ਪਵੜੀ ॥
ਬਦਫੈਲੀ ਗੈਬਾਨਾ ਖਸਮੁ ਨ ਜਾਣਈ ॥
ਸੋ ਕਹੀਐ ਦੇਵਾਨਾ ਆਪੁ ਨ ਪਛਾਣਈ ॥
ਕਲਹਿ ਬੁਰੀ ਸੰਸਾਰਿ ਵਾਦੇ ਖਪੀਐ ॥
ਵਿਣੁ ਨਾਵੈ ਵੇਕਾਰਿ ਭਰਮੇ ਪਚੀਐ ॥
ਰਾਹ ਦੋਵੈ ਇਕੁ ਜਾਣੈ ਸੋਈ ਸਿਝਸੀ ॥
ਕੁਫਰ ਗੋਅ ਕੁਫਰਾਣੈ ਪਇਆ ਦਝਸੀ ॥
ਸਭ ਦੁਨੀਆ ਸੁਬਹਾਨੁ ਸਚਿ ਸਮਾਈਐ ॥
ਸਿਝੈ ਦਰਿ ਦੀਵਾਨਿ ਆਪੁ ਗਵਾਈਐ ॥੯॥

Sahib Singh
ਬਦਫੈਲੀ = ਮੰਦੀ ਕਰਤੂਤ ।
ਗੈਬਾਨਾ = ਲੁਕ ਕੇ ।
ਕਲਹਿ = (ਜੋ ਸ਼ਾਂਤੀ ਦਾ ਨਾਸ ਕਰੇ) ਬਿਖਾਂਧ, ਝਗੜਾ ।
ਵਾਦੇ = ਝਗੜੇ ਵਿਚ ਹੀ ।
ਕੁਫਰ = ਝੂਠ ।
ਕੁਫਰਗੋਅ = ਝੂਠ ਬੋਲਣ ਵਾਲਾ ।
ਦਝਸੀ = ਸੜੇਗਾ ।
ਸੁਬਹਾਨੁ = ਸੁੰਦਰ ।
ਦੋਵੈ ਰਾਹ = (ਵੇਖੋ ਪਉੜੀ ਨੰ: ੮ ਵਿਚ) ਧਨ ਤੇ ਨਾਮ ।
    
Sahib Singh
(ਜੋ ਮਨੁੱਖ) ਲੁਕ ਕੇ ਪਾਪ ਕਮਾਂਦਾ ਹੈ ਤੇ ਮਾਲਕ ਨੂੰ (ਹਰ ਥਾਂ ਹਾਜ਼ਰ ਨਾਜ਼ਰ) ਨਹੀਂ ਸਮਝਦਾ, ਉਸ ਨੂੰ ਪਾਗਲ ਕਹਣਾ ਚਾਹੀਦਾ ਹੈ, ਉਹ ਆਪਣੇ ਅਸਲੇ ਨੂੰ ਪਛਾਣਦਾ ਨਹੀਂ ।
ਜਗਤ ਵਿਚ (ਵਿਕਾਰਾਂ ਦੀ)ਬਿਖਾਂਧ (ਐਸੀ) ਚੰਦਰੀ ਹੈ (ਵਿਕਾਰਾਂ ਵਿਚ ਪਿਆ ਮਨੁੱਖ ਵਿਕਾਰਾਂ ਦੇ) ਝੰਬੇਲੇ ਵਿਚ ਹੀ ਖਪਦਾ ਰਹਿੰਦਾ ਹੈ ਪ੍ਰਭੂ ਦਾ ਨਾਮ ਛੱਡ ਕੇ ਮੰਦ ਕਰਮ ਤੇ ਭਟਕਣਾ ਵਿਚ ਖ਼ੁਆਰ ਹੁੰਦਾ ਹੈ ।
(ਮਨੁੱਖਾ ਜੀਵਨ ਦੇ) ਦੋ ਰਸਤੇ ਹਨ (ਮਾਇਆ ਤੇ ਨਾਮ), ਇਸ (ਜੀਵਨ ਵਿਚ) ਉਹੀ ਕਾਮਯਾਬ ਹੁੰਦਾ ਹੈ ਜੋ (ਦੋਹਾਂ ਰਸਤਿਆਂ ਵਿਚੋਂ) ਇਕ ਪਰਮਾਤਮਾ ਨੂੰੂ ਚੇਤੇ ਰੱਖਦਾ ਹੈ, (ਨਹੀਂ ਤਾਂ) ਝੂਠ ਵਿਚ ਗ਼ਲਤਾਨ ਹੋਇਆ ਹੋਇਆ ਹੀ ਸੜਦਾ ਹੈ ।
ਜੋ ਮਨੁੱਖ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ ਜੁੜਿਆ ਹੋਇਆ ਹੈ, ਉਸ ਲਈ ਸਾਰਾ ਜਗਤ ਸੋਹਣਾ ਹੈ, ਉਹ ਖ਼ੁਦੀ ਮਿਟਾ ਕੇ ਪ੍ਰਭੂ ਦੇ ਦਰ ਤੇ ਪ੍ਰਭੂ ਦੀ ਦਰਗਾਹ ਵਿਚ ਸੁਰਖ਼ਰੂ ਹੁੰਦਾ ਹੈ ।੯ ।
Follow us on Twitter Facebook Tumblr Reddit Instagram Youtube