੇਣਾ ।‘ ਲਫ਼ਜ਼ ‘ਪਤਾਰੀਐ’ ‘ਕਿ੍ਰਆ ਹੈ ।
    ‘ਮਿਠੈ ਪਤਰੀਐ’ ਦਾ ਅਰਥ ‘ਮਿੱਠੇ ਪਤਰਾਂ ਵਾਲੇ ਨੂੰ’ ਗ਼ਲਤ ਹੈ, ਗੰਨੇ ਦੇ ਪਤਰਾਂ ਵਿਚ ਮਿਠਾਸ ਨਹੀਂ, ਮਿਠਾਸ ਤਾਂ ਗੰਨੇ ਵਿਚ ਹੈ, ਪੱਤਰ (ਛੋਈ) ਤਾਂ ਲਾਹ ਕੇ ਸੁੱਟ ਦੇਈਏ ਹਨ ।
    ਵੇਖੋ ‘ਕਉਨੁ ਕਉਨੁ ਨਹੀ ਪਤਰਿਆ’—ਬਿਲਾਵਲ ਮ: ੫ ।
    
Sahib Singh
(ਹੇ ਭਾਈ!) ਵੇਖ ਕਿ ਗੰਨਾ ਵੱਢੀਦਾ ਹੈ, ਛਿੱਲ ਛਿੱਲ ਕੇ, ਰੱਸੀ ਪਾ ਕੇ ਬੰਨ੍ਹ ਲਈਦਾ ਹੈ (ਭਾਵ, ਭਰੀਆਂ ਬੰਨ੍ਹ ਲਈਦੀਆਂ ਹਨ) ।
ਫਿਰ ਵੇਲਣੇ ਦੀਆਂ ਲੱਠਾਂ ਵਿਚ ਰੱਖ ਕੇ ਭਲਵਾਨ (ਭਾਵ, ਜ਼ਿਮੀਦਾਰ) ਇਸ ਨੂੰ (ਮਾਨੋ) ਸਜ਼ਾ ਦੇਂਦੇ ਹਨ (ਭਾਵ, ਪੀੜਦੇ ਹਨ) ।
ਸਾਰੀ ਰਹੁ ਕੜਾਹੇ ਵਿਚ ਪਾ ਲਈਦੀ ਹੈ, (ਅੱਗ ਦੇ ਸੇਕ ਨਾਲ ਇਹ ਰਹੁ) ਕੜ੍ਹਦੀ ਹੈ ਤੇ (ਮਾਨੋ) ਵਿਲਕਦੀ ਹੈ ।
(ਗੰਨੇ ਦਾ) ਉਹ ਫੋਗ (ਚੂਰਾ) ਭੀ ਸਾਂਭ ਲਈਦਾ ਹੈ ਤੇ (ਸੁਕਾ ਕੇ ਕੜਾਹੇ ਹੇਠ) ਅੱਗ ਵਿਚ ਸਾੜ ਦੇਈਦਾ ਹੈ ।
ਹੇ ਨਾਨਕ! (ਆਖ—) ਹੇ ਲੋਕੋ! ਆ ਕੇ (ਗੰਨੇ ਦਾ ਹਾਲ) ਵੇਖੋ, ਮਿੱਠੇ ਦੇ ਕਾਰਣ (ਮਾਇਆ ਦੀ ਮਿਠਾਸ ਦੇ ਮੋਹ ਦੇ ਕਾਰਨ ਗੰਨੇ ਵਾਂਗ ਇਉਂ ਹੀ) ਖ਼ੁਆਰ ਹੋਈਦਾ ਹੈ ।੨ ।
Follow us on Twitter Facebook Tumblr Reddit Instagram Youtube