ਮਃ ੧ ॥
ਅਗੀ ਪਾਲਾ ਕਪੜੁ ਹੋਵੈ ਖਾਣਾ ਹੋਵੈ ਵਾਉ ॥
ਸੁਰਗੈ ਦੀਆ ਮੋਹਣੀਆ ਇਸਤਰੀਆ ਹੋਵਨਿ ਨਾਨਕ ਸਭੋ ਜਾਉ ॥
ਭੀ ਤੂਹੈ ਸਾਲਾਹਣਾ ਆਖਣ ਲਹੈ ਨ ਚਾਉ ॥੪॥

Sahib Singh
ਅਗੀ = ਅੱਗ, ਗਰਮੀਆਂ ਵਿਚ ਸੂਰਜ ਦੀ ਤਪਦੀ ਧੁੱਪ ਤੇ ਸੇਕ ।
ਪਾਲਾ = ਸਿਆਲੀ ਠੰਢ ।
ਵਾਉ = ਹਵਾ ।
ਮੋਹਣੀਆ = ਮਨ ਨੂੰ ਮੋਹ ਲੈਣ ਵਾਲੀਆਂ ।
ਜਾਉ = ਨਾਸਵੰਤ ।
    
Sahib Singh
(ਜੇ ਗਰਮੀਆਂ ਦੀ) ਧੁੱਪ ਤੇ (ਸਿਆਲ ਦਾ) ਪਾਲਾ ਮੇਰੇ (ਪਹਿਨਣ ਦਾ) ਕੱਪੜਾ ਹੋਣ (ਭਾਵ, ਜੇ ਮੈਂ ਨੰਗਾ ਰਹਿ ਕੇ ਧੁੱਪ ਤੇ ਪਾਲਾ ਭੀ ਸਹਾਰਾਂ), ਜੇ ਹਵਾ ਮੇਰੀ ਖ਼ੁਰਾਕ ਹੋਵੇ (ਭਾਵ, ਜੇ ਮੈਂ ਪਉਣ-ਅਹਾਰੀ ਹੋ ਜਾਵਾਂ, ਤਾਂ ਭੀ, ਹੇ ਪ੍ਰਭੂ! ਤੇਰੀ ਸਿਫ਼ਤਿ-ਸਾਲਾਹ ਦੇ ਸਾਹਮਣੇ ਇਹ ਤੁੱਛ ਹਨ) ।
ਜੇ ਸੁਰਗ ਦੀਆਂ ਅਪੱਛਰਾਂ ਭੀ ਮੇਰੇ ਘਰ ਵਿਚ ਹੋਣ ਤਾਂ ਭੀ, ਹੇ ਨਾਨਕ! ਇਹ ਤਾਂ ਨਾਸਵੰਤ ਹਨ (ਇਹਨਾਂ ਦੇ ਮੋਹ ਵਿਚ ਫਸ ਕੇ ਮੈਂ ਤੈਨੂੰ ਨਾਹ ਵਿਸਾਰਾਂ) ਤੇਰੀ ਹੀ ਸਿਫ਼ਤਿ-ਸਾਲਾਹ ਕਰਦਾ ਰਹਾਂ, ਤੇਰੀ ਵਡਿਆਈ ਕਰਨ ਦਾ ਮੇਰਾ ਚਾਉ ਨਾ ਮੁੱਕੇ ।੪ ।
Follow us on Twitter Facebook Tumblr Reddit Instagram Youtube